![Chandigarh-News Chandigarh News](https://sachkahoonpunjabi.com/wp-content/uploads/2025/02/Chandigarh-News-696x406.jpg)
Chandigarh News: ਜ਼ਿਆਦਾਤਰ ਕੈਬਨਿਟ ਮੰਤਰੀ ਵੀ ਇਸ ਸਾਲ ਦਫ਼ਤਰ ਵਿੱਚ ਆਉਣਗੇ ਪਹਿਲੀ ਵਾਰ
Chandigarh News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਿਵਲ ਸਕੱਤਰੇਤ ਦੀ ਚਹਿਲ ਪਹਿਲ ਇੱਕ ਵਾਰ ਫਿਰ ਅੱਜ ਤੋਂ ਵਾਪਸ ਆਉਣ ਜਾ ਰਹੀ ਹੈ, ਕਿਉਂਕਿ ਦਿੱਲੀ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਜ਼ਿਆਦਾਤਰ ਕੈਬਨਿਟ ਮੰਤਰੀ ਅੱਜ ਸਿਵਲ ਸਕੱਤਰੇਤ ਵਿਖੇ ਪੁੱਜਣ ਵਾਲੇ ਹਨ। ਕਈ ਕੈਬਨਿਟ ਮੰਤਰੀ ਤਾਂ ਇਸ ਨਵੇਂ ਵਰੇ ਵਿੱਚ ਪਹਿਲੀ ਵਾਰ ਹੀ ਆਪਣੇ ਦਫ਼ਤਰ ਵਿੱਚ ਆਉਂਦੇ ਦਿਖਾਈ ਦੇਣਗੇ, ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਦਿੱਲੀ ਵਿਖੇ ਹੀ ਬਿਤਾਇਆ ਹੈ।
Read Also : Vice President: ਉੱਪ ਰਾਸ਼ਟਰਪਤੀ ਨੇ ਕਿਸਾਨਾਂ ਲਈ ਆਖੀ ਵੱਡੀ ਗੱਲ
ਇਸ ਸੂਚੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ, ਜਿਹੜੇ ਕਿ ਨਵੇਂ ਵਰੇ੍ਹ ਦੌਰਾਨ ਪਹਿਲੀ ਵਾਰ ਸਿਵਲ ਸਕੱਤਰੇਤ ਵਿੱਚ ਸਥਿਤ ਆਪਣੇ ਦਫ਼ਤਰ ਵਿੱਚ ਦਿਖਾਈ ਦੇਣਗੇ, ਹਾਲਾਂਕਿ ਭਗਵੰਤ ਮਾਨ ਵੱਲੋਂ ਆਪਣਾ ਜ਼ਿਆਦਾਤਰ ਕੰਮ ਆਪਣੇ ਕੈਂਪ ਆਫਿਸ ਵਿੱਚੋਂ ਹੀ ਚਲਾਇਆ ਜਾਂਦਾ ਹੈ ਤਾਂ ਉਹ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਵੀ ਭਗਵੰਤ ਮਾਨ ਨੇ ਆਪਣੇ ਕੈਂਪ ਆਫਿਸ ਵਿੱਚ ਬੈਠ ਕੇ ਹੀ ਦਰਜ਼ਨ ਭਰ ਮੀਟਿੰਗਾਂ ਵੀ ਕੀਤੀਆਂ ਹਨ ਪਰ ਸਕੱਤਰੇਤ ਵਿੱਚ ਸਥਿਤ ਦਫ਼ਤਰ ਦੀ ਫੇਰੀ 13 ਫਰਵਰੀ ਨੂੰ ਪਹਿਲੀ ਵਾਰ ਹੀ ਲਾਉਣ ਜਾ ਰਹੇ ਹਨ।
ਦਿੱਲੀ ਚੋਣਾਂ ਕਰਕੇ ਜ਼ਿਆਦਾਤਰ ਸਮਾਂ ਦਿੱਲੀ ਵਿਖੇ ਹੀ ਬਿਤਾਇਆ, ਦਫ਼ਤਰ ਵਿੱਚ ਨਹੀਂ ਦਿੱਤਾ ਗਿਆ ਸਮਾਂ | Chandigarh News
