ਪੀਆਰਟੀਸੀ ਦੀ ਲਾਰੀ ਦੇ ਚੱਕੇ ਵੀ ਰਹੇ ਜਾਮ, ਬੱਸ ਅੱਡਿਆਂ ‘ਚ ਕੈਦ ਰਹੀਆਂ ਬੱਸਾਂ

ਪੀਆਰਟੀਸੀ ਦੀ ਆਮਦਨ ਪੁੱਜ ਗਈ ਸੀ ਇੱਕ ਕਰੋੜ ਨੂੰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਭਾਰਤ ਬੰਦ ਦੇ ਸੱਦੇ ਤਹਿਤ ਅੱਜ ਪੀਆਰਟੀਸੀ ਦੀ ਲਾਰੀ ਦੇ ਚੱਕੇ ਪੂਰੀ ਤਰ੍ਹਾਂ ਜਾਮ ਰਹੇ। ਸਵੇਰੇ ਜਾਂ ਸ਼ਾਮ ਵੇਲੇ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਬੱਸ ਨਾ ਚੱਲੀ। ਉਂਜ ਭਾਵੇਂ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਦਾ ਸੱਦਾ 11 ਤੋਂ ਦੁਪਹਿਰ 3 ਵਜੇਂ ਤੱਕ ਦਿੱਤਾ ਹੋਇਆ ਸੀ। ਪਟਿਆਲਾ ਦੇ ਬੱਸ ਸਟੈਂਡ ਵਿਖੇ ਜਥੇਬੰਦੀਆਂ ਵੱਲੋਂ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀਆ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਪੰਜਾਬ ਅੰਦਰ ਹਰ ਵਰਗ ਵੱਲੋਂ ਆਪ ਮੁਹਾਰੇ ਸਭ ਕੁਝ ਠੱਪ ਰੱਖਿਆ ਗਿਆ। ਪੀਆਰਟੀਸੀ ਵੱਲੋਂ ਪਹਿਲਾ ਸਵੇਰੇ ਅਤੇ ਚੱਕਾ ਜਾਮ ਖਤਮ ਤੋਂ ਬਾਅਦ ਬੱਸਾਂ ਚਲਾਉਣ ਦਾ ਪਲਾਨ ਕੀਤਾ ਗਿਆ ਸੀ, ਪਰ ਸਵੇਰੇ ਵੇਲੇ ਹੀ ਸੜਕਾਂ ਜਾਮ ਹੋਣ ਦੀ ਸਥਿਤੀ ਨੂੰ ਦੇਖਦਿਆ ਪੀਆਰਟੀਸੀ ਦੀਆਂ ਬੱਸਾਂ ਜਾਮ ਰਹੀਆਂ। ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਬੰਦ ਦੌਰਾਨ ਆਪਣਾ ਰੋਸ਼ ਪ੍ਰਰਦਸ਼ਨ ਵੀ ਕੀਤਾ ਗਿਆ ਅਤੇ ਪਟਿਆਲਾ ਦੇ ਬੱਸ ਸਟੈਂਡ ਦਾ ਗੇਟ ਬੰਦ ਰੱਖਿਆ ਗਿਆ।

ਕੋਰੋਨਾ ਤੋਂ ਬਾਅਦ ਪੀਆਰਟੀਸੀ ਦੀ ਆਮਦਨ ਇੱਕ ਕਰੋੜ ਤੇ ਪੁੱਜ ਗਈ ਸੀ ਅਤੇ ਇੱਕ ਹਜਾਰ ਦੇ ਕਰੀਬ ਬੱਸਾਂ ਸੜਕਾਂ ਤੇ ਦੌੜ ਰਹੀਆਂ ਸਨ। ਦੱਸਣਯੋਗ ਹੈ ਕਿ ਪਿਛਲੀ ਵਾਰ ਜਦੋਂ ਦੁਪਹਿਰ 12 ਤੋਂ 3 ਵਜੇਂ ਤੱਕ ਚੱਕਾ ਜਾਮ ਕੀਤਾ ਗਿਆ ਸੀ ਤਾਂ ਉਸ ਸਮੇਂ ਸਰਕਾਰੀ ਬੱਸਾਂ ਸਵੇਰੇ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਚੱਲੀਆਂ ਸਨ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਸਵੇਰ ਤੋਂ ਹੀ ਸੜਕਾਂ ਦੇ ਧਰਨੇ ਸ਼ੁਰੂ ਹੋ ਗਏ ਸਨ, ਜਿਸ ਕਾਰਨ ਬੱਸਾਂ ਨੂੰ ਬੰਦ ਹੀ ਰੱਖਿਆ ਗਿਆ। ਇਸ ਦੇ ਨਾਲ ਹੀ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਬੱਸ ਨਹੀਂ ਚਲਾਈ ਗਈ, ਕਿਉਂਕਿ ਜਦੋਂ ਸਭ ਕੁਝ ਹੀ ਠੱਪ ਸੀ ਤਾ ਬੱਸਾਂ ਨੂੰ ਚਲਾਉਣ ਦਾ ਕੋਈ ਫਾਇਦਾ ਨਹੀਂ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.