ਪਿੰਡ ਅਰਨੇਟੂ ‘ਚ ਕੋਵਿਡ 19 ਦੇ ਸੈਂਪਲ ਲੈਣ ਲਈ ਸਿਹਤ ਵਿਭਾਗ ਦੀ ਟੀਮ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਪਿੰਡ ਵਾਸੀਆਂ ਕੀਤਾ ਤਿੱਖਾ ਵਿਰੋਧ
ਬਾਦਸ਼ਾਹਪੁਰ (ਮਨੋਜ/ ਜਗਸੀਰ) ਕੋਵਿਡ-19 ਤਹਿਤ ਅੱਜ ਹਲਕਾ ਸ਼ੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਨਜ਼ਦੀਕ ਪੈਂਦੇ ਪਿੰਡ ਅਰਨੇਟੂ ਵਿਖੇ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਕੋਵਿਡ ਦੇ ਸੈਂਪਲ ਲੈਣ ਲਈ ਪਹੁੰਚੀ ਸਿਹਤ ਵਿਭਾਗ ਦੀ ਟੀਮ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਪਿੰਡ ਵਾਸੀਆਂ ਨੇ ਤਿੱਖਾ ਵਿਰੋਧ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਕੋਵਿਡ ਦੇ ਸੈਂਪਲ ਲੈਣ ਆਈ ਟੀਮ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਪਿੰਡ ਅਰਨੇਟੂ ਵਿਖੇ ਸਿਹਤ ਵਿਭਾਗ ਦੀ ਟੀਮ ਕੋਵਿਡ-19 ਦੇ ਸੈਂਪਲ ਲੈਣ ਲਈ ਆਈ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਇਹ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ।
ਤੰਦਰੁਸਤ ਵਿਅਕਤੀਆਂ ਦਾ ਵੀ ਧੱਕੇਸ਼ਾਹੀ ਨਾਲ ਕਰੋਨਾ ਟੈਸਟ ਕੀਤਾ ਜਾ ਰਿਹਾ ਹੈ ।ਸਰਕਾਰ W8O ਤੋਂ ਪੈਸਾ ਇਕੱਠਾ ਕਰਨ ਲਈ ਸਹੀ ਵਿਅਕਤੀਆਂ ਦੀਆਂ ਵੀ ਰਿਪੋਰਟਾਂ ਪੋਜ਼ਟਿਵ ਕੱਢ ਰਹੀ ਹੈ। ਕਈਆਂ ਦਾ ਤਾਂ ਇਹ ਵੀ ਕਹਿਣਾ ਰਿਹਾ ਹੈ ਕਿ ਸਰਕਾਰ ਕੋਵਿਡ ਦੇ ਮਰੀਜਾਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇਣ ਤੋਂ ਬਾਅਦ ਉਨ੍ਹਾਂ ਦੇ ਅੰਗ ਕੱਢ ਲੈਂਦੀ ਹੈ। ਇਸ ਮਾਮਲੇ ਸਬੰਧੀ ਜਦੋਂ ਪਿੰਡ ਦੇ ਸਰਪੰਚ ਮਹਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕੋਵਿਡ ਦੇ ਸੈਂਪਲਾਂ ਨੂੰ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਪਿੰਡ ਵਾਸੀਆਂ ਨੂੰ ਇੱਥੋਂ ਤੱਕ ਕਿਹਾ ਸੀ ਕਿ ਜਿਸ ਨੇ ਟੈਸਟ ਕਰਵਾਉਣੇ ਹਨ ਉਹ ਕਰਵਾ ਲੋ ਜਿਨ੍ਹਾਂ ਨੇ ਨਹੀਂ ਕਰਵਾਉਣੇ ਉਹ ਬੇਸ਼ੱਕ ਨਾ ਕਰਵਾਓ। ਪਰ ਇਸ ਗੱਲ ਨੂੰ ਮੰਨਣ ਲਈ ਕੋਈ ਵੀ ਤਿਆਰ ਨਹੀਂ ਸੀ।
ਇਸ ਮਾਮਲੇ ਸਬੰਧੀ ਪਿੰਡ ਦੇ ਹੀ ਜਦੋਂ ਕੁਝ ਸੂਝਵਾਨ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਲੋਕਾਂ ਨੂੰ ਕਰੋਨਾ ਦੇ ਸਬੰਧ ਚ ਜਾਗਰੂਕ ਕਰੇ। ਜੋ ਡਰ ਲੋਕਾਂ ਦੇ ਅੰਦਰ ਘਰ ਕਰ ਗਿਆ ਹੈ ਉਸ ਨੂੰ ਇਸ ਧੱਕੇਸ਼ਾਹੀ ਨਾਲ ਨਹੀਂ ਸਗੋਂ ਲੋਕਾਂ ਨੂੰ ਸਮਝਾ ਕੇ ਅਤੇ ਜਾਗਰੂਕ ਕਰਕੇ ਹੀ ਇਸ ਡਰ ਨੂੰ ਲੋਕਾਂ ਦੇ ਮਨਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ। ਸਬ ਇੰਸਪੈਕਟਰ ਮਨਜੀਤ ਸਿੰਘ ਚੌਕੀ ਇੰਚਾਰਜ ਬਾਦਸ਼ਾਹਪੁਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਪਿੰਡ ਦੇ ਸਰਪੰਚ ਮਹਿੰਦਰ ਸਿੰਘ ਨੇ ਲਿਖਤੀ ਰੂਪ ਵਿੱਚ ਦੇ ਦਿੱਤਾ ਕਿ ਪਿੰਡ ਵਾਸੀ ਕਰੋਨਾ ਟੈਸਟ ਕਰਵਾਉਣ ਲਈ ਤਿਆਰ ਨਹੀਂ ਹਨ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਅਤੇ ਪੂਰਾ ਪੁਲਿਸ ਪ੍ਰਸ਼ਾਸਨ ਉੱਥੋਂ ਵਾਪਸ ਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.