ਟੀਕਾਕਰਨ ਅਤੇ ਫਤਹਿ ਕਿੱਟ ਘਪਲੇ ਦੇ ਦੋਸ਼ ਗਲਤ, 100 ਫੀਸਦੀ ਖੜਾ ਹਾਂ ਅਧਿਕਾਰੀਆਂ ਨਾਲ
-
ਮਹਾਮਾਰੀ ਤੋਂ ਮੁਨਾਫਾਖੋਰੀ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ : ਅਮਰਿੰਦਰ ਸਿੰਘ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਵਿੱਚ ਫਤਹਿ ਕਿੱਟ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀ ਗਈ ਵੈਕਸੀਨ ਦੇ ਮਾਮਲੇ ਨੂੰ ਵੱਡਾ ਘਪਲਾ ਦੱਸ ਜਾਂਚ ਦੀ ਮੰਗ ਕਰ ਰਹੀ ਵਿਰੋਧੀ ਪਾਰਟੀਆਂ ਨੂੰ ਝਟਕਾ ਦਿੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਤਰਾਂ ਦੀ ਕੋਈ ਵੀ ਜਾਂਚ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਨਾਲ ਹੀ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਇਨਾਂ ਦੋੁੁਵਾਂ ਮਾਮਲਿਆ ਵਿੱਚ ਕਲੀਨ ਚਿੱਟ ਵੀ ਦੇ ਦਿੱਤੀ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕੋਈ ਘਪਲਾ ਹੋਇਆ ਹੀ ਨਹੀਂ ਹੈ ਤਾਂ ਜਾਂਚ ਕਿਸ ਗਲ ਦੀ ਕੀਤੀ ਜਾਵੇ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਿਰਫ਼ ਸਿਆਸਤ ਕਰ ਰਹੀਆ ਹਨ, ਜਿਸ ਵਿੱਚ ਰਤੀ ਭਰ ਵੀ ਸਚਾਈ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਮਾਮਲਿਆਂ ਉਤੇ ਉਹ ਆਪਣੇ ਅਧਿਕਾਰੀਆਂ ਨਾਲ 100 ਫੀਸਦੀ ਖੜੇ ਹਨ। ਉਨਾਂ ਕਿਹਾ ਕਿ ਸਾਰੇ ਸਹੀ ਕਦਮ ਚੁੱਕੇ ਗਏ ਅਤੇ ਵਿਰੋਧੀਆਂ ਦਾ ਰੌਲਾ-ਗੌਲਾ ਉਨਾਂ ਦੀ ਸਰਕਾਰ ਦੇ ਨੇਕ ਇਰਾਦੇ ਨੂੰ ਕਮਜੋਰ ਨਹੀਂ ਕਰ ਸਕਦਾ ਕਿਉਂ ਜੋ ਸੂਬਾ ਸਰਕਾਰ ਲੋਕਾਂ ਦੀਆਂ ਜਾਨਾਂ ਦੀ ਰਾਖੀ ਉਤੇ ਕੇਂਦਰਿਤ ਹੈ। ਉਨਾਂ ਕਿਹਾ ਕਿ ਸੂਬੇ ਦੇ ਡਾਕਟਰ ਅਤੇ ਅਫਸਰਸ਼ਾਹੀ ਬਹੁਤ ਹੀ ਔਖੇ ਦੌਰ ਵਿਚ ਜੰਗ ਲੜਨ ‘ਚ ਸ਼ਾਨਦਾਰ ਕਾਰਗੁਜਾਰੀ ਨਿਭਾਅ ਰਹੇ ਹਨ। ਉਨਾਂ ਐਲਾਨ ਕੀਤਾ ਕਿ ਪੰਜਾਬ ਇਸ ਵਾਇਰਸ ਨੂੰ ਹਰਾਏਗਾ। ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਾਮਾਰੀ ਤੋਂ ਮੁਨਾਫਾ ਕਮਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜਦਕਿ ਸਰਕਾਰ ਤਾਂ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਸਖਤ ਲੜਾਈ ਲੜ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।