ਕਬੱਡੀ ਦਾ ਅਣਗੌਲਿਆ ਹੀਰਾ, ਸੋਮਾ ਘਰਾਚੋਂ
ਚੜ੍ਹਦੀ ਜਵਾਨੀ ਰੰਗ ਮਿੱਤਰੋ,
ਚੜ੍ਹਦੇ ਤੋਂ ਚੜ੍ਹਦਾ ਵਿਖਾਉਂਦੀ ਏ
ਮੇਲੇ ਵਾਲੇ ਪਿੰਡ ‘ਚ ਘਰਾਚੋਂ ਵੱਸਦਾ,
ਮੇਲ ਜੀਹਦਾ ਜਿੰਦੜੀ ਇਹ ਚਾਹੁੰਦੀ ਏ
ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਦੀ ਬੁੱਕਲ ‘ਚ ਵੱਸੇ ਪਿੰਡ ਘਰਾਚੋਂ ਵਿਖੇ ਸੰਤ ਬਾਬਾ ਫਕੀਰੀਆ ਦਾਸ ਜੀ ਦੀ ਯਾਦ ਵਿੱਚ ਹਰ ਸਾਲ ਬਹੁਤ ਵੱਡਾ ਮੇਲਾ ਲੱਗਦਾ ਹੈ ਅਤੇ ਦੂਰ-ਦੁਰਾਡੇ ਦੇ ਲੋਕ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਲਈ ਪਹੁੰਚਦੇ ਹਨ। ਉਸੇ ਦਿਨ ਹੀ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਖੂਬਸੂਰਤ ਮੈਦਾਨ ਵੀ ਸੱਜਦਾ ਹੈ।
ਮੇਲੇ ਵਾਲੇ ਦਿਨ ਹੋਣ ਵਾਲੇ ਇਸ ਕਬੱਡੀ ਟੂਰਨਾਮੈਂਟ ਦੀ ਬਦੌਲਤ ਹੀ ਸਾਡੀ ਮਾਣਮੱਤੀ ਖੇਡ ਨੂੰ ਸੋਮਾ ਘਰਾਚੋਂ ਨਾਂਅ ਦਾ ਇੱਕ ਅਜਿਹਾ ਪ੍ਰਸਿੱਧ ਖਿਡਾਰੀ ਮਿਲਿਆ, ਜਿਸ ਨੇ ਆਪਣੇ ਪਿੰਡ ਘਰਾਚੋਂ ਦਾ ਨਾ ਅਸਮਾਨੀ ਬਿਜਲੀ ਵਾਂਗ ਚਮਕਣ ਲਾ ਦਿੱਤਾ ਅਤੇ ਉਸ ਦੀ ਧੁਰੰਦਰ ਖੇਡ ਦੀਆਂ ਸਿਫਤਾਂ ਰਹਿੰਦੀ ਦੁਨੀਆਂ ਤੱਕ ਹੁੰਦੀਆਂ ਰਹਿਣਗੀਆਂ ।
ਸੰਨ 1975 ਦੇ ਚੌਥੇ ਮਹੀਨੇ ਦੀ 19 ਤਰੀਖ ਨੂੰ ਪਿਤਾ ਸ੍ਰੀ ਦੇਵੀ ਦਿਆਲ ਦੇ ਘਰ ਮਾਤਾ ਸ੍ਰੀਮਤੀ ਮੁਖਤਿਆਰ ਕੌਰ ਦੀ ਕੁੱਖੋਂ ਜਨਮਿਆ ਸੋਮਾ ਛੋਟੀ ਉਮਰ ਤੋਂ ਹੀ ਆਪਣੇ ਪਿੰਡ ਦੇ ਕਬੱਡੀ ਟੂਰਨਾਮੈਂਟ ‘ਤੇ ਲੱਗਦੇ ਜੱਫੇ ਅਤੇ ਪੈਂਦੀਆਂ ਰੇਡਾਂ ਨੂੰ ਬੜੀ ਰੀਝ ਨਾਲ ਵੇਖਦਾ ਹੁੰਦਾ ਸੀ। ਉਸ ਸਮੇਂ ਦਾ ਪ੍ਰਸਿੱਧ ਖਿਡਾਰੀ ਹਰਿਆਣੇ ਵਾਲਾ ਰਾਮ ਕੁਮਾਰ ਪੱਪੂ ਚੌਧਰੀ ਵੀ ਘਰਾਚੋਂ ਦੇ ਟੂਰਨਾਮੈਂਟ ‘ਤੇ ਖੇਡਣ ਆਉਂਦਾ ਤਾਂ ਉਸਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਸੋਮੇ ਦੇ ਮਨ ਵਿੱਚ ਵੀ ਖਿਡਾਰੀ ਬਣਨ ਦਾ ਇੱਕ ਅਜਿਹਾ ਸ਼ੌਂਕ ਪੈਦਾ ਹੋਇਆ ਕਿ ਉਸਨੇ ਆਪਣੇ ਸੱਤ ਭਰਾਵਾਂ ਨਾਲ ਮਿਲ ਕੇ ਕਦੇ ਪਿੰਡ ਦੇ ਸਿਵਿਆਂ ਵਿੱਚ ਅਤੇ ਕਦੇ ਪਿੰਡ ਦੇ ਸਕੂਲ ਵਿੱਚ ਮੈਦਾਨ ਤਿਆਰ ਕਰਕੇ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ
ਕਿਉਂਕਿ ਉਨ੍ਹਾਂ ਸਮਿਆਂ ਵੇਲੇ ਅੱਜ ਦੇ ਮੁਕਾਬਲੇ ਪਿੰਡਾਂ ਵਿੱਚ ਖੇਡ ਮੈਦਾਨ ਬਹੁਤ ਘੱਟ ਹੁੰਦੇ ਸਨ। ਆਪਣੇ ਸਮੇਂ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਕਰਤਾਰ ਸਿੰਘ ਘਰਾਚੋਂ ਦੇ ਲਾਡਲੇ ਪੋਤਰੇ ਸੋਮੇ ਦਾ ਭਾਰ ਉਦੋਂ 28 ਕੁ ਕਿੱਲੋ ਦੇ ਕਰੀਬ ਸੀ ਜਦੋਂ ਉਸਨੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਖੇਡ ਮੇਲੇ ‘ਤੇ ਪਹਿਲੀ ਵਾਰ ਵਜ਼ਨੀ ਮੁਕਾਬਲਿਆਂ ਵਿੱਚ ਪੈਰ ਧਰਿਆ।
ਮਸ਼ਹੂਰ ਗੀਤਕਾਰ ਅਤੇ ਪ੍ਰਸਿੱਧ ਹਾਕੀ ਖਿਡਾਰੀ ਸਵ. ਅਜਮੇਰ ਘਰਾਚੋਂ ਦੇ ਛੋਟੇ ਵੀਰ ਸੋਮੇ ਨੇ ਸਕੂਲੀ ਸਮੇਂ ਦੌਰਾਨ ਅਥਲੈਟਿਕਸ ਅਤੇ ਹਾਕੀ ਦੀ ਖੇਡ ਵਿੱਚ ਵੀ ਸਟੇਟ ਪੱਧਰ ਤੱਕ ਮੱਲਾਂ ਮਾਰੀਆਂ। ਕਬੱਡੀ ਦਾ ਸਟਾਰ ਬਣਨ ਲਈ ਜਾਗਦੀਆਂ ਅੱਖਾਂ ਨਾਲ ਸੁਪਨੇ ਵੇਖਣ ਵਾਲੇ ਸੋਮੇ ਨੇ ਪਿੰਡ ਦੇ ਪੁਰਾਣੇ ਖਿਡਾਰੀ ਉਸਤਾਦ ਅਮਰੀਕ ਸਿੰਘ, ਕੇਸਰ ਬਾਬਾ, ਸੁਰਿੰਦਰ ਕੁਮਾਰ ਅਤੇ ਲਾਲਾ ਘਰਾਚੋਂ ਤੋਂ ਦਾਅ-ਪੇਚ ਸਿੱਖ ਕੇ ਪੌੜੀ ਦਰ ਪੌੜੀ ਅੱਗੇ ਵਧਦੇ ਹੋਏ ਓਪਨ ਕਬੱਡੀ ਦੀ ਟੀਮ ਤਿਆਰ ਕਰ ਲਈ।
