ਸਾਹਿਤ ਦੀਆਂ ਕਿਤਾਬਾਂ ਲੋੜਵੰਦ ਪਾਠਕਾਂ ਤੱਕ ਨਾ ਪਹੁੰਚਣ ਦਾ ਰੁਝਾਨ ਖਤਰਨਾਕ

Literature Books

ਦੇਸ਼ ਦੇ ਰਾਜਨੀਤਿਕ ਆਗੂਆਂ ਨੇ ਉਦੋਂ ਲੋਕਾਂ ਦੀ ਸੋਚ ਤੇ ਹਲਾਤਾਂ ਵਿੱਚ ਵੱਡੀ ਤਬਦੀਲੀ ਲਿਆ ਦਿੱਤੀ ਜਦ ਉਨ੍ਹਾਂ ਨੇ ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ, ਚੱਲੋ ਇਹ ਸਹੂਲਤਾਂ ਸਿਹਤ, ਸਿੱਖਿਆ ਤੱਕ ਤਾਂ ਸਹੀ ਸਨ ਪਰ ਇਹ ਤਾਂ ਇਸ ਤੋਂ ਅੱਗੇ ਨਿੱਕਲ ਕੇ ਲੋਕਾਂ ਦੇ ਵਿਆਹਾਂ, ਮਰਨਿਆਂ ਤੱਕ ਪਹੁੰਚ ਗਈਆਂ। ਲੋਕਾਂ ਨੂੰ ਮੁਫ਼ਤ ਦਾ ਲਾਲਚ ਤੇ ਸਿਆਸੀ ਪਾਰਟੀਆਂ ਨੂੰ ਸੱਤਾ ’ਤੇ ਕਾਬਜ ਹੋਣ ਦੀ ਲਾਲਸਾ ਨੇ ਦੇਸ਼ ਨੂੰ ਇੱਕ ਹਾਸ਼ੀਏ ੳੱੁਪਰ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸੇ ਵਾਅਦਿਆਂ ਕਾਰਨ ਅੱਜ ਪੰਜਾਬ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਸਿਆਸੀ ਲੋਕਾਂ ਵੱਲੋਂ ਫੈਲਾਇਆ ਇਹ ਮੁਫ਼ਤ ਸਹੂਲਤਾਂ ਦਾ ਜਾਲ ਸਿਰਫ਼ ਰਾਜਨੀਤੀ ਤੱਕ ਹੀ ਨਹੀਂ ਰੁਕਿਆ ਸਗੋਂ ਇਸ ਨੇ ਆਪਣੇ ਕਲਾਵੇ ’ਚ ਪੰਜਾਬੀ ਸਾਹਿਤ ਨੂੰ ਵੀ ਜਕੜ ਲਿਆ ਹੈ।

