ਜਲਵਾਯੂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨਾਲ ਸਖਤ ਕਾਰਵਾਈ ਹੋਵੇਗੀ: ਵਾਤਾਵਰਨ ਮੰਤਰੀ
- ਵਾਤਾਵਰਨ ਮੰਤਰੀ ਨੇ ਆਉਣ ਵਾਲੀਆਂ ਪੀੜੀਆਂ ਲਈ ਚੌਗਿਰਦੇ ਦੀ ਸੰਭਾਲ ਲਈ ਉਦਯੋਗਾਂ ਨੂੰ ਉਸਾਰੂ ਭੂਮਿਕਾ ਨਿਭਾਉਣ ਲਈ ਪ੍ਰੇਰਿਆ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਵਾਤਾਵਰਨ (Environment) ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਇਹ ਪੁਖਤਾ ਕਦਮ ਚੁੱਕਣ ਦਾ ਢੁਕਵਾਂ ਸਮਾਂ ਹੈ। ਇੱਥੇ ਪੰਜਾਬ ਪ੍ਰਦੂਸਣ ਰੋਕਥਾਮ ਬੋਰਡ ਦੇ ਦਫਤਰ ਵਿਖੇ ਪੰਜਾਬ ਪਬਲਿਕ ਵੇਸਟ ਮੈਨੇਜਮੈਂਟ ਸੁਸਾਇਟੀ ਨਾਲ ਸਬੰਧਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ‘‘ਚੌਗਿਰਦੇ ਦੀ ਸਾਂਭ-ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ। ਸਾਡਾ ਇਹ ਫਰਜ ਵੀ ਬਣਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮੇ ਸੰਭਾਲ ਕੇ ਰੱਖੀਏ ਅਤੇ ਸੁੱਧ ਵਾਤਾਵਰਨ ਰੱਖੀਏ।’’ (Environment)
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਵਾਸਤੇ ਉਦਯੋਗਿਕ ਵਿਕਾਸ ਲਈ ਵਚਨਬੱਧ ਹੈ ਪਰ ਇਸ ਦੇ ਨਾਲ ਹੀ ਵਾਤਾਵਰਨ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨਾਂ ਆਖਿਆ ਕਿ ਸੂਬਾ ਸਰਕਾਰ ਨੇ ਨਸ਼ਿਆਂ ਤੇ ਪ੍ਰਦੂਸ਼ਣ ਖਿਲਾਫ ਕੋਈ ਲਿਹਾਜ ਨਾ ਵਰਤਣ ਦੀ ਨੀਤੀ ਅਪਣਾਈ ਹੈ।

ਮੁੱਖ ਮੰਤਰੀ ਮਾਨ ਦਾ ਸੂਬੇ ਨੂੰ ‘ਹਰਿਆ ਭਰਿਆ ਪੰਜਾਬ’ ਬਣਾਉਣ ਦਾ ਮਿਸ਼ਨ ਹੋਵੇਗਾ ਪੂਰਾ
ਕੈਬਨਿਟ ਮੰਤਰੀ ਨੇ ਸੁਸਾਇਟੀ ਨੂੰ ਸਲਾਹ ਦਿੱਤੀ ਕਿ ਆਪਣੇ ਮੰਤਵ ਲਈ ਵੱਧ ਤੋਂ ਵੱਧ ਕੰਪਨੀਆਂ ਨੂੰ ਨਾਲ ਜੋੜਿਆ ਜਾਵੇ ਅਤੇ ਇਸ ਨੂੰ ਵਿੱਤੀ ਤੌਰ ਉਤੇ ਮਜ਼ਬੂਤ ਮਾਡਲ ਬਣਾਇਆ ਜਾਵੇ। ਉਨਾਂ ਕਿਹਾ ਕਿ ਲੋਕਾਂ ਵਿੱਚ ਇਸ ਬਾਰੇ ਵਿਆਪਕ ਜਾਗਰੂਕਤਾ ਦੀ ਲੋੜ ਹੈ ਤਾਂ ਕਿ ਇਸ ਨੂੰ ਜਨਤਕ ਲਹਿਰ ਬਣਾਇਆ ਜਾਵੇ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਨੂੰ ‘ਹਰਿਆ ਭਰਿਆ ਪੰਜਾਬ’ ਬਣਾਉਣ ਦਾ ਮਿਸਨ ਸਾਕਾਰ ਹੋਵੇਗਾ।
ਮੀਤ ਹੇਅਰ ਨੇ ਉਦਯੋਗਪਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਤਾਂ ਜੋ ਮਨੁੱਖੀ ਹੋਂਦ ਲਈ ਇਸ ਗੰਭੀਰ ਖਤਰੇ ਨੂੰ ਰੋਕਿਆ ਜਾ ਸਕੇ। ਇਸ ਗੰਭੀਰ ਮੁੱਦੇ ਨਾਲ ਨਜਿੱਠਣ ਲਈ ਆਪਣੇ ਵੱਲੋਂ ਸਹਿਯੋਗ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਨੇ ਬੋਰਡ ਦੇ ਮੈਂਬਰਾਂ ਨੂੰ ਪੇਸਕਸ ਕੀਤੀ ਕਿ ਜੇ ਉਹ ਸੂਬੇ ਵਿੱਚ ਕਿਤੇ ਵੀ ਸਫਾਈ ਲਈ ਕੋਈ ਪਹਿਲਕਦਮੀ ਕਰਨਗੇ ਤਾਂ ਉਹ ਉਨਾਂ ਦੀ ਸਫਾਈ ਮੁਹਿੰਮ ਵਿੱਚ ਹਿੱਸਾ ਲੈਣਗੇ।