ਸੰਨ 1999 ਵਿੱਚ ਦਿੜ੍ਹਬਾ ਵਿਖੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦਾ ਸ਼ੋਅ ਮੈਚ ਖੇਡਿਆ ਗਿਆ ਤਾਂ ਸੋਮੇ ਦੇ ਨਾਲ ਉਸਦੇ ਸਾਥੀ ਖਿਡਾਰੀ ਦਰਸ਼ਨ ਬਚੀ ਘਰਾਚੋਂ, ਝੰਡਾ ਘਰਾਚੋਂ, ਕਸ਼ਮੀਰ ਘਰਾਚੋਂ (ਸੋਮੇ ਦਾ ਚਚੇਰਾ ਭਰਾ) ਅਤੇ ਬਿੰਦਰ ਘਰਾਚੋਂ ਨੂੰ ਵੀ ਭਾਰਤ ਦੀ ਟੀਮ ਲਈ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇੱਕੋ ਪਿੰਡ ਦੇ ਪੰਜ ਖਿਡਾਰੀਆਂ ਨੇ ਭਾਰਤ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਟੀਮ ਨੂੰ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।
1999 ਵਿੱਚ ਹੀ ਭੀਖੀ ਦੇ ਟੂਰਨਾਮੈਂਟ ਤੋਂ ਪਹਿਲੀ ਵਾਰ ਸਰਵੋਤਮ ਧਾਵੀ ਦਾ ਖਿਤਾਬ ਜਿੱਤਣ ਵਾਲੇ ਸੋਮੇ ਨੇ ਪੰਜਾਬ ਪੁਲਿਸ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੀਆਂ ਟੀਮਾਂ ਲਈ ਅਣਗਿਣਤ ਮੈਚ ਖੇਡੇ ਅਤੇ ਜਿੱਤੇ। ਪਿੰਡ ਬਾਦਲ ਵਿਖੇ ਖੇਡੇ ਗਏ ਭਾਰਤ ਅਤੇ ਪਾਕਿਸਤਾਨ ਦੇ ਮੈਚ ਵਿੱਚ ਸੋਮੇ ਨੂੰ ਭਾਰਤ ਦੀ ਟੀਮ ਲਈ ਇੱਕ ਵਾਰ ਫਿਰ ਖੇਡਣ ਦਾ ਮਾਣ ਮਿਲਿਆ ਅਤੇ ਉਸਨੇ ਨਾਨ-ਸਟਾਪ ਰੇਡਾਂ ਪਾਉਂਦੇ ਹੋਏ ਆਪਣੀ ਟੀਮ ਦੀ ਝੋਲੀ ਵਿੱਚ ਜਿੱਤ ਪਾਈ।
62 ਕੁ ਕਿਲੋ ਭਾਰ ਵਾਲੇ ਸੋਮੇ ਨੇ ਪਾਕਿਸਤਾਨ ਅਤੇ ਕੈਨੇਡਾ ਵਰਗੀਆਂ ਤਕੜੀਆਂ ਟੀਮਾਂ ਦੇ ਖਿਲਾਫ ਭਾਰਤ ਦੀ ਟੀਮ ਲਈ ਜਦੋਂ ਵੀ ਰੇਡਾਂ ਪਾਈਆਂ ਤਾਂ ਉਸਦੀ ਟੀਮ ਨੂੰ ਜਿੱਤ ਹੀ ਨਸੀਬ ਹੋਈ। ਪ੍ਰਸਿੱਧ ਖਿਡਾਰੀ ਸਵ. ਬਿੱਟੂ ਦੁਗਾਲ ਅਤੇ ਸ਼ੀਰਾ ਪਿੱਥੋਂ ਦੀ ਖੇਡ ਦੇ ਮੁਰੀਦ ਸੋਮੇ ਨੇ ਪੰਜਾਬ ਅਤੇ ਹਰਿਆਣੇ ਦੇ ਸੈਂਕੜੇ ਹੀ ਖੇਡ ਮੈਦਾਨਾਂ ਵਿੱਚ ਜਿੱਤ ਦੇ ਝੰਡੇ ਗੱਡੇ ਹਨ।
