Bathinda News: ਮਨਪ੍ਰੀਤ ਬਾਦਲ ਵੱਲੋਂ ਬਣਵਾਈ ਫਰੂਟ ਮੰਡੀ ਨਿਗਮ ਨੇ ਨਜਾਇਜ਼ ਕਹਿ ਕੇ ਢਾਹੀ
Bathinda News: (ਸੁਖਜੀਤ ਮਾਨ) ਬਠਿੰਡਾ। ਕਈ ਵਰ੍ਹਿਆਂ ਤੋਂ ਬਠਿੰਡਾ ਗੋਲ ਡਿੱਗੀ ਦੇ ਕੋਲ ਫਰੂਟ ਮਾਰਕੀਟ ’ਚ ਫਲ ਆਦਿ ਵੇਚ ਕੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲਿਆਂ ’ਤੇ ਅੱਜ ਉਸ ਵੇਲੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਦੋਂ ਫਲਾਂ ਦੀਆਂ ਸਜ਼ੀਆਂ-ਸਜ਼ਾਈਆਂ ਰੇਹੜੀਆਂ ’ਤੇ ਨਿਗਮ ਦਾ ਪੀਲਾ ਪੰਜਾ (ਜੇਸੀਬੀ) ਮੰਡਰਾਉਣ ਲੱਗਿਆ। ਕਈ ਫਲ ਵਿਕਰੇਤਾਵਾਂ ਨੇ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਪੁਲਿਸ ਬਲ ਅੱਗੇ ਕਿਸੇ ਦਾ ਜੋਰ ਨਹੀਂ ਚੱਲਿਆ। ਜਿਸ ਥਾਂ ਤੋਂ ਦੋ ਵੇਲੇ ਦੀ ਰੋਟੀ ਚੱਲਦੀ ਸੀ ਉਸ ਨੂੰ ਢਹਿ ਢੇਰੀ ਹੁੰਦਿਆਂ ਦੇਖ ਮਹਿਲਾਵਾਂ ਦਾ ਰੋਣ ਨਹੀਂ ਰੁਕ ਰਿਹਾ ਸੀ, ਉੱਤੋਂ ਪਹਿਲਾ ਪੁਲਿਸ ਨੇ ਬਾਹਾਂ ਤੋਂ ਫੜ੍ਹ ਕੇ ਧੂਹ ਘੜੀਸ ਕੀਤੀ ਉਹ ਵੱਖ।
ਵੇਰਵਿਆਂ ਮੁਤਾਬਿਕ ਕੁੱਝ ਸਾਲ ਪਹਿਲਾਂ ਬਠਿੰਡਾ ਰੇਲਵੇ ਸਟੇਸ਼ਨ ਅਤੇ ਗੋਲ ਡਿੱਗੀ ਦੇ ਨੇੜੇ ਫਰੂਟ ਵਿਕਰੇਤਾਵਾਂ ਲਈ ਕਾਂਗਰਸ ਦੇ ਰਾਜ ਦੌਰਾਨ ਤਤਕਾਲੀ ਬਠਿੰਡਾ ਸ਼ਹਿਰੀ ਵਿਧਾਇਕ ਤੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਫਰੂਟ ਮਾਰਕੀਟ ਬਣਵਾਈ ਗਈ ਸੀ।ਇਹ ਮਾਰਕੀਟ ਬਣਨ ਤੋਂ ਬਾਅਦ ਹੀ ਵਿਵਾਦਾਂ ’ਚ ਆ ਗਈ ਸੀ, ਕਿਉਂਕਿ ਮਾਰਕੀਟ ਦਾ ਨਾਂਅ ‘ਇੰਦਰਾ ਫਰੂਟ ਮਾਰਕੀਟ’ ਰੱਖਿਆ ਗਿਆ ਸੀ ਇਸ ਨਾਂਅ ਨੂੰ ਲੈ ਕੇ ਥੋੜ੍ਹਾ ਸਮਾਂ ਚੱਲੇ ਵਿਵਾਦ ਮਗਰੋਂ ਇਸਦਾ ਨਾਂਅ ਬਦਲ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਉਸ ਸਮੇਂ ਐਨਾਂ ਜ਼ਿਆਦਾ ਥਾਂ ਨਹੀਂ ਰੋਕਿਆ ਗਿਆ ਸੀ ਪਰ ਹੌਲੀ-ਹੌਲੀ ਫਲ ਵਿਕਰੇਤਾ ਥਾਂ ਵਧਾਉਂਦੇ ਗਏ, ਜਿਸ ਨੂੰ ਨਗਰ ਨਿਗਮ ਨੇ ਨਾਜਾਇਜ ਕਬਜ਼ਾ ਕਰਾਰ ਦੇ ਦਿੱਤਾ। Bathinda News
ਇਹ ਵੀ ਪੜ੍ਹੋ: Latest Farmer News: ਸੁਪਰੀਮ ਕੋਰਟ ਦੀ ਕਮੇਟੀ ਤੇ ਕਿਸਾਨਾਂ ਦੀ ਮੀਟਿੰਗ ਹੋਈ ਖਤਮ, ਜਾਣੋ ਕੀ ਹੋਇਆ….
