ਪੰਜੀ-ਦਸੀ ਵੀਹ ਪੈਸੇ ,ਚੁਆਨੀ ਜਾਂ ਅਠਿਆਨੀ
ਕੀ ਖਿਆਲ ਹੈ ਦੋਸਤੋ ਆਇਆ ਕੁਝ ਯਾਦ? ਉਂਜ ਤਾਂ ਆਮ ਕਹਾਵਤ ਹੈ ਕਿ ਬਚਪਨ ਬਾਦਸ਼ਾਹ ਹੁੰਦਾ ਹੈ,ਪਰ ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਇਹ ਗੱਲ ਵੀ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਪੰਜੀ-ਦਸੀ ਵੀਹ ਪੈਸੇ ,ਚੁਆਨੀ ਜਾਂ ਅਠਿਆਨੀ ਜੇਬ੍ਹ ਵਿੱਚ ਹੋਣੀ ਤਾਂ ਫਿਰ ਸਾਡੇ ਵਰਗਾ ਕੋਈ ਰਾਜਾ-ਮਹਾਰਾਜਾ ਵੀ ਨਹੀਂ ਸੀ ਹੁੰਦਾ , ਤੁਹਾਡਾ ਕੀ ਖਿਆਲ ਆ? ਪੁਰਾਤਨ ਸਮਿਆਂ ਵਿੱਚ ਪੰਜ ਪੈਸੇ ਦੀ ਕੁਲਫੀ ਆ ਜਾਣੀ, ਜੇਕਰ ਘਰੋਂ ਦਸ ਪੈਸੇ ਮਿਲ ਜਾਣੇ ਤਾਂ ਫਿਰ ਦੋਵੇਂ ਹੱਥਾਂ ਵਿੱਚ ਦੋ ਰੰਗ ਵਾਲੀਆਂ ਕੁਲਫੀਆਂ ਲੈ ਕੇ ਸਕੂਲ ਅੱਧੀ ਛੁੱਟੀ ਵੇਲੇ ਖਾਣੀਆਂ। ਬਰਫ਼ ਦੀਆਂ ਬਣਾਈਆਂ ਹੋਈਆਂ ਕੁਲਫੀਆਂ ਨੂੰ ਲਾਲ ਤੇ ਪੀਲਾ ਰੰਗ ਚੜ੍ਹਾ ਕੇ ਵੇਚਿਆ ਕਰਦੇ ਸਨ ਭਾਈ।ਓਹ ਰੰਗ ਕੱਚੇ ਹੋਇਆ ਕਰਦੇ ਸਨ ਤੇ ਕੁਲਫੀ ਖਾਂਦਿਆਂ-ਖਾਂਦਿਆ ਬੁੱਲ ਵੀ ਰੰਗੇ ਜਾਂਦੇ ਸਨ।
ਵਿਆਹ-ਸ਼ਾਦੀਆਂ ਤੇ ਸ਼ਗਨਾਂ ਦੇ ਕਾਰਾਂ ਵਿਹਾਰਾਂ ‘ਤੇ ਵੀ ਇਨ੍ਹਾਂ ਦੀ ਬਹੁਤ ਪੁੱਛ ਦੱਸ ਹੁੰਦੀ ਸੀ
ਕਦੇ-ਕਦੇ ਘਰ ਦਿਆਂ ਨੇ ਖੁਸ਼ ਹੋ ਕੇ ਰੁਪੱਈਆਂ ਵੀ ਦੇ ਦੇਣਾ ਪਰ ਇਹੋ ਜਿਹਾ ਸਮਾਂ ਘੱਟ ਹੀ ਆਉਣਾ। ਓਦੋਂ ਹੀ ਆਇਆ ਕਰਦਾ ਸੀ ਜਦੋਂ ਕਿਤੇ ਛਿਮਾਹੀ, ਤਿਮਾਹੀ ਜਾਂ ਨੌਮਾਹੀ ਦੇ ਕੱਚਿਆਂ ਪੇਪਰਾਂ ਚੋਂ ਕਿਤੇ ਘਰ ਦਿਆਂ ਦੇ ਅੰਦਾਜ਼ੇ ਚੋਂ ਜ਼ਿਆਦਾ ਨੰਬਰ ਆਉਣੇ। ਤੇ ਜੇਕਰ ਕਿਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਂ ਫਿਰ ਮਾਸਟਰ ਵੱਲੋਂ ਕੋਈ ਉਲਾਂਭਾ ਆ ਜਾਣਾ ਤਾਂ ਪੰਜੀ-ਦਸੀ ,ਚੁਆਨੀ ਜਾਂ ਅਠਿਆਨੀ ਵੱਲੋਂ ਫਾਕਾ ਵੀ ਰਹਿ ਜਾਂਦਾ ਸੀ ਤੇ ਤਿੰਨ ਮੇਲ ਦਾ ਪ੍ਰਸ਼ਾਦ ਅਲੱਗ ਤੋਂ ਵੀ ਮਿਲਦਾ ਰਿਹਾ ਹੈ।
