Punjab Teachers News: ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖਾਹ ’ਚ ਫਿਲਹਾਲ ਨਹੀਂ ਹੋਏਗੀ ਕਟੌਤੀ

Punjab Teachers News
Punjab Teachers News: ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖਾਹ ’ਚ ਫਿਲਹਾਲ ਨਹੀਂ ਹੋਏਗੀ ਕਟੌਤੀ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਿੱਤਾ ਡੀਟੀਐੱਫ ਨੂੰ ਭਰੋਸਾ, ਜਲਦ ਹੋਏਗਾ ਪੱਕੇ ਤੌਰ ’ਤੇ ਮਾਮਲਾ ਹੱਲ

Punjab Teachers News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੀਟੀਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਲਏ ਗਏ ਫੈਸਲੇ ਨੂੰ ਫਿਲਹਾਲ ਲਾਗੂ ਨਹੀਂ ਕੀਤਾ ਜਾਏਗਾ ਅਤੇ ਜਲਦ ਹੀ ਇਸ ਫੈਸਲੇ ਨੂੰ ਰੱਦ ਕਰਨ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਅਧਿਆਪਕਾਂ ਨਾਲ ਮੀਟਿੰਗ ਕਰਦੇ ਹੋਏ ਫੈਸਲਾ ਕੀਤਾ ਜਾਏਗਾ। ਸਿੱਖਿਆ ਵਿਭਾਗ ਨੂੰ ਤਨਖ਼ਾਹ ਕਟੌਤੀ ਵਾਲੇ ਫੈਸਲੇ ਨੂੰ ਰੋਕ ਲਾਉਣ ਦੇ ਆਦੇਸ਼ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਦਿੱਤੇ ਗਏ ਹਨ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਵਫ਼ਦ ਵੱਲੋਂ ਅਮਨ ਅਰੋੜਾ ਨਾਲ ਵੀਰਵਾਰ ਨੂੰ ਮੀਟਿੰਗ ਕੀਤੀ ਗਈ ਸੀ।

ਵੀਰਵਾਰ ਨੂੰ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਪੰਜਾਬ ਭਵਨ ਚੰਡੀਗੜ ਵਿਖੇ ਸਿੱਖਿਆ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮੀਟਿੰਗ ਕੀਤੀ ਗਈ ਸੀ। ਅਮਨ ਅਰੋੜਾ ਵੱਲੋਂ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨਾਲ ਮੌਕੇ ’ਤੇ ਗੱਲਬਾਤ ਕਰਨ ਉਪਰੰਤ ਸਿੱਖਿਆ ਵਿਭਾਗ ਦੇ ਇਸ ਫੈਸਲੇ ਨੂੰ ਫੌਰੀ ’ਸਟੇਅ’ ਕਰਨ ਅਤੇ ਆਉਣ ਵਾਲੇ ਸੋਮਵਾਰ ਨੂੰ ਡੀ.ਟੀ.ਐੱਫ. ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਪੱਕਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: Punjab Railway News: ਰੇਲਵੇ ਦੀ ਪੰਜਾਬ ’ਚ ਹੋਰ ਜ਼ਮੀਨ ਖਰੀਦਣ ਦੀ ਤਿਆਰੀ, ਨਵੀਂ ਰੇਲਵੇ ਲਾਈਨ ਲਈ ਸਰਵੇਖਣ ਹੋਇਆ ਪੂਰਾ

ਦਰਅਸਲ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਮਿਤੀ 8-11-2024 ਨੂੰ ਜਾਰੀ ਇੱਕ ਪੱਤਰ ਰਾਹੀਂ 12 ਸਾਲ ਪਹਿਲਾ ਦਾ ਇੱਕ ਹੋਰ ਪੱਤਰ ਵਾਪਿਸ ਲੈ ਕੇ ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖ਼ਾਹ ਰਵਿਜ਼ਨ ਅਤੇ ਰਿਕਵਰੀ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੇ ਵਿਰੋਧ ਵਿੱਚ ਡੀ.ਟੀ.ਐੱਫ. ਵੱਲੋਂ ਬੀਤੀ 15 ਦਸੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ।

ਜਿਸ ਤੋਂ ਬਾਅਦ ਅਮਨ ਅਰੋੜਾ ਨਾਲ ਜਥੇਬੰਦੀ ਦੀ ਹੋਈ ਮੀਟਿੰਗ ਵਿੱਚ ਉਨਾਂ ਵੱਲੋਂ ਇਸ ਫੈਸਲੇ ’ਤੇ ਰੋਕ ਲਗਾਉਣ ਦਾ ਭਰੋਸਾ ਦਿੱਤਾ ਸੀ। ਇਸੇ ਤਰਾਂ 8 ਜਨਵਰੀ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਵੀ ਹਰਪਾਲ ਚੀਮਾ ਵੱਲੋਂ ਮੌਕੇ ’ਤੇ ਮੌਜੂਦ ਸਕੂਲ ਸਿੱਖਿਆ ਸਕੱਤਰ ਨੂੰ ਇਸ ਮਾਮਲੇ ਵਿੱਚ ਕਿਸੇ ਤਰਾਂ ਦੀ ਰਿਕਵਰੀ ਜਾਂ ਤਨਖ਼ਾਹ ਫੇਰਬਦਲ ਕਰਨ ਤੋਂ ਵਰਜਿਆ ਗਿਆ ਸੀ। Punjab Teachers News

LEAVE A REPLY

Please enter your comment!
Please enter your name here