ਮੁਫ਼ਤ ਕਿਤਾਬ ਮਿਲੇਗੀ ਜਾਂ ਨਹੀਂ? | Literature Books

ਕੁਝ ਸੱਜਣ ਸੋਚਦੇ ਹੋਣਗੇ ਪੰਜਾਬੀ ਸਾਹਿਤ ਵਿੱਚ ਮੁਫ਼ਤ ਵਾਲੀ ਗੱਲ ਕਿੱਥੋਂ ਆ ਗਈ? ਇਸ ਦਾ ਸਿਆਸੀ ਮੁਫ਼ਤ ਸਹੂਲਤਾਂ ਨਾਲ ਕੀ ਸੰਬੰਧ ਹੈ? ਜਾਂ ਉਨ੍ਹਾਂ ਦਾ ਸਾਹਿਤ ਨਾਲ ਕੀ ਸਬੰਧ ਹੈ? ਤਾਂ ਮੈਂ ਦੱਸ ਦੇਵਾਂ ਹੁਣ ਤਾਂ ਇਹ ਸਕੀਆਂ ਭੈਣਾਂ ਵਾਂਗ ਬਣ ਗਈਆਂ ਹਨ। ਕਿਉਂਕਿ ਜਿੱਥੇ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਲੋਕ, ਇਸ ਵਾਰ ਕਿਹੜੀ ਪਾਰਟੀ ਕੀ ਮੁਫ਼ਤ ਦੇਵੇਗੀ, ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ, ਉੱਥੇ ਹੀ ਹੁਣ ਕਿਸੇ ਲੇਖਕ ਦੀ ਕੋਈ ਨਵੀਂ ਕਿਤਾਬ ਆਉਂਦਿਆਂ ਵੱਡੀ ਗਿਣਤੀ ਲੇਖਕ ਭਾਈਚਾਰਾ ਸੋਚਣ ਲੱਗ ਜਾਂਦਾ ਹੈ ਕਿ ਕਿਤਾਬ ਦੇ ਰਿਲੀਜ਼ ਸਮਾਗਮ ਮੌਕੇ ਉਨ੍ਹਾਂ ਨੂੰ ਮੁਫ਼ਤ ਕਿਤਾਬ ਮਿਲੇਗੀ ਜਾਂ ਨਹੀਂ? ਉਹ ਇਹ ਵੀ ਆਸ ਲਾਉਂਦੇ ਹਨ ਕਿ ਲੇਖਕ ਖਾਸ ਤੌਰ ’ਤੇ ਉਨ੍ਹਾਂ ਨੂੰ ਮਿਲ ਕੇ ਆਪਣੀ ਕਿਤਾਬ ਭੇਂਟ ਕਰੇ। ਇਸ ਤਰ੍ਹਾਂ ਮੁਫ਼ਤ ਕਿਤਾਬ ਲੈਣ ਤੇ ਦੇਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ, ਜੋ ਪੰਜਾਬੀ ਸਾਹਿਤ ਲਈ ਘਾਤਕ ਸਾਬਤ ਹੋ ਰਿਹਾ ਹੈ।

ਮੁਫ਼ਤ ਕਿਤਾਬਾਂ ਵੰਡ ਕੇ ਅਕਸਰ ਹੀ ਲੇਖਕ ਇਸ ਗੱਲ ’ਤੇ ਇਤਰਾਜ਼ ਜਤਾਉਂਦੇ ਹਨ ਕਿ ਪੰਜਾਬੀ ਪਾਠਕ ਘਟ ਰਹੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਪਾਠਕਾਂ ਤੱਕ ਤੁਹਾਡੀ ਕਿਤਾਬ ਪਹੁੰਚੀ ਹੈ? ਸਾਰੀਆਂ ਕਿਤਾਬਾਂ ਤਾਂ ਵੱਖ-ਵੱਖ ਸਾਹਿਤ ਸਭਾਵਾਂ ਰਾਹੀਂ ਰਿਲੀਜ਼ ਸਮਾਗਮ ਕਰਵਾ ਕੇ ਮੁਫ਼ਤ ਵੰਡ ਦਿੱਤੀਆਂ ਜਾਂਦੀਆਂ, ਫਿਰ ਦੱਸੋ ਪਾਠਕ ਤੁਹਾਡੀ ਕਿਤਾਬ ਮੁੱਲ ਲੈ?ਕੇ ਕਿਵੇਂ ਪੜ੍ਹ ਸਕਦਾ ਹੈ?

