ਹਾਈਵੋਲਟੇਜ ਤਾਰਾਂ ਨਾਲ ਲੱਗਣ ਕਾਰਨ ਟਰੱਕ ਨੂੰ ਲੱਗੀ ਅੱਗ
ਪਰਾਲੀ ਨਾਲ ਭਰਿਆ ਹੋਇਆ ਸੀ ਟਰੱਕ
ਮੋਗਾ , ਵਿੱਕੀ ਕੁਮਾਰ। ਬੁੱਧਵਾਰ ਨੂੰ ਮੋਗਾ ਦੇ ਫਿਰੋਜਪੁਰ ਰੋਡ ਦੇ ਨਜ਼ਦੀਕ ਦੁੱਨੇਕੇ ਪੁਲ ਦਰਮਿਆਨ ਨਹਿਰ ਦੀ ਪਟੜੀ ਤੋਂ ਲੰਘ ਰਿਹਾ ਪਰਾਲੀ ਨਾਲ ਭਰਿਆ ਟਰੱਕ ਬਿਜਲੀ ਦੀਆਂ ਹਾਈਵੋਲਟੇਜ (High voltage) ਤਾਰਾਂ ਨਾਲ ਟਕਰਾਉਣ ਕਰਕੇ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਤੀਰਥ ਸਿੰਘ ਨੇ ਦੱਸਿਆ ਕਿ ਉਹ ਪਿੰਡ ਖੋਸਾ ਪਾਂਡੋ ਤੋਂ ਪਰਾਲੀ ਭਰ ਕੇ ਟਰੱਕ ਪਾਵਰ ਪਲਾਂਟ ਹਕੂਮਤਵਾਲਾ ਜ਼ਿਲ੍ਹਾ ਫਿਰੋਜਪੁਰ ਵਿਖੇ ਲਿਜਾ ਰਿਹਾ ਸੀ ਪਰ ਜਦੋਂ ਉਹ ਫਿਰੋਜਪੁਰ ਰੋਡ ‘ਤੇ ਜਾਣ ਲਈ ਜੀਰਾ ਰੋਡ ਨਹਿਰ ਦੇ ਨਾਲ ਬਣੇ ਬਾਈਪਾਸ ਤੋਂ ਨਿਕਲਣਾ ਚਾਹਿਆ ਤਾਂ ਲਾਕਡਾਊਨ ਹੋਣ ਕਰਕੇ ਪੁਲ ਉਪਰ ਪੰਜਾਬ ਪੁਲਿਸ ਦੇ ਨਾਕੇ ‘ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਗੱਡੀ ਨੂੰ ਇਸ ਰੋਡ ਲਿਜਾਣ ਲਈ ਮਨ੍ਹਾਂ ਕੀਤਾ।
ਉਸਨੇ ਆਪਣਾ ਟਰੱਕ ਮੰਜਿਲ ‘ਤੇ ਪਹੁੰਚਣ ਲਈ ਨਹਿਰ ਦੇ ਨਾਲ ਦੁੱਨੇਕੇ ਵਾਲੇ ਪਾਸੇ ਰੋਡ ਤੋਂ ਫਿਰੋਜਪੁਰ ਰੋਡ ਉਪਰ ਜਾਣ ਦੀ ਕੋਸ਼ਿਸ ਕੀਤੀ ਤਾਂ ਰਸਤੇ ਵਿੱਚ ਹਾਈਵੋਲਟੇਜ ਤਾਰਾਂ ਨਾਲ ਟਰੱਕ ਟਕਰਾ ਗਿਆ ਜਿਸ ਨਾਲ ਪਰਾਲੀ ਨੂੰ ਅੱਗ ਲੱਗ ਗਈ ਅਤੇ ਲੋਕਾਂ ਵੱਲੋਂ ਰੌਲਾ ਪਾਉਣ ‘ਤੇ ਡਰਾਈਵਰ ਨੇ ਟਰੱਕ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਅਤੇ ਲੋਕਾਂ ਨੇ ਫਾਇਰ ਬ੍ਰਿਗੇਡ ਮੋਗਾ ਨੂੰ ਫੋਨ ਕੀਤਾ। ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਆਈ। ਜਦੋਂ ਇੱਕ ਗੱਡੀ ਤੋਂ ਅੱਗ ‘ਤੇ ਕਾਬੂ ਨਾ ਪਿਆ ਤਾਂ ਮੌਕੇ ‘ਤੇ ਦੋ ਹੋਰ ਗੱਡੀਆਂ ਮੰਗਵਾਈਆਂ ਗਈਆਂ। ਅਖੀਰ ਤਿੰਨ ਗੱਡੀਆਂ ਨੇ ਪਹੁੰਚ ਕੇ ਜਦੋ-ਜਹਿਦ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਸਮੇਂ ਤੱਕ ਟਰੱਕ ਪੂਰਾ ਸੜਕੇ ਸੁਆ ਹੋ ਚੁੱਕਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।