ਕੋਰੋਨਾ ਵਾਇਰਸ ਦੇ ਫੈਲਣ ਦਾ ਸਬੱਬ ਮਿਲਣ ਦਾ ਤਰੀਕਾ ਵੀ ਹੋ ਸਕਦੈ
coronavirus | ਵਿਸ਼ਵ ਦੇ ਤਕਰੀਬਨ ਸਾਰੇ ਹੀ ਮੁਲਕ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦੀ ਮਾਰ ਨਾਲ ਜੂਝ ਰਹੇ ਹਨ। ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੌਲੀ-ਹੌਲੀ ਸਾਰੇ ਮੁਲਕਾਂ ‘ਚ ਆਪਣਾ ਕਹਿਰ ਵਰਤਾਉਂਦਾ ਜਾ ਰਿਹਾ ਹੈ। ਚੀਨ ‘ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2981 ਹੋ ਗਈ ਹੈ ਜਦਕਿ ਵਿਸ਼ਵ ਪੱਧਰ ‘ਤੇ ਇਹ ਅੰਕੜਾ 3123 ਤੱਕ ਪੁੱਜ ਗਿਆ ਹੈ। ਚੀਨ ਦੇ ਕੌਮੀ ਸਿਹਤ ਕਮਿਸ਼ਨ ਅਨੁਸਾਰ ਮੁਲਕ ‘ਚ 80270 ਲੋਕ ਇਸ ਵਾਇਰਸ ਤੋਂ ਪੀੜਤ ਹਨ ਜਦਕਿ ਵਿਸ਼ਵ ਪੱਧਰ ‘ਤੇ ਪੀੜਤ ਲੋਕਾਂ ਦੀ ਗਿਣਤੀ 91783 ਦੱਸੀ ਗਈ ਹੈ। ਇਸ ਵਾਇਰਸ ਤੋਂ ਪੀੜਤ ਮੁਲਕਾਂ ‘ਚ ਅਗਲਾ ਨੰਬਰ ਇਟਲੀ ਅਤੇ ਇਰਾਨ ਦਾ ਦੱਸਿਆ ਜਾ ਰਿਹਾ ਹੈ। ਇਟਲੀ ‘ਚ ਮਰਨ ਵਾਲਿਆਂ ਦੀ ਗਿਣਤੀ 107 ਦੱਸੀ ਜਾ ਰਹੀ ਹੈ। ਇਰਾਨ ‘ਚ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 92 ਹੋ ਗਿਆ ਹੈ। ਇਰਾਕ ‘ਚ ਵੀ ਇਸ ਵਾਇਰਸ ਨਾਲ ਮੌਤ ਹੋਣ ਦੀ ਖਬਰ ਹੈ।
ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮੁਲਕਾਂ ‘ਚ ਹਫੜਾ-ਦਫੜੀ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਟਲੀ ‘ਚ ਬੀਤੇ ਬੁੱਧਵਾਰ ਨੂੰ ਕੇਵਲ ਇੱਕੋ ਦਿਨ ‘ਚ ਅਠਾਈ ਮੌਤਾਂ ਹੋ ਜਾਣ ਨਾਲ ਲੋਕ ਬੇਹੱਦ ਡਰੇ ਹੋਏ ਹਨ। ਇਸ ਵਾਇਰਸ ਨਾਲ ਇੱਕ ਦਿਨ ‘ਚ ਹੋਣ ਵਾਲੀਆਂ ਮੌਤਾਂ ਦਾ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਟਲੀ ‘ਚ ਤਿੰਨ ਹਜ਼ਾਰ ਤੋਂ ਜਿਆਦਾ ਲੋਕ ਇਸ ਵਾਇਰਸ ਤੋਂ ਪੀੜਤ ਦੱਸੇ ਜਾ ਰਹੇ ਹਨ। ਇਟਲੀ ਨੇ ਪੰਦਰਾਂ ਮਾਰਚ ਤੱਕ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਨਾਲ-ਨਾਲ ਬਹੁਤ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਹਨ। ਵਿਸ਼ਵ ਪੱਧਰ ‘ਤੇ ਬਹੁਤ ਸਾਰੀਆਂ ਉਡਾਣਾਂ ਦੇ ਰੂਟਾਂ ‘ਚ ਤਬਦੀਲੀ ਕਰਨ ਦੇ ਨਾਲ-ਨਾਲ ਪ੍ਰਭਾਵਿਤ ਮੁਲਕਾਂ ਤੋਂ ਆਉਣ ਵਾਲੇ ਯਾਤਰੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਭਾਰਤ ‘ਚ ਵੀ ਇਸ ਖਤਰਨਾਕ ਵਾਇਰਸ ਦੀ ਦਸਤਕ ਹੋਣ ‘ਤੇ ਕੇਂਦਰ ਅਤੇ ਸੂਬਾ ਸਰਕਾਰਾਂ ਚੁਕੰਨੀਆਂ ਹੋ ਗਈਆਂ ਹਨ। ਭਾਰਤ ‘ਚ ਹੁਣ ਤੱਕ ਉਨੱਤੀ ਮਾਮਲਿਆਂ ਦੀ ਪੁਸ਼ਟੀ ਹੋਣ ਦੀਆਂ ਖਬਰਾਂ ਹਨ ਜਦਕਿ ਅਫਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਲੋਕ ਬਾਹਰਲੇ ਮੁਲਕਾਂ ਦੇ ਯਾਤਰੂਆਂ ਨਾਲ ਮਿਲਣ ਤੋਂ ਕੰਨੀ ਕਤਰਾਉਣ ਲੱਗੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ ‘ਚ ਆਏ ਇਟਲੀ ਦੇ ਸੈਲਾਨੀਆਂ ਤੋਂ ਲੋਕ ਕਾਫੀ ਭੈਅਭੀਤ ਹਨ।
ਡਾਕਟਰਾਂ ਅਨੁਸਾਰ ਕੋਰੋਨਾ ਇੱਕ-ਦੂਜੇ ਤੋਂ ਅੱਗੇ ਦੀ ਅੱਗੇ ਫੈਲਣ ਵਾਲਾ ਵਾਇਰਸ ਹੈ। ਪੀੜਤ ਦੇ ਸੰਪਰਕ ‘ਚ ਆਉਣ ਵਾਲਾ ਵੀ ਇਸ ਦੀ ਗ੍ਰਿਫਤ ‘ਚ ਆ ਜਾਂਦਾ ਹੈ। ਡਾਕਟਰਾਂ ਵੱਲੋਂ ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਸੁਝਾਏ ਜਾ ਰਹੇ ਤਰੀਕਿਆਂ ਵਿੱਚੋਂ ਮੂੰਹ ‘ਤੇ ਮਾਸਕ ਪਹਿਨਣ ਅਤੇ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਜਾ ਰਿਹਾ ਹੈ। ਦੂਸਰਿਆਂ ਦਾ ਮੋਬਾਇਲ ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਜਾ ਰਿਹਾ ਹੈ। ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣਾ ਵੀ ਖਤਰਨਾਕ ਸਿੱਧ ਹੋ ਸਕਦਾ ਹੈ।
ਭਾਰਤ ‘ਚ ਇਸੇ ਵਾਇਰਸ ਦੀ ਮਾਰ ਦੇ ਮੱਦੇਨਜ਼ਰ ਹੋਲੀ ਉਤਸਵ ਰੱਦ ਕੀਤੇ ਜਾਣ ਦੀਆਂ ਖਬਰਾਂ ਹਨ। ਕਈ ਸਰਕਾਰੀ ਅਦਾਰਿਆਂ ‘ਚ ਬਾਇਓਮੈਟ੍ਰਿਕ ਮਸ਼ੀਨਾਂ ਨਾਲ ਲੱਗ ਰਹੀ ਹਾਜ਼ਰੀ ਵੀ ਖਤਰਨਾਕ ਦੱਸੀ ਜਾ ਰਹੀ ਹੈ ਅਤੇ ਸਰਕਾਰ ਨੇ ਬਾਇਓਮੈਟ੍ਰਿਕ ਹਾਜ਼ਰੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਹੈ ਵੱਖ-ਵੱਖ ਲੋਕਾਂ ਵੱਲੋਂ ਇੱਕੋ ਜਗ੍ਹਾ ਉਂਗਲੀ ਜਾਂ ਅੰਗੂਠਾ ਆਦਿ ਲਾਉਣ ਨਾਲ ਇਸ ਵਾਇਰਸ ਦੇ ਫੈਲਣ ਦੀਆਂ ਸੰਭਾਵਨਾਵਾਂ ਕਾਫੀ ਵਧਣ ਬਾਰੇ ਕਿਹਾ ਜਾ ਰਿਹਾ ਹੈ।