13 ਫਰਵਰੀ ਵੀਰਵਾਰ ਨੂੰ ਕੈਬਨਿਟ ਦੀ ਮੀਟਿੰਗ ਸਿਵਲ ਸਕੱਤਰੇਤ ਵਿਖੇ ਹੀ ਰੱਖੀ ਗਈ ਹੈ ਵੀਰਵਾਰ ਨੂੰ ਸਾਰੇ ਕੈਬਨਿਟ ਮੰਤਰੀਆਂ ਦੀ ਆਪਣੇ-ਆਪਣੇ ਦਫ਼ਤਰ ਵਿੱਚ ਹਾਜ਼ਰੀ ਲੱਗ ਜਾਵੇਗੀ, ਜਦੋਂ ਕਿ ਉਸ ਤੋਂ ਪਹਿਲਾਂ ਵੀ 3 ਕੰਮਕਾਜ਼ੀ ਦਿਨਾਂ ਮੌਕੇ ਕਈ ਕੈਬਨਿਟ ਮੰਤਰੀ ਆਪਣੇ-ਆਪਣੇ ਦਫ਼ਤਰ ਵਿੱਚ ਪੁੱਜ ਸਕਦੇ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਸਥਿਤ ਸਿਵਲ ਸਕੱਤਰੇਤ ਵਿੱਚ ਹੀ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਆਈਏਐੱਸ ਅਧਿਕਾਰੀਆਂ ਦੇ ਦਫ਼ਤਰ ਹਨ।
ਆਮ ਤੌਰ ’ਤੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਵੱਲੋਂ ਆਪਣੇ ਆਪਣੇ ਦਫ਼ਤਰ ਵਿੱਚ ਬੈਠ ਕੇ ਹੀ ਵਿਭਾਗਾਂ ਦੀ ਮੀਟਿੰਗ ਕਰਨ ਦੇ ਨਾਲ ਹੀ ਆਮ ਲੋਕਾਂ ਨੂੰ ਮਿਲਿਆ ਜਾਂਦਾ ਹੈ ਪਰ ਪਿਛਲੇ ਡੇਢ ਦੋ ਮਹੀਨੇ ਤੋਂ ਕੈਬਨਿਟ ਮੰਤਰੀ ਆਪਣੇ ਦਫ਼ਤਰ ਵਿੱਚ ਆ ਹੀ ਨਹੀਂ ਰਹੇ ਸਨ। ਜਿਸ ਕਾਰਨ ਪੰਜਾਬ ਦੇ ਕਈ ਵਿਭਾਗਾਂ ਦੀ ਅਹਿਮ ਮੀਟਿੰਗਾਂ ਨਹੀਂ ਹੋ ਰਹੀਆ ਸਨ ਅਤੇ ਕੈਬਨਿਟ ਮੀਟਿੰਗ ਤੱਕ ਲਟਕਦੀ ਨਜ਼ਰ ਆ ਰਹੀ ਸੀ।
ਹੁਣ ਦਿੱਲੀ ਚੋਣਾਂ ਦੇ ਖ਼ਤਮ ਹੁੰਦੇ ਸਾਰ ਹੀ 13 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਇਸ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਵੱਲੋਂ ਅਗਲੇ ਦਿਨਾਂ ਵਿੱਚ ਆਪਣੇ-ਆਪਣੇ ਦਫ਼ਤਰਾਂ ਵਿੱਚ ਵਿਭਾਗੀ ਕੰਮ ਕਰਦੇ ਨਜ਼ਰ ਆਉਣਗੇ।
ਫਰਵਰੀ ਵਿੱਚ ਤੀਜੀ ਵਾਰ ਬਦਲੀ ਗਈ ਕੈਬਨਿਟ ਦੀ ਤਾਰੀਖ਼
ਪੰਜਾਬ ਕੈਬਨਿਟ ਦੀ ਮੀਟਿੰਗ ਲਈ ਫਰਵਰੀ ਮਹੀਨੇ ਵਿੱਚ ਤੀਜੀ ਵਾਰ ਤਾਰੀਖ਼ ਨੂੰ ਬਦਲ ਦਿੱਤਾ ਗਿਆ ਹੈ। ਪਹਿਲਾਂ ਕੈਬਨਿਟ ਦੀ ਮੀਟਿੰਗ 6 ਫਰਵਰੀ ਨੂੰ ਕੀਤੀ ਜਾਣੀ ਸੀ ਪਰ ਇਸ ਕੈਬਨਿਟ ਮੀਟਿੰਗ ਦੀ ਤਾਰੀਖ਼ ਨੂੰ ਬਦਲ ਕੇ 10 ਫਰਵਰੀ ਕਰ ਦਿੱਤਾ ਗਿਆ ਸੀ। ਹੁਣ ਜਦੋਂ ਕੈਬਨਿਟ ਮੀਟਿੰਗ ਨੂੰ ਸਿਰਫ਼ ਕੁਝ ਘੰਟਿਆਂ ਦਾ ਹੀ ਸਮਾਂ ਬਾਕੀ ਰਹਿ ਗਿਆ ਸੀ ਤਾਂ ਕੈਬਨਿਟ ਮੀਟਿੰਗ ਦੀ ਤਾਰੀਖ਼ ਬਦਲ ਕੇ 13 ਫਰਵਰੀ ਕਰ ਦਿੱਤੀ ਗਈ ਹੈ। 4 ਮਹੀਨਿਆਂ ਮਗਰੋਂ ਹੋਣ ਜਾ ਰਹੀ ਇਸ ਕੈਬਨਿਟ ਮੀਟਿੰਗ ਦੀ ਤਾਰੀਖ਼ ਨੂੰ ਤੀਜੀ ਵਾਰ ਬਦਲ ਦਿੱਤਾ ਗਿਆ ਹੈ।