ਦੁਨੀਆਂ ਮਤਲਬ ਦੀ…

ਦੁਨੀਆਂ ਮਤਲਬ ਦੀ…

ਮਤਲਬਪ੍ਰਸਤੀ ਹਰ ਖੇਤਰ ਵਿੱਚ ਆਪਣੇ ਪੈਰ ਇਸ ਕਦਰ ਪਸਾਰ ਚੁੱਕੀ ਹੈ ਕਿ ਮਤਲਬ ਨਾ ਹੋਵੇ ਤਾਂ ਢਿੱਡੋਂ ਜੰਮੇ ਹੋਏ ਵੀ ਬੁਲਾਉਣਾ ਤਾਂ ਦੂਰ ਝਾਕਦੇ ਤੱਕ ਨਹੀਂ। ਜਿੱਥੇ ਮਤਲਬ ਹੈ ਤਾਂ ਸਮਝੋ ਜੈ-ਜੈਕਾਰ ਹੈ, ਨਹੀਂ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ । ਜਿਸਨੂੰ ਮਤਲਬ ਹੈ ਜਾਂ ਤੁਹਾਡੇ ਤੱਕ ਲੋੜ ਹੈ ਤਾਂ ਹਾਂਜੀ-ਹਾਂਜੀ ਨਹੀਂ ਤਾਂ ਲੋਕ ਮੂੰਹ ਦੂਜੇ ਪਾਸੇ ਕਰਨ ਲੱਗੇ ਵੀ ਮਿੰਟ ਮਾਰਦੇ ਨੇ। ਜਿਨ੍ਹਾਂ ਨਾਲ ਰਿਸ਼ਤੇਦਾਰੀ ਕੋਈ ਨਹੀਂ, ਉਨ੍ਹਾਂ ਦੀ ਗੱਲ ਤਾਂ ਛੱਡੋ ਆਪਣਿਆਂ ਦੇ ਖੂਨ ਦਾ ਰੰਗ ਵੀ ਕਾਫੀ ਹੱਦ ਤੱਕ ਸਫੈਦ ਹੋ ਚੁੱਕਾ ਹੈ।

ਤੁਸੀਂ ਕਿਸੇ ਦਾ ਮਤਲਬ ਪੂਰਾ ਕਰਦੇ ਹੋ ਤਾਂ ਦੋਸਤੀ ਤੇ ਰਿਸ਼ਤੇਦਾਰੀ ਦੋਹੇਂ ਕਾਇਮ ਰਹਿਣਗੀਆਂ ਨਹੀਂ ਤਾਂ ਸਤਿ ਸ੍ਰੀ ਅਕਾਲ ਬੁਲਾਉਣ ਲੱਗਿਆਂ ਵੀ ਲੋਕ ਸਮਾਂ ਨਹੀਂ ਲਾਉਂਦੇ ਅਤੇ ਜਿੱਥੇ ਮਤਲਬ ਨਹੀਂ ਤਾਂ ਦੋ ਸ਼ਬਦਾਂ ਦਾ ਇੱਕੋ ਫਿਕਰਾ ਸੁਣਨ ਨੂੰ ਆਮ ਮਿਲ ਜਾਂਦਾ ਹੈ ਕਿ, ਮੈਨੂੰ ਕੀ? ਇਹ ਛੋਟਾ ਜਿਹਾ ਫਿਕਰਾ ਐਨਾ ਆਮ ਵਰਤੋਂ ਵਿੱਚ ਆਉਣ ਲੱਗਾ ਹੈ ਕਿ ਅੱਜ-ਕੱਲ੍ਹ ਤਾਂ ਇਸ ਨੂੰ ਬੋਲਣ ’ਤੇ ਵੀ ਆਪਣਾਪਣ ਜਿਹਾ ਵੀ ਮਹਿਸੂਸ ਹੁੰਦਾ ਹੈ।

