ਕੋਰੋਨਾ ਦੇ ਸਰਗਰਮ ਮਾਮਲਿਆਂ ‘ਚ ਵਾਧਾ
ਨਵੀਂ ਦਿੱਲੀ। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ਇਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਕਮੀ ਆਉਣ ਨਾਲ ਸਰਗਰਮ ਮਾਮਲਿਆਂ ‘ਚ ਇੱਕ ਵਾਰ ਫਿਰ ਤੋਂ ਵਾਧਾ ਹੋਇਆ ਹੈ।
ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ਚ 1215 ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਗਿਣਤੀ ਵਧ ਕੇ 4,40,962 ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਸਰਗਰਮ ਮਾਮਲਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਸੀ ਪਰ ਸ਼ੁੱਕਰਵਾਰ ਨੂੰ ਇਸ ਗਿਣਤੀ ‘ਚ 491 ਦਾ ਵਾਧਾ ਹੋਇਆ ਸੀ ਜਦੋਂਕਿ ਸ਼ਨਿੱਚਰਵਾਰ ਨੂੰ 4047 ਦੀ ਕਮੀ ਆਈ ਸੀ। ਇਸ ਦੌਰਾਨ ਦੇਸ਼ ‘ਚ ਕੋਰੋਨਾ ਦੇ ਮਾਮਲੇ 90.95 ਲੱਖ ਤੋਂ ਪਾਰ ਹੋ ਗਏ ਹਨ ਪਰ ਰਾਹਤ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਤੇ ਰਿਕਵਰੀ ਦਰ ਵਧ ਕੇ 93.69 ‘ਤੇ ਆ ਗਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 45,209 ਨਵੇਂ ਮਾਮਲੇ ਸਾਹਮਣੇ ਆਏ ਤੇ ਕੋਰੋਨਾ ਮਰੀਜ਼ਾਂ ਦਾ ਅੰਕੜਾ 90.95 ਲੱਖ ਤੋਂ ਵੱਧ ਹੋ ਗਿਆ ਹੈ। ਇਸ ਦੌਰਾਨ 43,493 ਮਰੀਜ਼ ਠੀਕ ਹੋਏ ਹਨ ਜਿਨ੍ਹਾਂ ਨੂੰ ਮਿਲਾ ਕੇ ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ 85 ਲੱਖ ਤੋਂ ਪਾਰ ਹੋ ਕੇ 85.21 ਲੱਖ ਹੋ ਗਈ ਹੈ। ਇਸ ਦੌਰਾਨ 501 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,33,227 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ 4.85 ਫੀਸਦੀ ਜਦੋਂਕਿ ਮ੍ਰਿਤਕ ਦਰ ਵੀ 1.46 ਫੀਸਦੀ ‘ਤੇ ਬਣੀ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.