ਸਵਾ ਪੰਜ , ਸਵਾ ਦਸ ਸਵਾ ਗਿਆਰਾਂ ਰੁਪਏ ਦੇ ਪ੍ਰਸ਼ਾਦ ਵੇਲੇ ਵੀ ਇਨ੍ਹਾਂ ਪੈਸਿਆਂ ਦੀ ਆਮ ਲੋੜ ਰਹਿੰਦੀ ਸੀ। ਵਿਆਹ-ਸ਼ਾਦੀਆਂ ਤੇ ਸ਼ਗਨਾਂ ਦੇ ਕਾਰਾਂ ਵਿਹਾਰਾਂ ‘ਤੇ ਵੀ ਇਨ੍ਹਾਂ ਦੀ ਬਹੁਤ ਪੁੱਛ ਦੱਸ ਹੁੰਦੀ ਸੀ। ਕਦੇ-ਕਦਾਈਂ ਤਾਂ ਚਾਂਦੀ ਦੇ ਰੁਪਈਏ ਦਾ ਵੀ ਬਹੁਤ ਮਹੱਤਵ ਹੋਇਆ ਕਰਦਾ ਸੀ। ਹਾਂ ਸੱਚ ਜੇਕਰ ਕਿਸੇ ਵੱਡੀ ਉਮਰ ਦੇ ਬਜ਼ੁਰਗ ਜਾਂ ਮਾਤਾ ਨੇ ਇਸ ਜਹਾਨੋਂ ਤੁਰ ਜਾਣਾ ਤਾਂ ਫੁੱਲੀਆਂ ਤੇ ਪਤਾਸਿਆਂ ਵਿੱਚ ਇਹ ਛੁੱਟੇ ਪੈਸੇ ਮਤਲਬ ਭਾਨ ਦੀ ਅਤਿਅੰਤ ਲੋੜ ਹੁੰਦੀ ਸੀ।
ਇਨ੍ਹਾਂ Paise ਦੀ ਵਰਤੋਂ ਵੀ ਕਿਸੇ ਸਮੇਂ ਜ਼ੋਰੋ-ਸ਼ੋਰ ਹੁੰਦੀ ਰਹੀ ਹੈ
ਸੰਸਕਾਰ ਸਮੇਂ ਨਾਲੇ ਤਾਂ ਰਾਮ ਨਾਮ ਸੱਤ ਹੈ , ਮਗਰ ਮਗਰ ਕਹਿੰਦੇ ਜਾਣਾ ਤੇ ਨਾਲੇ ਉੱਪਰ ਦੀ ਫੁੱਲੀਆਂ-ਪਤਾਸਿਆਂ ਵਿਚ ਇਹ ਭਾਨ ਪਾ ਕੇ ਵਾਰਨੇ ਕਰਦੇ ਜਾਣਾ।ਇਹ ਧਾਰਨਾ ਵੀ ਓਹਨਾਂ ਸਮਿਆਂ ਵਿੱਚ ਜ਼ੋਰਾਂ ‘ਤੇ ਚਲਦੀ ਰਹੀ ਹੈ ਕਿ ਮ੍ਰਿਤਕ ਇਨਸਾਨ ਉੱਤੋਂ ਸੁੱਟੇ ਪੈਸੇ ਵਿੱਚ ਮੋਰੀ ਕੱਢ ਕੇ ਛੋਟੇ ਬੱਚੇ ਦੇ ਗਲ ਪਾਉਣ ਨਾਲ ਬੱਚੇ ਨੂੰ ਡਰ ਨਹੀਂ ਲੱਗਦਾ।ਪਰ ਸੀ ਇਹ ਨਿਰਾ ਵਹਿਮ।ਪਰ ਇਹ ਲੋਕ ਕਰਦੇ ਜ਼ਰੂਰ ਰਹੇ ਹਨ। ਇਸੇ ਤਰ੍ਹਾਂ ਇਨ੍ਹਾਂ ਖੁੱਲ੍ਹੇ ਪੈਸਿਆਂ ਮਤਲਬ ਭਾਨ ਦੀ ਵਿਆਹ-ਸ਼ਾਦੀਆਂ ਸਮਂ ਵੀ ਅਤਿਅੰਤ ਲੋੜ ਹੁੰਦੀ ਸੀ ਕਿਉਂਕਿ ਜਦ ਵੀ ਡੋਲੀ ਲੈ ਕੇ ਤੁਰਨਾ ਤਾਂ ਵਿਆਂਹਦੜ ਮੁੰਡੇ ਦੇ ਜੀਜੇ , ਫੁੱਫੜ ਤੇ ਬਾਪ ਨੇ ਡੋਲੀ ਵਾਲੀ ਕਾਰ ਤੋਂ ਲੱਪਾਂ ਭਰ-ਭਰ ਕੇ ਇਨ੍ਹਾਂ ਪੈਸਿਆਂ ਦੀਆਂ ਸੁੱਟਣੀਆਂ ਭਾਵ ਖੁਸ਼ੀ ਦਾ ਪ੍ਰਗਟਾਵਾ ਕਰਦੇ ਸਨ।