ਅਸਲ ਵਿੱਚ ਮੈਨੂੰ ਕੀ? ਸਿਰਲੇਖ ਦਾ ਸ਼ਬਦ ‘ਮੈਨੂੰ’ ਆਪਣੇ ਸਵੈਭਾਵ, ਆਪਣੇ-ਆਪ ਨੂੰ ਪ੍ਰਗਟ ਕਰਦਾ ਹੋਇਆ ਅੰਤਰਮੁੱਖਤਾ ਜਾਂ ਨਿੱਜਮੁੱਖਤਾ ਨੂੰ ਦਰਸਾਉਂਦਾ ਹੈ ਅਤੇ ‘ਕੀ’ ਪ੍ਰਸ਼ਨਵਾਚੀ ਸ਼ਬਦ ਹੈ, ਜਿਸ ਵਿੱਚ ਬੇਪਰਵਾਹੀ ਦੇ ਅਰਥ ਲੁਕੇ ਹੋਏ ਹਨ, ਸੋ ਦੋਹਾਂ ਸ਼ਬਦਾਂ ਨੂੰ ਮਿਲਾਉਣ ਤੋਂ ਬਾਅਦ ਅਰਥ ਇਹ ਨਿੱਕਲਿਆ ਕਿ ਮੈਨੂੰ ਇਸ ਦੀ ਕੋਈ ਪ੍ਰਵਾਹ ਜਾਂ ਸਿਰਦਰਦੀ ਨਹੀਂ ਜਾਂ ਮੇਰਾ ਇਸ ਵਿੱਚ ਕੋਈ ਨੁਕਸਾਨ ਨਹੀਂ।

ਉਪਰੋਕਤ ਸ਼ਬਦਾਂ ਦੀ ਵਰਤੋਂ ਅਸੀਂ ਸਾਡੇ ਸਮਾਜ ਅੰਦਰ ਵਿਚਰਦਿਆਂ ਆਮ ਹੁੰਦੀ ਸੁਣਦੇ ਹਾਂ ਕਿ ਮੈਨੂੰ ਕੀ, ਹੁੰਦਾ ਹੈ, ਹੋ ਜਾਵੇ। ਇਸ ਤਰ੍ਹਾਂ ਦੇ ਸ਼ਬਦ ਅਕਸਰ ਨਿੱਜੀ ਰੂਪ ਵਿੱਚ ਘੱਟ ਪਰ ਸਾਂਝੇ ਅਤੇ ਸਰਕਾਰੀ ਕੰਮਾਂ-ਕਾਰਾਂ ਵਿੱਚ ਇਨ੍ਹਾਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਹਰ ਮਨੁੱਖ ਅੰਦਰ ਆਪਣੇ ਨਿੱਜੀ ਸੁਆਰਥ ਨੂੰ ਪੂਰਾ ਕਰਨ ਦੀ ਮਨੋਬਿਰਤੀ ਪਾਈ ਜਾਂਦੀ ਹੈ। ਸਾਨੂੰ ਅਜਿਹੇ ਆਦਮੀ ਬਹੁਤ ਘੱਟ ਹੀ ਮਿਲਣਗੇ, ਜੋ ਦੂਸਰਿਆਂ ਦੀ ਸਮੱਸਿਆ ਲਈ ਚਿੰਤਤ ਹੁੰਦੇ ਹਨ। ਸਮਾਂ ਐਨਾ ਖਰਾਬ ਆ ਚੁੱਕਾ ਹੈ, ਜੇ ਕੋਈ ਹਾਲ-ਚਾਲ ਵੀ ਢੰਗ ਨਾਲ ਪੁੱਛ ਲੈਂਦਾ ਹੈ ਤਾਂ ਮਨ ਵਿੱਚ ਇਹ ਖਿਆਲ ਆਪਣੇ ਆਪ ਉੱਠਣ ਲੱਗਦੇ ਹਨ ਕਿ ਕਿਤੇ ਕੋਈ ਕੰਮ ਲੈਣ ਤਾਂ ਨਹੀਂ ਆਇਆ।