ਕਸੂਰ ਕਿਤਾਬਾਂ ਵੰਡਣ ਵਾਲਿਆਂ ਦਾ

ਇੱਥੇ ਕਸੂਰ ਮੁਫ਼ਤ ਕਿਤਾਬਾਂ ਦੀ ਆਸ ਲਾਉਣ ਵਾਲਿਆਂ ਦਾ ਨਹੀਂ ਹੈ ਸਗੋਂ ਵੰਡਣ ਵਾਲਿਆਂ ਦਾ ਹੈ। ਕਿਉਂਕਿ ਉਨ੍ਹਾਂ ਨੂੰ ਇਹ ਲਾਲਚ ਹੁੰਦਾ ਹੈ ਕਿ ਸਾਡੀ ਕਿਤਾਬ ਪ੍ਰਸਿੱਧ ਲੇਖਕਾਂ ਤੱਕ ਪਹੁੰਚੇ, ਇਸ ਲਈ ਉਹ ਸਮਾਗਮ ਕਰਵਾਉਂਦੇ ਹਨ ਤੇ ਪ੍ਰਸਿੱਧ ਸਾਹਿਤਕਾਰਾਂ ਨੂੰ ਸੱਦਾ ਦੇ ਕੇ ਕਿਤਾਬ ਰਿਲੀਜ਼ ਵੀ ਕਰਵਾ ਦਿੰਦੇ ਹਨ ਤੇ ਉਨ੍ਹਾਂ ਨੂੰ ਕਿਤਾਬਾਂ ਵੀ ਦੇ ਦਿੰਦੇ ਹਨ। ਪਤਾ ਲੱਗਾ ਹੈ ਕਿ ਜਿਨ੍ਹਾਂ ਪ੍ਰਸਿੱਧ ਲੇਖਕਾਂ ਨੂੰ ਇਹ ਕਿਤਾਬਾਂ ਵੰਡੀਆਂ ਜਾਂਦੀਆਂ ਹਨ ਉਨ੍ਹਾਂ ਵਿੱਚੋਂ ਇੱਕ ਪ੍ਰਤੀਸ਼ਤ ਵੀ ਮੁਸ਼ਕਲ ਨਾਲ ਕਿਤਾਬ ਪੜ੍ਹਦੇ ਹਨ। ਮੁਫ਼ਤ ਕਿਤਾਬਾਂ ਵੰਡਣ ਦੀ ਰੀਤ ਨੇ ਹਰ ਵੱਡੇ-ਛੋਟੇ ਲੇਖਕ ਨੂੰ ਲਾਲਚੀ ਬਣਾ ਦਿੱਤਾ ਜਿਵੇਂ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ। ਇਸੇ ਕਾਰਨ ਹੀ ਹਰ ਇੱਕ ਲੇਖਕ ਸੋਚਦਾ ਹੈ ਕਿ ਕਿਤਾਬ ਮੁੱਲ ਖਰੀਦਣ ਨਾਲੋਂ ਮੁਫ਼ਤ ਵਿੱਚ ਮਿਲੇ, ਚਾਹੇ ਉਹ ਮੁਫ਼ਤ ਕਿਤਾਬ ਨੂੰ ਪੜ੍ਹਨ ਦੀ ਬਜਾਏ ਅਲਮਾਰੀ ਵਿੱਚ ਕੈਦ ਕਰਕੇ ਹੀ ਕਿਉਂ ਨਾ ਰੱਖੇ।

ਕਵੀ ਟਿੱਪਣੀ ਦੀ ਕਰਦਾ ਹੈ ਉਡੀਕ

ਇਸ ਰੁਝਾਨ ਤਹਿਤ ਕਵੀ ਆਪਣੀ ਕਿਤਾਬ ਤਾਂ ਵਿਦਵਾਨ ਲੇਖਕਾਂ ਨੂੰ ਦੇ ਦਿੰਦਾ ਹੈ ਪਰ ਉਨ੍ਹਾਂ ਕੋਲ ਸਮੇਂ ਦੀ ਘਾਟ ਜਾਂ ਰੁਚੀ ਨਾ ਹੋਣ ਕਰਕੇ ਉਹ ਪੜ੍ਹਨ ਵੱਲੋਂ ਰਹਿ ਜਾਂਦੀ ਹੈ ਤੇ ਜਿਸ ਆਸ ਤੇ ਟਿੱਪਣੀ ਦੀ ਉਮੀਦ ਵਿੱਚ ਇਹ ਕਿਤਾਬ ਦਿੱਤੀ ਹੁੰਦੀ ਹੈ ਉਸ ਉੱਪਰ ਪਾਣੀ ਫਿਰ ਜਾਂਦਾ ਹੈ। ਕਵੀ ਕਈ-ਕਈ ਮਹੀਨੇ ਉਨ੍ਹਾਂ ਦੀ ਟਿੱਪਣੀ ਦੀ ਉਡੀਕ ਕਰਦਾ ਹੈ। ਫਿਰ ਉਸ ਨੂੰ ਸਮਝ ਆ ਜਾਂਦੀ ਹੈ ਕਿ ਉਸ ਦੀ ਕਿਤਾਬ ਕਿਤੇ ਧੂੜ ਹੇਠ ਜਾਂ ਅਲਮਾਰੀ ਵਿੱਚ ਔਖੇ ਸਾਹ ਲੈ ਕੇ ਸਮਾਂ ਬਤੀਤ ਕਰ ਰਹੀ ਹੈ।

ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਥਾਂ-ਥਾਂ ਤੇ ਬਹੁ- ਗਿਣਤੀ ਪ੍ਰਸਿੱਧ, ਨਾਮਵਰ ਸਾਹਿਤਕਾਰਾਂ ਨੂੰ ਕਿਤਾਬ ਵੰਡ ਕੇ ਲੇਖਕ ਆਪਣੀ ਤੇ ਆਪਣੀ ਕਲਮ ਦੀ ਕਦਰ ਘਟਾ ਲੈਂਦਾ ਹੈ। ਦੂਜਾ, ਉਸਦੀ ਕਿਤਾਬ ਪੜ੍ਹਨ ਵਾਲੇ ਸਾਹਿਤਕ ਪਾਠਕਾਂ ਤੱਕ ਨਹੀਂ ਪਹੁੰਚਦੀ, ਕਿਤਾਬ ਦੀ ਵਿੱਕਰੀ ਨਾ ਦੇਖ ਪ੍ਰਕਾਸ਼ਨ ਉਸ ਦਾ ਦੂਜਾ ਆਡੀਸ਼ਨ ਛਾਪਣ ਤੋਂ ਹੱਥ ਖੜ੍ਹੇ ਕਰ ਦਿੰਦੇ ਹਨ। ਵਿਦੇਸ਼ੋਂ ਆਏ ਜਾਂ ਆਰਥਿਕ ਪੱਖੋਂ ਸਰਦੇ-ਪੁੱਜਦੇ ਲੇਖਕਾਂ ਲਈ ਇਹ ਰੁਝਾਨ ਫਾਇਦੇਮੰਦ ਵੀ ਹੈ ਕਿਉਂਕਿ ਉਨ੍ਹਾਂ ਨੂੰ ਵੱਡੇ-ਵੱਡੇ ਸਮਾਗਮ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਉਹ ਆਪਣੀ ਕਿਤਾਬ ਵੀ ਵੱਧ ਤੋਂ ਵੱਧ ਵੰਡਦੇ ਹਨ।

ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਉੱਘੇ ਸਾਹਿਤਕਾਰਾਂ ਨੂੰ ਮੁਫ਼ਤ ਕਿਤਾਬਾਂ ਵੰਡਣ ਦਾ ਰੁਝਾਨ ਹੀ ਇਨ੍ਹਾਂ ਵਿਦੇਸ਼ੀ ਤੇ ਅਮੀਰ ਲੇਖਕਾਂ ਨੇ ਸ਼ੁਰੂ ਕੀਤਾ ਹੈ ਜੋ ਉਨ੍ਹਾਂ ਲਈ ਤਾਂ ਠੀਕ ਹੋ ਸਕਦਾ ਹੈ ਪਰ ਆਰਥਿਕ ਪੱਖੋਂ ਕਮਜ਼ੋਰ ਸਾਹਿਤਕਾਰਾਂ ਲਈ ਸਰਾਪ ਬਣਦਾ ਜਾ ਰਿਹਾ ਹੈ ਉਹ ਮੁਸ਼ਕਿਲ ਨਾਲ ਪੈਸਾ ਖਰਚ ਕਰਕੇ ਕਿਤਾਬ ਛਪਾਉਂਦੇ ਹਨ ਪਰ ਸਮਾਗਮ ਆਦਿ ਕਰਨ ਦੀ ਪਹੁੰਚ ਨਾ ਹੋਣ ਕਰਕੇ ਕਿਤਾਬ ਕਿਸੇ ਦੇ ਵੀ ਹੱਥਾਂ ਤੱਕ ਨਹੀਂ ਪਹੁੰਚਦੀ।