ਪਿਛਲੇ 20-25 ਸਾਲਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕੀਤਾ
ਮੀਤ ਹੇਅਰ ਨੇ ਕਿਹਾ ਕਿ ਸਾਨੂੰ ਆਪਣੇ ਪੁਰਖਿਆਂ ਤੋਂ ਸਾਫ-ਸੁਥਰਾ ਵਾਤਾਵਰਨ ਮਿਲਿਆ ਹੈ ਪਰ ਪਿਛਲੇ 20-25 ਸਾਲਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕੀਤਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਲੋਕ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਨ ਨੂੰ ਸੰਭਾਲਣ ਦਾ ਤਹੱਈਆ ਕਰਨ।
ਇਸ ਤੋਂ ਪਹਿਲਾਂ ਵਾਤਾਰਨ ਮੰਤਰੀ ਨੂੰ ਲਗਭਗ ਪੰਜ ਸਾਲ ਪਹਿਲਾਂ ਬੋਰਡ ਦੁਆਰਾ ਬਣਾਈ ਇਸ ਸੁਸਾਇਟੀ ਦੇ ਕੰਮਕਾਜ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਕਿਹਾ ਗਿਆ ਕਿ ਇਹ ਬਹੁਪਰਤੀ ਪਲਾਸਟਿਕ ਨੂੰ ਇਕੱਠਾ ਕਰਨ ਅਤੇ ਨਿਪਟਾਰੇ ਲਈ ਪੂਰੇ ਦੇਸ਼ ਵਿੱਚ ਆਪਣੀ ਕਿਸਮ ਦੀ ਵਿਲੱਖਣ ਪਹਿਲਕਦਮੀ ਹੈ। ਸੁਸਾਇਟੀ ਨੇ ਮੰਤਰੀ ਨੂੰ ਪੈੱਨ ਹੋਲਡਰ, ਪੰਛੀਆਂ ਦਾ ਆਲਣਾ, ਬੋਰਡ ਅਤੇ ਪਲਾਸਟਿਕ ਦੇ ਕੂੜੇ ਤੋਂ ਬਣੇ ਹੋਰ ਉਤਪਾਦਾਂ ਤੋਂ ਇਲਾਵਾ ਜੂਟ ਅਤੇ ਕੱਪੜੇ ਦੇ ਥੈਲੇ ਵੀ ਭੇਂਟ ਕੀਤੇ। (Environment)
ਕੈਬਨਿਟ ਮੰਤਰੀ ਮੀਤ ਹੇਅਰ ਨੇ ਰਾਜ ਵਿੱਚ ਪਲਾਸਟਿਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਬੋਰਡ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ। ਉਨਾਂ ਬੋਰਡ ਅਤੇ ਸੁਸਾਇਟੀ ਨੂੰ ਪੰਜਾਬ ਭਰ ਵਿੱਚ ਐਮਐਲਪੀ ਸਬੰਧੀ ਆਪਣੀਆਂ ਗਤੀਵਿਧੀਆਂ ਨੂੰ ਵਧਾਉਣ ਦੇ ਨਾਲ-ਨਾਲ ਹੋਰ ਪਲਾਸਟਿਕ ਵੇਸਟ ਕੁਲੈਕਸਨ ਨੂੰ ਵੀ ਆਪਣੇ ਦਾਇਰੇ ਵਿੱਚ ਸ਼ਾਮਲ ਕਰਨ ਲਈ ਕਿਹਾ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਲੋਕਾਂ ਦੇ ਨਾਲ-ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ ਵਾਤਾਵਰਨ (Environment) ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੇ ਮੁੱਖ ਵਾਅਦਿਆਂ ਵਿੱਚੋਂ ਇਕ ਹੈ।
ਬੋਰਡ ਦੇ ਅਧਿਕਾਰੀਆਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ ਪਾਲ ਵਿਗ ਨੇ ਵਾਤਾਵਰਨ ਮੰਤਰੀ ਦੀ ਨਿੱਜੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਇੱਕ ਅਹਿਮ ਪਹਿਲੂ ਹੈ। ਮੀਟਿੰਗ ਦੌਰਾਨ ਬੋਰਡ ਦੇ ਮੈਂਬਰ ਸਕੱਤਰ ਇੰਜਨੀਅਰ ਕਰੁਨੇਸ ਗਰਗ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ। ਮੀਟਿੰਗ ਵਿੱਚ ਉਦਯੋਗਾਂ ਦੇ ਨੁਮਾਇੰਦੇ ਅਤੇ ਸੁਸਾਇਟੀ ਦੇ ਮੈਂਬਰ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