ਸਾਡੇ ਸਮਾਜ ਵਿੱਚ ਵਿਚਰਦਿਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਬੜੀਆਂ ਆਮ ਦੇਖਣ ਨੂੰ ਮਿਲ ਜਾਣਗੀਆਂ। ਉਦਾਹਰਨ ਦੇ ਤੌਰ ’ਤੇ ਜਿੱਥੇ ਕਈ ਇਲਾਕਿਆਂ ਵਿੱਚ ਪੀਣ ਦਾ ਪਾਣੀ ਤੱਕ ਨਸੀਬ ਨਹੀਂ ਹੁੰਦਾ, ਉੱਥੇੇ ਕਈ ਸਥਾਨਾਂ ’ਤੇ ਇਹ ਪਾਣੀ ਖੁੱਲੇ੍ਹਆਮ ਵਿਅਰਥ ਡੁੱਲ੍ਹ ਰਿਹਾ ਹੁੰਦਾ ਹੈ, ਅਜਿਹੀ ਹਾਲਤ ਵਿੱਚ ਬਹੁਤ ਸਾਰੇ ਲੋਕ ਇਸ ਵਰਤਾਰੇ ਨੂੰ ਦੇਖਦਿਆਂ ਇਸ ਦੇ ਕੋਲੋਂ ਲੰਘ ਰਹੇ ਹੁੰਦੇ ਹਨ, ਪਰ ਡੁੱਲ੍ਹਦੇ ਪਾਣੀ ਨੂੰ ਬੰਦ ਕਰਕੇ ਪਾਣੀ ਦੀ ਦੁਰਵਰਤੋਂ ਰੋਕਣ ਦਾ ਵਿਚਾਰ ਕਿਸੇ ਦੇ ਮਨ ਵਿੱਚ ਨਹੀਂ ਆਉਂਦਾ ਅਤੇ ਜੇ ਇਹ ਵਿਚਾਰ ਆਉਂਦਾ ਵੀ ਹੈ, ਤਾਂ ਹਰ ਕੋਈ ਆਪਣੇ-ਆਪ ਵਿੱਚ ਇਹ ਕਹਿੰਦਾ ਹੋਇਆ ਕਿ ਮੈਨੰੂੰ ਕੀ, ਅੱਗੇ ਵਧ ਜਾਂਦਾ ਹੈ।

ਕਈ ਵਾਰ ਕਈ ਲੋਕ ਜਾਣੇ-ਅਣਜਾਣੇ ਵਿੱਚ ਦੂਸਰਿਆਂ ਲਈ ਸਮੱਸਿਆਵਾਂ ਪੈਦਾ ਕਰ ਦਿੰਦੇ ਹਨ, ਜਦੋਂਕਿ ਉਨ੍ਹਾਂ ਦੀ ਥੋੜ੍ਹੀ ਜਿਹੀ ਧਿਆਨਦੇਹੀ ਅਤੇ ਸਾਵਧਾਨੀ ਵਾਪਰਨ ਵਾਲੇ ਹਾਦਸੇ ਨੂੰ ਟਾਲ਼ ਸਕਦੀ ਹੁੰਦੀ ਹੈ। ਅਜਿਹੀਆਂ ਛੋਟੀਆਂ-ਛੋਟੀਆਂ ਬੇਪਰਵਾਹੀਆਂ ਕਾਰਨ ਰੋਜ਼ਾਨਾ ਹਜ਼ਾਰਾਂ ਘਟਨਾਵਾਂ ਵਾਪਰਦੀਆਂ ਹਨ। ਇਸੇ ਖਤਰਨਾਕ ਮਤਲਬਪ੍ਰਸਤੀ ਦਾ ਸ਼ਿਕਾਰ ਇੱਕ ਵਿਅਕਤੀ ਜਦੋਂ ਕਿਸੇ ਸਾਂਝੀ ਥਾਂ ’ਤੇ ਖੜ੍ਹਾ ਕੇਲੇ ਖਾ ਰਿਹਾ ਹੁੰਦਾ ਹੈ, ਜਿਸ ਦੇ ਛਿਲਕੇ ਰਸਤੇ ਵਿੱਚ ਹੀ ਸੁੱਟ ਰਿਹਾ ਹੁੰਦਾ ਹੈ, ਇਸ ਦੀ ਅਗਲੀ ਕਹਾਣੀ ਤੁਸੀਂ ਆਪ ਵੀ ਦੇਖੀ ਹੋਵੇਗੀ, ਕਿ ਇਨ੍ਹਾਂ ਸੁੱਟੇ ਹੋਏ ਛਿਲਕਿਆਂ ਉੁਪਰ ਤਿਲ੍ਹਕਣ ਨਾਲ ਜਦੋਂ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੁੰਦਾ ਹੈ।