ਨਿਗਮ ਦੀ ਕਾਰਵਾਈ ਨੂੰ ਦੇਖਦਿਆਂ ਫਲ ਵਿਕਰੇਤਾਵਾਂ ਨੇ ਅਦਾਲਤ ਦਾ ਦਰਵਾਜਾ ਖੜਕਾਇਆ ਪਰ ਉੱਥੋਂ ਨਗਰ ਨਿਗਮ ਕੇਸ ਜਿੱਤ ਲਿਆ। ਅਦਾਲਤ ਵੱਲੋਂ ਹੁਕਮ ਕੀਤੇ ਗਏ ਕਿ ਫਲ ਵਿਕਰੇਤਾਵਾਂ ਨੂੰ ਨੋਟਿਸ ਜ਼ਾਰੀ ਕਰਕੇ ਥਾਂ ਖਾਲੀ ਕਰਵਾਇਆ ਜਾਵੇ। ਨਿਗਮ ਵੱਲੋਂ ਨੋਟਿਸ ਦੇਣ ਤੋਂ ਬਾਅਦ ਵੀ ਜਦੋਂ ਇਹ ਥਾਂ ਖਾਲੀ ਨਾ ਕੀਤੀ ਗਈ ਤਾਂ ਅੱਜ ਨਿਗਮ ਅਧਿਕਾਰੀ ਜੇਸੀਬੀ ਮਸ਼ੀਨ ਤੇ ਭਾਰੀ ਪੁਲਿਸ ਬਲ ਨਾਲ ਕਬਜ਼ਾ ਲੈਣ ਪੁੱਜੇ। ਜੇਸੀਬੀ ਨਾਲ ਜਦੋਂ ਕਬਜੇ ਹਟਾਉਣੇ ਸ਼ੁਰੂ ਕੀਤੇ ਤਾਂ ਉਸ ਤੋਂ ਪਹਿਲਾਂ ਵੀ ਨਿਗਮ ਅਧਿਕਾਰੀਆਂ ਨੇ ਸਮਾਨ ਹਟਾਉਣ ਲਈ ਕੁਝ ਸਮਾਂ ਦਿੱਤਾ ਗਿਆ ਪਰ ਕੁਝ ਫਿਰ ਵੀ ਅੜ੍ਹੇ ਰਹੇ, ਜਿਨ੍ਹਾਂ ਨੂੰ ਪੁਲਿਸ ਨੇ ਪਾਸੇ ਕੀਤਾ। ਕੁਝ ਮਹਿਲਾਵਾਂ ਵੱਲੋਂ ਵੀ ਇਸਦਾ ਵਿਰੋਧ ਕੀਤਾ ਗਿਆ। ਇੱਕ ਮਹਿਲਾ ਵਾਰ-ਵਾਰ ਜੇਸੀਬੀ ਅੱਗੇ ਆਉਣ ਲੱਗੀ ਤਾਂ ਮਹਿਲਾ ਪੁਲਿਸ ਵੱਲੋਂ ਉਸ ਨੂੰ ਦੋਵੇਂ ਬਾਹਾਂ ਤੋਂ ਧੂਹ ਕੇ ਦੂਰ ਲਿਜਾਇਆ ਗਿਆ।
10 ਸਾਲਾਂ ਦੇ ਬੈਠੇ ਸੀ, ਦੋ ਦਿਨ ਨਾਲ ਕੀ ਫਰਕ ਪੈਂਦਾ ਸੀ : ਫਰੂਟ ਵਿਕਰੇਤਾ
ਇਸ ਮੌਕੇ ਫਰੂਟ ਵਿਕਰੇਤਾ ਬੌਬੀ ਨੇ ਭਰੇ ਮਨ ਨਾਲ ਦੱਸਿਆ ਕਿ ਉਸਦਾ ਅੱਜ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਉਨ੍ਹਾਂ ਕਿਹਾ ਕਿ ਸਭ ਨੇ ਰਲ ਕੇ ਦੋ ਦਿਨ ਦਾ ਸਮਾਂ ਮੰਗਿਆ ਸੀ ਪਰ ਕਿਸੇ ਨੇ ਇੱਕ ਨਹੀਂ ਸੁਣੀ। ਉਸ ਨੇ ਦੱਸਿਆ ਕਿ ਸਭ ਕੁੱਝ ਢਾਹੁਣ ਤੋਂ ਬਾਅਦ ਮਗਰੋਂ ਕਹਿੰਦੇ ਦੋ ਦਿਨ ਦੇ ਦਿੱਤੇ ਪਰ ਹੁਣ ਕੀ ਨਿੱਕਲੇਗਾ ਕਿਉਂਕਿ ਸਮਾਨ ਦਾ ਹੁਣ ਕੁੱਝ ਨਹੀਂ ਬਚਿਆ
ਮਾਣਯੋਗ ਅਦਾਲਤ ਨੇ ਕੀਤੇ ਹੁਕਮ : ਨਿਗਮ ਅਧਿਕਾਰੀ
ਮੌਕੇ ‘ਤੇ ਮੌਜੂਦ ਨਿਗਮ ਅਧਿਕਾਰੀ ਸੁਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਫਰੂਟ ਮਾਰਕੀਟ ਵਾਲੀ ਉਕਤ ਥਾਂ ਖਾਲੀ ਕਰਨ ਬਾਰੇ ਪਹਿਲਾਂ ਨੋਟਿਸ ਜ਼ਾਰੀ ਕੀਤਾ ਗਿਆ ਸੀ ਪਰ ਮਾਰਕੀਟ ‘ਚੋਂ ਕੁਝ ਨੇ ਮਾਣਯੋਗ ਅਦਾਲਤ ਦਾ ਸਹਾਰਾ ਲਿਆ। ਅਦਾਲਤ ਨੇ ਨਾਜਾਇਜ ਕਬਜੇ ਹਟਾਉਣ ਦਾ ਹੁਕਮ ਸੁਣਾਇਆ, ਜਿਸ ਤਹਿਤ ਅੱਜ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕਬਜੇ ਹਟਾ ਦਿੱਤੇ ਗਏ।