ਸੰਗਤ ਮੰਡੀ (ਮਨਜੀਤ ਨਰੂਆਣਾ) ਪਿੰਡ ਤਿਉਣਾ ਵਿਖੇ ਬੀਤੀ ਰਾਤ ਚੋਰਾਂ ਨੇ ਸਹਿਕਾਰੀ ਕੋ-ਆਪਰੇਟਿਵ ਬੈਂਕ ‘ਚ ਦਾਖਲ ਹੋ ਕੇ ਬੈਂਕ ‘ਚੋਂ ਸਾਢੇ 14 ਲੱਖ ਰੁਪਏ ਤੋਂ ਜ਼ਿਆਦਾ ਦਾ ਕੈਸ਼ ਚੋਰੀ ਕਰ ਲਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸਵੇਰੇ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ. ਹੁਕਮ ਚੰਦ ਤੇ ਥਾਣਾ ਸਦਰ ਦੇ ਮੁਖੀ ਸੰਦੀਪ ਭਾਟੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।
ਬੈਂਕ ਦੇ ਮੈਨੇਜਰ ਮਨਦੀਪ ਅਨੁਸਾਰ ਬੀਤੀ ਰਾਤ ਚੋਰ ਬੈਂਕ ਦਾ ਜੰਗਲਾ ਤੋੜ ਕੇ ਬੈਂਕ ‘ਚ ਦਾਖਲ ਹੋਏ ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਬੈਂਕ ‘ਚ ਦਾਖਲ ਹੋ ਕੇ ਜਿੱਥੇ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕੀਤੀ ਉੱਥੇ ਬੈਂਕ ਦੇ ਸਾਫਟਵੇਅਰ ਦੀਆਂ ਤਾਰਾਂ ਨੂੰ ਵੀ ਕੈਂਚੀ ਨਾਲ ਕੱਟ ਦਿੱਤਾ ਗਿਆ ਤੇ ਬੈਂਕ ‘ਚੋਂ 14,51,373 ਰੁਪਏ ਦਾ ਕੈਸ਼ ਚੋਰੀ ਕਰਕੇ ਲੈ ਗਏ ਇਸ ਸਬੰਧੀ ਥਾਣਾ ਸਦਰ ਦੇ ਮੁਖੀ ਸੰਦੀਪ ਭਾਟੀ ਅਨੁਸਾਰ ਉਨ੍ਹਾਂ ਵੱਲੋਂ ਮੌਕੇ ‘ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੋਜੀ ਕੁੱਤਿਆਂ ਦੀ ਮੱਦਦ ਨਾਲ ਜਿੱਥੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਬੈਂਕ ਦੇ ਸੀਸੀਟੀਵੀ ਕੈਮਰਿਆਂ ਦੇ ਰਿਕਾਰਡ ਨੂੰ ਵੀ ਕਬਜ਼ੇ ‘ਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਕੈਮਰੇ ‘ਚ ਚੋਰਾਂ ਦੀ ਹਰਕਤ ਨਜ਼ਰ ਆਈ ਹੈ, ਜਿਸ ਦੇ ਆਧਾਰ ‘ਤੇ ਚੋਰਾਂ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ।
ਰਾਤ ਵੇਲੇ ਨਹੀਂ ਸੀ ਕੋਈ ਵੀ ਸੁਰੱਖਿਆ ਗਾਰਡ
ਬੈਂਕ ਦੀ ਸੁਰੱਖਿਆ ਪੱਖੋਂ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਕਿ ਰਾਤ ਸਮੇਂ ਬੈਂਕ ‘ਚ ਕੋਈ ਵੀ ਸੁਰੱਖਿਆ ਗਾਰਡ ਤੈਨਾਤ ਨਹੀਂ, ਜਿਸ ਦਾ ਚੋਰਾਂ ਵੱਲੋਂ ਫਾਇਦਾ ਉਠਾਇਆ ਗਿਆ। ਜੇਕਰ ਰਾਤ ਸਮੇਂ ਬੈਂਕ ‘ਚ ਸੁਰੱਖਿਆ ਗਾਰਡ ਤੈਨਾਤ ਹੁੰਦਾ ਤਾਂ ਚੋਰੀ ਦੀ ਘਟਨਾ ਤੋਂ ਬਚਾਅ ਹੋ ਸਕਦਾ ਸੀ। ਬੈਂਕ ਮੈਨੇਜਰ ਮਨਦੀਪ ਅਨੁਸਾਰ ਬੈਂਕ ਦੀ ਸੁਰੱਖਿਆ ਦਾ ਸਿਸਟਮ ਰੈਂਕਰ ਸਕਿਊਰਿਟੀ ਕੋਲ ਹੈ ਜੋ ਉਨ੍ਹਾਂ ਨੂੰ ਦਿਨ ਸਮੇਂ 10 ਤੋਂ ਸ਼ਾਮ 5 ਵਜੇ ਤੱਕ ਹੀ ਸੁਰੱਖਿਆ ਗਾਰਡ ਮੁਹੱਈਆ ਕਰਵਾÀੁਂਦੀ ਹੈ। ਉਨ੍ਹਾਂ ਵੱਲੋਂ ਬੈਂਕ ਨੂੰ ਰਾਤ ਸਮੇਂ ਕੋਈ ਸੁਰੱਖਿਆ ਗਾਰਡ ਨਹੀਂ ਦਿੱਤਾ ਜਾਂਦਾ।