ਆਪਣੀ ਕਿਤਾਬ ਦੂਜੇ ਲੇਖਕਾਂ ਨੂੰ

ਮੈਂ ਬਹੁਤ ਸਾਰੇ ਸਾਹਿਤਕ ਤੇ ਪੁਸਤਕ ਲੋਕ-ਅਰਪਣ ਸਮਾਗਮਾਂ ਉੱਪਰ ਜਾਂਦਾ ਰਿਹਾ ਉੱਥੇ ਜੋ ਦੇਖਿਆ ਉਸ ਤੋਂ ਤਾਂ ਇਹੀ ਸਿੱਟੇ ਉੱਪਰ ਪਹੁੰਚਿਆ ਕਿ ਇਸ ਲਈ ਕਿਤਾਬਾਂ ਵੰਡਣ ਵਾਲੇ ਹੀ ਅਸਲ ਕਸੂਰਵਾਰ ਹਨ, ਕਿਉਂਕਿ ਇੱਕ ਮਹੀਨੇ ਵਿੱਚ ਚਾਰ-ਪੰਜ ਸਾਹਿਤਕ ਸਮਾਗਮ ਆਮ ਜਿਹੀ ਗੱਲ ਹੈ ਤੇ ਉੱਥੇ ਹਰ ਕੋਈ ਲੇਖਕ, ਜਿਸ ਦੀ ਕਿਤਾਬ ਆਈ ਹੁੰਦੀ ਹੈ, ਉਹ ਆਪਣੀ ਕਿਤਾਬ ਦੂਜੇ ਲੇਖਕਾਂ ਨੂੰ ਦੇਣ ਵਿੱਚ ਵਧ ਦਿਲਚਸਪੀ ਰੱਖਦਾ ਹੈ ਜਿਸ ਕਾਰਨ ਇਨ੍ਹਾਂ ਲੇਖਕਾਂ ਕੋਲ ਮਹੀਨੇ ਵਿੱਚ ਵੀਹ-ਤੀਹ ਕਿਤਾਬਾਂ ਇਕੱਠੀਆਂ ਹੋ ਜਾਂਦੀਆਂ ਹੋਣਗੀਆਂ ਫਿਰ ਉਨ੍ਹਾਂ ਵਿੱਚੋਂ ਕਿਹੜੀ ਪੜ੍ਹਣਯੋਗ ਹੈ ਤੇ ਕਿਹੜੀ ਨਹੀਂ ਇਹ ਫੈਸਲਾ ਕਰ ਸਕਣਾ ਔਖਾ ਹੈ। ਜਿਸ ਹਿਸਾਬ ਨਾਲ ਸਮਾਗਮ ਹੁੰਦੇ ਹਨ ਤੇ ਉੱਥੇ ਸਿਰਫ਼ ਤੇ ਸਿਰਫ਼ ਨਾਮਵਰ ਹਸਤੀਆਂ ਨੂੰ ਪਹਿਲ ਦੇ ਆਧਾਰ ਉੱਪਰ ਕਿਤਾਬ ਦਿੱਤੀ ਜਾਂਦੀ ਉਸ ਹਿਸਾਬ ਨਾਲ ਸਾਲ ਵਿੱਚ ਪੰਜ ਸੌ ਤੋਂ ਹਜਾਰ ਕਿਤਾਬ ਤਾਂ ਉਨ੍ਹਾਂ ਨੂੰ ਮਿਲ ਹੀ ਜਾਂਦੀ ਹੋਵੇਗੀ ਇਸ ਲਈ ਪੜ੍ਹਨ ਬਾਰੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।