ਇਸ ਵਿੱਚ ਭਾਵੇਂ ਪਹਿਲੀ ਗਲਤੀ ਛਿਲਕੇ ਨੂੰ ਰਸਤੇ ਵਿੱਚ ਸੁੱਟਣ ਵਾਲੇ ਦੀ ਹੈ, ਪਰ ਉਸ ਤੋਂ ਬਾਅਦ ਵੀ ਬਹੁਤ ਲੋਕਾਂ ਦੀ ਨਿਗ੍ਹਾ ਰਸਤੇ ਚੱਲਦਿਆਂ ਉਸ ਛਿਲਕੇ ’ਤੇ ਪੈਂਦੀ ਹੈ, ਪਰ ਹਰ ਕੋਈ ਆਪਣਾ ਬਚਾਅ ਕਰਦਾ ਹੋਇਆ ਪਾਸੇ ਦੀ ਗੁਜ਼ਰ ਜਾਂਦਾ ਹੈ, ਅਤੇ ਉਸ ਛਿਲਕੇ ਨੂੰ ਕੋਈ ਵੀ ਚੁੱਕ ਕੇ ਕੂੜੇਦਾਨ ਜਾਂ ਕਿਸੇ ਯੋਗ ਸਥਾਨ ’ਤੇ ਸੁੱਟਣ ਦੀ ਖੇਚਲ ਨਹੀਂ ਕਰਦਾ। ਸਗੋਂ ਮਨ ਅੰਦਰ ਆਪਣੇ-ਆਪ ਨੂੰ ਕਹਿੰਦਾ ਹੈ ਕਿ, ਮੈਨੂੰ ਕੀ? ਮੈਂ ਕਿਹੜਾ ਠੇਕਾ ਲਿਆ ਹੋਇਆ ਹੈ।

ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਇਸ ਤੋਂ ਇਲਾਵਾ ਵੀ ਅਜਿਹੀਆਂ ਅਨੇਕਾਂ ਸਮੱਸਿਆਵਾਂ ਸਾਡੇ ਸਮਾਜ ਵਿੱਚ ਅਸੀਂ ਆਮ ਵੇਖਦੇ ਹਾਂ, ਪਰ ਬੜੇ ਅਫਸੋਸ ਦੀ ਗੱਲ ਹੈ, ਕਿ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਅਸੀਂ ਮੈਨੂੰ ਕੀ? ਸ਼ਬਦ ਕਹਿ ਕੇ ਛੁਟਕਾਰਾ ਪਾ ਲੈਂਦੇ ਹਾਂ ਅਜਿਹੀਆਂ ਸਮੱਸਿਆਵਾਂ ਵਿੱਚੋਂ ਸਰਕਾਰੀ ਸੰਗਠਨਾਂ ਅੰਦਰ ਬਿਜਲੀ ਦੀ ਦੁਰਵਰਤੋਂ, ਸਰਕਾਰੀ ਸਾਮਾਨ ਦੀ ਲਾਪ੍ਰਵਾਹੀ ਨਾਲ ਵਰਤੋਂ, ਘਰਾਂ ਦੀ ਸਫਾਈ ਦੌਰਾਨ ਕੂੜੇ ਦਾ ਰਸਤੇ ਵਿੱਚ ਸੁੱਟਣਾ, ਰਸਤੇ ਵਿੱਚ ਪਏ ਕਿਸੇ ਪੱਥਰ ਜਾਂ ਅੜਿੱਕੇ ਨੂੰ ਕਿਸੇ ਦੁਆਰਾ ਨਾ ਹਟਾਇਆ ਜਾਣਾ, ਦੂਸਰਿਆਂ ਦੇ ਸੁੱਖ-ਸਹੂਲਤ ਦੀ ਪ੍ਰਵਾਹ ਨਾ ਕਰਦੇ ਹੋਏ ਆਪਣਾ ਉੱਲੂ ਸਿੱਧਾ ਕਰਨਾ ਆਦਿ ਅਸੀਂ ਆਮ ਹੀ ਵੇਖਦੇ ਹਾਂ। ਅਜਿਹੀਆਂ ਸਮੱਸਿਆਵਾਂ ਵੱਲ ਜੇਕਰ ਹਰ ਕੋਈ ਆਪਣਾ ਬਣਦਾ ਧਿਆਨ ਦੇਵੇ ਤਾਂ ਬਹੁਤੀਆਂ ਸਮੱਸਿਆਵਾਂ ਨੂੰ ਬਿਨਾਂ ਕਿਸੇ ਖਰਚ ਦੇ ਥੋੜ੍ਹੀ ਜਿਹੀ ਧਿਆਨਦੇਹੀ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ।

