ਨਵੀਂ ਦਿੱਲੀ, (ਏਜੰਸੀ)। ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਸ ‘ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਮਾਮਲੇ ‘ਚ ਪੁਲਿਸ ਨੇ ਦੋ ਦਿਨ ਪਹਿਲਾਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਨਕਸਲੀ ਦੱਸ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।
ਪੁਲਿਸ ਨੇ ਇਨ੍ਹਾਂ ‘ਚੋਂ ਇੱਕ ਕੋਲੋਂ ਇੱਕ ਚਿੱਠੀ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ, ਜਿਸ ‘ਚ ਰਾਜੀਵ ਗਾਂਧੀ ਕਤਲ ਕਾਂਡ ਵਰਗੀ ਘਟਨਾ ਨੂੰ ਅੰਜਾਮ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਨ ਦਾ ਸੰਕੇਤ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦਾ ਦੋਸ਼ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕ ਦਲਿਤ ਹਿੱਤਾਂ ਲਈ ਕੰਮ ਕਰਨ ਵਾਲੇ ਵਰਕਰ ਹਨ ਤੇ ਉਨ੍ਹਾਂ ਨਕਸਲੀ ਦੱਸ ਕੇ ਫਸਾਇਆ ਜਾ ਰਿਹਾ ਹੈ।
ਕਾਂਗਰਸ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਗੰਭੀਰ ਮਾਮਲਾ ਹੈ ਤੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਅੱਤਵਾਦ, ਨਕਸਲਵਾਦ ਤੇ ਦਹਿਸ਼ਤਵਾਦ ਦੇ ਦੁੱਖ ਨੂੰ ਬਾਖੂਬੀ ਸਮਝਦੀ ਹੈ। ਪਾਰਟੀ ਨੇ ਮਹਾਤਮਾ ਗਾਂਧੀ, ਇੰਦਰਾਂ ਗਾਂਧੀ, ਰਾਜੀਵ ਗਾਂਧੀ, ਸ. ਬੇਅੰਤ ਸਿੰਘ, ਵਿੱਦਿਆਚਰਨ ਸ਼ੁਕਲ, ਨੰਦ ਕੁਮਾਰ ਪਟੇਲ ਤੇ ਹੋਰ ਕਈ ਆਗੂਆਂ ਦਾ ਬਲੀਦਾਨ ਦਿੱਤਾ ਹੈ।