ਵਿਧਾਨ ਸਭਾ ਚੋਣਾਂ ’ਚ ਪੀਪੀਸੀਸੀ ਤੇ ਯੂਥ ਕਾਂਗਰਸ ਵਿਚਾਲੇ ਇਕਸੁਰਤਾ ਨਹੀਂ ਸੀ : ਬਰਿੰਦਰ ਢਿੱਲੋਂ

Congress Sachkahoon

‘ਰਾਜਾ ਵੜਿੰਗ ਸਾਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਵਾਲੇ, ਹੁਣ ਕਾਂਗਰਸ ਮੁੜ ਉੱਠੇਗੀ’

ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਸਬੰਧੀ ਵਰਕਰਾਂ ਨਾਲ ਕੀਤੀ ਮੀਟਿੰਗ

(ਗੁਰਪ੍ਰੀਤ ਸਿੰਘ) ਸੰਗਰੂਰ। ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਤੇ ਯੂਥ ਕਾਂਗਰਸ (Congress) ਵਿੱਚ ਇਕਸੁਰਤਾ ਨਹੀਂ ਰਹੀ ਜਿਸ ਕਾਰਨ ਕਾਂਗਰਸ ਨੂੰ ਪੰਜਾਬ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪ੍ਰਗਟਾਵਾ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਸ: ਢਿੱਲੋਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਹਨ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੂਬੇ ਵਿੱਚ ਮੁੱਖ ਕਾਂਗਰਸ ਤੇ ਯੂਥ ਕਾਂਗਰਸ (Congress ) ਵਿੱਚ ਵਿਚਾਰਕ ਵਖਰੇਵਾਂ ਰਿਹਾ ਹੈ, ਜੇਕਰ ਕਾਂਗਰਸ ਇਕਜੁਟ ਹੋ ਕੇ ਚੋਣਾਂ ਲੜਦੀ ਤਾਂ ਨਤੀਜੇ ਹੋਰ ਵੀ ਵਧੀਆ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਹਾਰ ਜਾਂ ਜਿੱਤ ਜ਼ਿੰਦਗੀ ਦਾ ਹਿੱਸਾ ਹਨ, ਹੁਣ ਅਸੀਂ ਦੁਬਾਰਾ ਨਵੇਂ ਸਿਰਿਓਂ ਜਥੇਬੰਦੀ ਦਾ ਆਰੰਭ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਵੱਡਾ ਅਸਰ ਹੋਵੇਗਾ ਕਿਉਂਕਿ ਉਹਨਾਂ ਨੇ ਪਹਿਲਾਂ ਆਲ ਇੰਡੀਆ ਯੂਥ ਕਾਂਗਰਸ ਦੀ ਕਮਾਨ ਸੰਭਾਲੀ ਹੋਈ ਹੈ, ਉਹ ਟਕਸਾਲੀ ਕਾਂਗਰਸੀਆਂ ਨਾਲ ਵੀ ਵਧੀਆ ਵਿਚਰਦੇ ਹਨ ਤੇ ਯੂਥ ਨਾਲ ਉਨ੍ਹਾਂ ਦੇ ਸਬੰਧ ਬੇਹੱਦ ਸੁਖਾਵੇਂ ਹਨ। Congress

ਉਨ੍ਹਾਂ ਕਿਹਾ ਕਿ ਹੁਣ ਅਸੀਂ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਹੋ ਰਹੀ ਚੋਣ ਦੇ ਮੱਦੇ ਨਜ਼ਰ ਮੀਟਿੰਗਾਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਕੋਲੋਂ ਯੂਥ ਦੇ ਕੋਟੇ ਵਿੱਚੋਂ ਟਿਕਟ ਨਹੀਂ ਮੰਗਦੇ ਕਿਉਂਕਿ ਪਹਿਲਾਂ ਬਹੁਤ ਕੁਝ ਮੰਗਿਆ ਜਾ ਚੁੱਕਿਆ ਹੈ, ਹੁਣ ਪਾਰਟੀ ਨੂੰ ਕੁਝ ਦੇਣ ਦੀ ਵਾਰੀ ਹੈ ਜਿਸ ਕਾਰਨ ਸਮੁੱਚੀ ਯੂਥ ਕਾਂਗਰਸ ਇਕਜੁਟਤਾ ਨਾਲ ਇਸ ਚੋਣ ਵਿੱਚ ਹਿੱਸਾ ਲਵੇਗੀ ਅਤੇ ਜੋ ਵੀ ਉਮੀਦਵਾਰ ਬਣਾਇਆ ਜਾਂਦਾ ਹੈ, ਉਸ ਦੀ ਡਟ ਕੇ ਹਮਾਇਤ ਕੀਤੀ ਜਾਵੇਗੀ। ਸ: ਢਿਲੋਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪ੍ਰਤੀ ਲੋਕਾਂ ਦਾ ਮਨ ਬਹੁਤ ਛੇਤੀ ਭਰ ਗਿਆ ਹੈ ਜਿਸ ਕਾਰਨ ਆਉਣ ਵਾਲੀਆਂ ਚੋਣਾਂ ਵਿੱਚ ਨਤੀਜੇ ਹੋਰ ਹੋਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਿਸ ਤਰੀਕੇ ਨਾਲ 5 ਮੈਂਬਰਾਂ ਨੂੰ ਰਾਜ ਸਭਾ ਭੇਜਿਆ ਗਿਆ ਹੈ, ਉਹ ਢੰਗ ਸਹੀ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਵੀ ਨਿਰਾਸ਼ਾ ਹੋਈ ਹੈ। ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਫ਼ਸਰਾਂ ਦੀ ਕਲਾਸ ਲੈਣ ਦੇ ਮਾਮਲੇ ’ਤੇ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਸੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਕਿ ਇਨ੍ਹਾਂ ਅਫ਼ਸਰਾਂ ਨੂੰ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਕੋਲ ਭੇਜਿਆ ਸੀ, ਸਬੰਧੀ ਬਿਆਨ ਦੇਣਾ ਵੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਹ ਦੱਸਣ ਕਿ ਜੇਕਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜਾਬ ਦੇ ਅਫ਼ਸਰਾਂ ਨੂੰ ਬੁਲਾਏ ਕੀ ਉਹ ਉਨ੍ਹਾਂ ਨੂੰ ਪੱਛਮੀ ਬੰਗਾਲ ਭੇਜ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ।ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਆਗੂ ਮਿੱਠੂ ਲੱਡਾ, ਸਾਜਨ ਕਾਂਗੜਾ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਕਾਂਗੜਾ ਤੋਂ ਇਲਾਵਾ ਹੋਰ ਵੀ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