ਪੰਜ,ਦਸ , ਵੀਹ ਪੈਸੇ, ਚੁਆਨੀਆਂ, ਅਠਿਆਨੀਆਂ ਇੱਕ ਰੁਪਏ ਦੇ ਪੰਜ ਰੁਪਏ ਦੇ ਸਿੱਕੇ
ਇਨ੍ਹਾਂ ਵਿਚ ਪੰਜ,ਦਸ , ਵੀਹ ਪੈਸੇ, ਚੁਆਨੀਆਂ, ਅਠਿਆਨੀਆਂ ਇੱਕ ਰੁਪਏ ਦੇ ਪੰਜ ਰੁਪਏ ਦੇ ਸਿੱਕੇ ਹੋਇਆ ਕਰਦੇ ਸਨ। ਉਂਜ ਇੱਕ ਰੁਪਏ ਦੇ ਸਿੱਕੇ ਕਾਫੀ ਦੇਰ ਬਾਅਦ ਆਏ ਸਨ ਪਹਿਲਾਂ ਤਾਂ ਇੱਕ ਰੁਪਏ ਦਾ ਕਾਗਜ਼ ਦੇ ਨੋਟ ਜ਼ਿਆਦਾ ਪ੍ਰਚੱਲਿਤ ਰਹੇ ਹਨ। ਨਵੀਂ ਵਿਆਹੀ ਜੋੜੀ ਨੂੰ ਕੰਗਣਾ ਖਿਡਾਉਣ ਵੇਲੇ ਵੀ ਚਾਂਦੀ ਦੇ ਰੁਪਈਏ ਦੀ ਅਤਿਅੰਤ ਜ਼ਰੂਰਤ ਹੁੰਦੀ ਸੀ।
ਬੇਸ਼ੱਕ ਹੁਣ ਦੇ ਆਧੁਨਿਕ ਸਮਿਆਂ ਵਿੱਚ ਇਨ੍ਹਾਂ ਸਿੱਕਿਆਂ ਦੀ ਕਿਤੇ ਕਤਾਈਂ ਵਰਤੋਂ ਕੀਤੀ ਜਾਂਦੀ ਹੈ, ਪਰ ਬਹੁਤ ਘੱਟ ਕਿਉਂਕਿ ਹੁਣ ਲੋਕ ਜ਼ਿਆਦਾ ਨੋਟਾਂ ਵਾਲੇ ਹੋ ਗਏ ਕਰਕੇ ਇਨ੍ਹਾਂ ਪੈਸਿਆ ਦੀ ਵਰਤੋਂ ਕਰਨ ਨੂੰ ਆਪਣੀ ਹੇਠੀ ਵੀ ਸਮਝਦੇ ਨੇ ਤੇ ਨਾਲ ਹੀ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਖੁੱਲ੍ਹੇ ਛੁੱਟੇ ਪੈਸਿਆਂ ਦਾ ਕਹਿ ਲਈਏ ਜਾਂ ਫਿਰ ਭਾਨ ‘ਤੇ ਅਜਿਹਾ ਬੈਨ ਲਾਇਆ ਹੈ ਕਿ ਬਹੁਤ ਲੱਭਿਆ ਵੀ ਨਹੀਂ ਲੱਭਦੇ। ਉਂਜ ਆਮ ਕਹਾਵਤ ਵੀ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ,ਹੁਣ ਵੀ ਕ? ਵਪਾਰੀਆਂ ਨੇ ਭਾਨ ਦਾ ਜਾਂ ਡੱਬਰ ਪੈਸਿਆਂ ਦਾ ਵਪਾਰ ਵੀ ਕਰ ਰੱਖਿਆ ਹੈ।