ਦਿੜ੍ਹਬਾ, ਬੇਗੋਵਾਲ, ਬਾਦਲ ਅਤੇ ਜ਼ੀਰਕਪੁਰ ਤੋਂ ਇਲਾਵਾ ਹੋਰ ਵੀ ਅਨੇਕਾਂ ਹੀ ਮੈਦਾਨ ਉਸ ਦੀ ਜਿੱਤ ਦੀ ਗਵਾਹੀ ਭਰਦੇ ਹਨ। ਪੁਰਾਣੇ ਖਿਡਾਰੀ ਅਤੇ ਦਰਸ਼ਕਾਂ ਦੀ ਜ਼ੁਬਾਨੋਂ ਇਹ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਜਿਸ ਵੀ ਟੂਰਨਾਮੈਂਟ ‘ਤੇ ਸੋਮਾ ਖੇਡਣ ਜਾਂਦਾ ਤਾਂ ਉਸ ਪਿੰਡ ਵਿਚ ਅਨਾਊਂਸਮੈਂਟ ਹੁੰਦੀ ਸੀ ਕਿ ਅੱਜ ਘਰਾਚੋਂ ਵਾਲਾ ਸੋਮਾ ਖੇਡਣ ਆਇਆ ਹੈ ਅਤੇ ਦੂਰ-ਨੇੜੇ ਦੇ ਲੋਕ ਆਪਣੇ ਕੀਮਤੀ ਕੰਮ-ਧੰਦੇ ਛੱਡ ਕੇ ਟਰਾਲੀਆਂ, ਸਾਈਕਲਾਂ ‘ਤੇ ਚੜ੍ਹ ਕੇ ਸੋਮੇ ਦੀ ਖੇਡ ਵੇਖਣ ਆਉਂਦੇ।
ਸਵਾ ਦੋ ਦਹਾਕੇ (23 ਸਾਲ) ਮੈਦਾਨਾਂ ਵਿੱਚ ਬੱਲੇ-ਬੱਲੇ ਕਰਵਾਉਣ ਵਾਲਾ ਸੋਮਾ ਘਰਾਚੋਂ ਨਾ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਨਜ਼ਰੀਂ ਪਿਆ ਅਤੇ ਨਾ ਹੀ ਕਿਸੇ ਖੇਡ ਪ੍ਰਮੋਟਰ ਨੇ ਉਸਦੀ ਬਾਂਹ ਫੜੀ। ਇੱਕ ਅਣਥੱਕ ਯੋਧਾ ਅਤੇ ਕਬੱਡੀ ਦਾ ਸੂਰਮਾ ਸੋਮਾ ਘਰਾਚੋਂ ਅੱਜ-ਕੱਲ੍ਹ ਆਪਣੀ ਹਮਸਫ਼ਰ ਹਰਪ੍ਰੀਤ ਕੌਰ, ਬੇਟੀ ਜਗਜੀਤ ਕੌਰ, ਬੇਟੇ ਸੁਖਬੀਰ ਸਿੰਘ ਅਤੇ ਸੁਖਜੀਤ ਸਿੰਘ ਨਾਲ ਆਪਣੀ ਜਨਮ ਭੂਮੀ ਪਿੰਡ ਘਰਾਚੋਂ ਵਿਖੇ ਰਹਿੰਦਾ ਹੋਇਆ ਦਾਣਾ ਮੰਡੀ ਵਿੱਚ ਮਜ਼ਦੂਰੀ ਕਰਕੇ ਅਤੇ ਕਬੱਡੀ ਦੇ ਕੈਂਪ ਲਾ ਕੇ ਗੁਜ਼ਾਰਾ ਕਰ ਰਿਹਾ ਹੈ ।
ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਕਬੱਡੀ ਦਾ ਸੋਮਾ ਸਦਾ ਸਲਾਮਤ ਰਹੇ ਅਤੇ ਕੋਈ ਕਦਰਦਾਨ ਅੱਗੇ ਹੋ ਕੇ ਇਸ ਅਣਗੌਲੇ ਹੋਏ ਹੀਰੇ ਦੀ ਕਦਰ ਪਾਵੇ ।
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ’,
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।