ਡਾਕਟਰਾਂ ਵੱਲੋਂ ਕੋਰੋਨਾ ਵਾਇਰਸ ਫੈਲਣ ਦੇ ਕਾਰਨਾਂ ਬਾਰੇ ਦੱਸਣ ਦੇ ਨਾਲ-ਨਾਲ ਇਸ ਤੋਂ ਬਚਾਅ ਬਾਰੇ ਵੀ ਦੱਸਿਆ ਜਾ ਰਿਹਾ ਹੈ। ਵਿਸ਼ਵ ਭਰ ਦੇ ਡਾਕਟਰਾਂ ਅਨੁਸਾਰ ਇਸ ਵਾਇਰਸ ਦਾ ਪਰਹੇਜ਼ ਵਿੱਚ ਹੀ ਇਲਾਜ਼ ਹੈ।
ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੇ ਇਸ ਵਾਇਰਸ ਤੋਂ ਬਚਾਅ ਲਈ ਖੁੱਲ੍ਹੇ ‘ਚ ਥੁੱਕਣਾ ਅਤੇ ਛਿੱਕ ਮਾਰਨਾ ਬੇਹੱਦ ਖਤਰਨਾਕ ਦੱਸਿਆ ਜਾ ਰਿਹਾ ਹੈ। ਆਪਸ ‘ਚ ਮਿਲਣ ਦੇ ਤੌਰ-ਤਰੀਕੇ ਵੀ ਇਸ ਵਾਇਰਸ ਦੇ ਫੈਲਾਅ ਦਾ ਕਾਰਨ ਬਣਦੇ ਦੱਸੇ ਜਾ ਰਹੇ ਹਨ। ਡਾਕਟਰਾਂ ਅਨੁਸਾਰ ਹੱਥ ਮਿਲਾਉਣਾ ਜਾਂ ਦੂਜਿਆਂ ਨੂੰ ਜੱਫੀ ਪਾ ਕੇ ਮਿਲਣਾ ਵੀ ਖਤਰਨਾਕ ਸਿੱਧ ਹੋ ਸਕਦਾ ਹੈ। ਕੋਰੋਨਾ ਤੋਂ ਪ੍ਰਭਾਵਿਤ ਕਈ ਇਸਲਾਮਿਕ ਮੁਲਕਾਂ ਵੱਲੋਂ ਜੱਫੀ ਪਾ ਕੇ ਅਤੇ ਗਲੇ ਮਿਲਣ ‘ਤੇ ਪਾਬੰਦੀ ਲਾਉਂਦਿਆਂ ਸਿਰਫ ਦੂਰੋਂ ਹੀ ਮਿਲਣ ਲਈ ਕਿਹਾ ਜਾ ਰਿਹਾ ਹੈ।
ਕੋਰੋਨਾ ਵਾਇਰਸ ਦੇ ਡਰ ਤੋਂ ਮਿਲਣ ਦੇ ਤੌਰ-ਤਰੀਕਿਆਂ ‘ਚ ਤਬਦੀਲੀ ਕਰਨ ਦੀਆਂ ਸਲਾਹਾਂ ਦੇ ਰਹੇ ਵਿਸ਼ਵ ਭਰ ਦੇ ਡਾਕਟਰ ਇੱਕ ਤਰ੍ਹਾਂ ਨਾਲ ਸਿੱਖੀ ਸਿਧਾਂਤਾਂ ਅਨੁਸਾਰ ਦੂਰੋਂ ਫਤਿਹ ਬੁਲਾ ਕੇ ਮਿਲਣ ਦੇ ਤਰੀਕੇ ਨੂੰ ਸਹੀ ਮੰਨ ਰਹੇ ਹਨ। ਵਰਨਣਯੋਗ ਹੈ ਕਿ ਵਿਸ਼ਵ ਦੇ ਬਹੁਤ ਸਾਰੇ ਮੁਲਕਾਂ ‘ਚ ਇੱਕ-ਦੂਜੇ ਨੂੰ ਗਲੇ ਮਿਲਣ ਦਾ ਰਿਵਾਜ਼ ਪ੍ਰਚਲਿਤ ਹੈ। ਪੱਛਮੀ ਮੁਲਕਾਂ ‘ਚ ਤਾਂ ਇਹ ਰਿਵਾਜ਼ ਆਮ ਹੈ। ਹੱਥ ਮਿਲਾ ਕੇ ਮਿਲਣ ਦੀ ਪ੍ਰਥਾ ਤਾਂ ਵਿਸ਼ਵ ਦੇ ਬਹੁਗਿਣਤੀ ਮੁਲਕਾਂ ‘ਚ ਪ੍ਰਵਾਨਿਤ ਹੈ। ਆਪਸ ‘ਚ ਮਿਲਣ ਦੇ ਇਹ ਸਾਰੇ ਹੀ ਤਰੀਕੇ ਡਾਕਟਰਾਂ ਵੱਲੋਂ ਕੋਰੋਨਾ ਵਾਇਰਸ ਦੇ ਫੈਲ਼ਣ ਦਾ ਕਾਰਨ ਦੱਸੇ ਗਏ ਹਨ।
ਸ਼ਕਤੀ ਨਗਰ, ਬਰਨਾਲਾ।
ਮੋ. 98786-05965
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।