ਅਜੋਕੇ ਸਮੇਂ ਵਿੱਚ ਤਾਂ ਆਮ ਦੁਕਾਨਦਾਰ ਜੇਕਰ ਕਿਸੇ ਮਾੜੇ ਮੰਗਤੇ ਨੂੰ ਇੱਕ ਰੁਪਏ ਦਾ ਸਿੱਕਾ ਦਿੰਦਾ ਹੈ ਤਾਂ ਅੱਗੋਂ ਕਈ ਕਿਸਮ ਦੀਆਂ ਗੱਲਾਂ ਬਾਤਾਂ ਸੁਣਾਉਂਦਾ ਕਹਿੰਦਾ ਹੈ ਕਿ ਸੇਠ ਜੀ, ਇਹਨੂੰ ਸੰਭਾਲ ਕੇ ਰੱਖੋਂ ਕਿਤੇ ਤੁਹਾਡੇ ਕੰਮ ਆਵੇਗਾ। ਮਤਲਬ ਓਹ ਇੱਕ ਰੁਪੱਈਆ ਨਹੀਂ ਬਲਕਿ ਦਸ ਰੁਪਏ ਤੋਂ ਘੱਟ ਪੈਸੇ ਲੈਣ ਨੂੰ ਆਪਣੀ ਹੱਤਕ ਸਮਝਦਾ ਹੈ।ਇਹ ਗੱਲ ਵੀ ਬਿਲਕੁਲ ਹਕੀਕਤ ਹੈ ਕਿ ਪਹਿਲੇ ਭਾਵ ਭਲਿਆਂ ਸਮਿਆਂ ਦਾ ਰੁਪੱਈਆਂ ਤੇ ਹੁਣ ਦੇ ਦਸ ਰੁਪਏ ਹੈ ਵੀ ਤਾਂ ਬਰਾਬਰ ਹੀ?
ਕਦੇ ਇਹ ਸਮੇਂ ਸਨ ਕਿ ਖੁੱਲ੍ਹੇ ਪੈਸਿਆਂ ਬਿਨਾਂ ਸਰਦਾ ਨਹੀਂ ਸੀ
ਸੋ ਦੋਸਤੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ ਕਦੇ ਇਹ ਸਮੇਂ ਸਨ ਕਿ ਖੁੱਲ੍ਹੇ ਪੈਸਿਆਂ ਬਿਨਾਂ ਸਰਦਾ ਨਹੀਂ ਸੀ, ਬੱਸਾਂ ਵਾਲੇ ਵੀ ਪਹਿਲਾਂ ਹੀ ਕਹਿ ਦਿਆ ਕਰਦੇ ਸਨ ਕਿ ਪੈਸੇ ਖੁਲ੍ਹੇ ਹੋਣ ਪਰ ਜੇਕਰ ਕਿਸੇ ਨੇ ਇੱਕ ਰੁਪੱਈਆ ਮੋੜਨਾ ਹੈ ਤਾਂ ਓਹ ਮੋੜਕੇ ਰਾਜ਼ੀ ਨਹੀਂ ਤੇ ਜੇ ਕਿਸੇ ਨੇ ਮੁੜਵਾਉਣਾ ਹੈ ਤਾਂ ਓਹ ਮੰਗਕੇ ਰਾਜ਼ੀ ਨਹੀਂ ਚੱਲ ਛੱਡ ਯਾਰ, ਇੱਕ ਰੁਪੱਈਆ ਕੀ ਮੰਗੀਏ? ਬਦਲੇ ਸਮੇਂ ਨਾਲ ਬਦਲਣਾ ਇਨਸਾਨ ਦੀ ਫਿਤਰਤ ਵੀ ਹੈ ਤੇ ਮਜ਼ਬੂਰੀ ਵੀ।ਪਰ ਕਦੇ-ਕਦਾਈਂ ਇਹ ਗੱਲਾਂ ਬਾਤਾਂ ਪਾਠਕਾਂ ਸਰੋਤਿਆਂ ਨਾਲ ਸਾਂਝੀਆਂ ਕਰਨ ਨੂੰ ਦਿਲ ਜ਼ਰੂਰ ਕਰ ਆਉਂਦਾ ਹੈ ਤੇ ਇਸੇ ਬਹਾਨੇ ਕਈ ਹਮ ਉਮਰ ਦੋਸਤ ਆਪਣੇ ਬਚਪਨ ਵਿੱਚ ਗੇੜਾ ਵੀ ਲਾ ਆਉਂਦੇ ਹਨ।ਸਦਾ ਖੁਸ਼ ਰਹੋ ਦੋਸਤੋ ਕਦੇ ਕਦੇ ਬਚਪਨ ਯਾਦ ਕਰਦਿਆਂ ਰਹਿਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.