ਲੋੜ ਹੈ ਆਪਣੇ ਅੰਦਰਲੀ ਸੌੜੀ ਸੋਚ, ਮਤਲਬਪ੍ਰਸਤੀ ਅਤੇ ਖੁਦਗਰਜ਼ੀ ਦੀ ਭਾਵਨਾ ਤਿਆਗਣ ਦੀ ਅਤੇ ਆਪਣੇ-ਆਪ ਬਾਰੇ ਸੋਚਣ ਦੀ ਬਜਾਏ ਸਾਰਿਆਂ ਦੀਆਂ ਸਮੱਸਿਆਵਾਂ ਬਾਰੇ ਸੋਚਣ ਦੀ। ਸਾਨੂੰ ਇਸ ਤਰ੍ਹਾਂ ਦੀ ਭਾਵਨਾ ਆਪਣੇ ਦਿਮਾਗ ਅੰਦਰ ਬਿਠਾ ਲੈਣੀ ਚਾਹੀਦੀ ਹੈ। ਬਾਹਰੀ ਰਸਤੇ ਅਤੇ ਸਾਂਝੀਆਂ ਥਾਵਾਂ ਵੀ ਸਾਡੀ ਆਪਣੀ ਵਰਤੋਂ ਲਈ ਹਨ ਅਤੇ ਘਰਾਂ ਦਾ ਕੂੜਾ ਇਨ੍ਹਾਂ ਉੱਪਰ ਸੁੱਟਣਾ ਇਹ ਸਾਡੇ ਲਈ ਹੀ ਸਮੱਸਿਆ ਪੈਦਾ ਕਰੇਗਾ। ਅਜਿਹੀਆਂ ਸਮੱਸਿਆਵਾਂ ਦਾ ਹੱਲ, ਜੋ ਕਿ ਉੱਪਰ ਦਰਸਾਈਆਂ ਗਈਆਂ ਹਨ, ਇਸ ਲੇਖ ਨੂੰ ਪੜ੍ਹਨ ਨਾਲ ਨਹੀਂ ਹੋਵੇਗਾ। ਇਹ ਸੰਭਵ ਹੋਵੇਗਾ ਤੁਹਾਡੇ ਇਸ ਨੂੰ ਪੜ੍ਹ ਕੇ ਆਪਣੇ ਮਨ ਅੰਦਰ ਵਿਚਾਰਨ ਨਾਲ ਅਤੇ ਉਸ ਉੱਪਰ ਅਮਲ ਕਰਨ ਨਾਲ ।

ਸੋ ਵੱਡੀ ਗੱਲ ਅਮਲ ਦੀ ਹੈ। ਅਜਿਹੇ ਕੰਮਾਂ ਨੂੰ ਕਰਨ ਨਾਲ ਜਿੱਥੇ ਆਪਣਾ ਫਾਇਦਾ ਤਾਂ ਹੁੰਦਾ ਹੀ ਹੈ, ਉੱਥੇ ਅਸੀਂ ਸਮਾਜ ਭਲਾਈ ਕਾਰਜਾਂ ਵਿੱਚ ਵੀ ਯੋਗਦਾਨ ਪਾ ਰਹੇ ਹੁੰਦੇ ਹਾਂ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਨਾਲੇ ਪੁੰਨ ਨਾਲੇ ਫਲੀਆਂ ਸੋ ਆਓ! ਆਪਾਂ ਸਾਰੇ ਰਲ ਕੇ ਇਹ ਸੰਕਲਪ ਕਰੀਏ ਕਿ ਜਿੱਥੋਂ ਤੱਕ ਸੰਭਵ ਹੋ ਸਕੇਗਾ ਅਸੀਂ ਓਪਰੋਕਤ ਸਜਾਜਿਕ ਸਮੱਸਿਆਵਾਂ ਦੇ ਹੱਲ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਅਤੇ ਕਦੇ ਵੀ ਇਸ ਤਰ੍ਹਾਂ ਦੇ ਵਿਚਾਰ ਆਪਣੇ ਮਨ ਵਿੱਚ ਨਹੀਂ ਲਿਆਵਾਂਗੇ ਕਿ, ਮੈਨੂੰ ਕੀ ?
ਗੋਨਿਆਣਾ ਮੰਡੀ, ਬਠਿੰਡਾ।
ਮੋ. 94638-68877

ਮਾਸਟਰ ਰਾਜਿੰਦਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