ਪੰਜਾਬ ਅੰਦਰ ਕਿਤਾਬ ਸੱਭਿਆਚਾਰ | Literature Books

ਜੇਕਰ ਅਸੀਂ ਸੱਚ ਵਿੱਚ ਹੀ ਪੰਜਾਬ ਅੰਦਰ ਕਿਤਾਬ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਾਂ ਤਾਂ ਜੋ ਲੇਖਕ ਆਰਥਿਕ ਪੱਖੋਂ ਚੰਗੇ ਹਨ ਤੇ ਉਹ ਆਪਣੀ ਕਿਤਾਬ ਵੰਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਵਧੇਰੇ ਕਿਤਾਬਾਂ ਪਿੰਡਾਂ, ਸ਼ਹਿਰਾਂ ਵਿੱਚ ਚੱਲ ਰਹੀਆਂ ਸਾਂਝੀਆਂ ਲਾਇਬ੍ਰੇਰੀਆਂ ਨੂੰ ਦੇਣੀਆਂ ਚਾਹੀਦੀਆਂ ਹਨ ਇਸ ਤੋਂ ਇਲਾਵਾ ਉਨ੍ਹਾਂ ਪਾਠਕਾਂ ਨੂੰ ਜੋ ਕਿਤਾਬਾਂ ਨੂੰ ਸਾਹ ਲੈਣ ਵਾਂਗ ਪੜ੍ਹਨਾ ਪਸੰਦ ਕਰਦੇ ਹਨ ਜਦੋਂ ਅਸੀਂ ਲੱਭਾਂਗੇ ਤਾਂ ਇਸ ਤਰ੍ਹਾਂ ਦੇ ਹਜ਼ਾਰਾਂ ਪਾਠਕ ਮਿਲ ਜਾਣਗੇ ਜੋ ਸਿਰਫ਼ ਪੜ੍ਹਨਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਦਿੱਤੀਆਂ ਜਾ ਸਕਦੀਆਂ ਹਨ। ਕਿਉਂਕਿ ਤੁਸੀਂ ਕਿਸੇ ਪ੍ਰਸਿੱਧ ਲੇਖਕ ਦੀ ਨਜ਼ਰੀਂ ਚੜ੍ਹ ਕੇ ਨਹੀਂ ਸਗੋਂ ਪਾਠਕਾਂ ਤੱਕ ਪਹੁੰਚ ਕੇ ਹੀ ਆਪਣਾ ਨਾਂਅ ਸਾਹਿਤ ਦੇ ਖੇਤਰ ਵਿੱਚ ਸਥਾਪਤ ਕਰ ਸਕਦੇ ਹੋ।

ਤੁਹਾਡੇ ਤੋਹਫੇ ਦੀ ਕਦਰ

ਕੁਝ ਕਵੀਆਂ ਨੇ ਇਸ ਰੁਝਾਨ ਨੂੰ ਤੋਹਫਿਆਂ ਦਾ ਵੀ ਨਾਂਅ ਦਿੱਤਾ ਹੈ ਪਰ ਕੋਈ ਪੁੱਛਣ ਵਾਲਾ ਹੋਵੇ ਕਿ ਬੇਰਾਂ ਵਾਂਗ ਤੋਹਫੇ ਕੌਣ ਵੰਡਦਾ ਹੈ ਤੇ ਉਹ ਵੀ ਉਨ੍ਹਾਂ ਨੂੰ ਜਿਨ੍ਹਾਂ ਕੋਲ ਬੇਰਾਂ ਦੀ ਬਜਾਏ ਹੋਰ ਕੀਮਤੀ ਫਲ ਹਨ ਦੂਜਾ, ਤੋਹਫੇ ਕਿਸੇ ਖਾਸ, ਜੋ ਦਿਲ ਦੇ ਨੇੜੇ ਹੋਣ, ਉਨ੍ਹਾਂ ਨੂੰ ਹੀ ਦਿੱਤੇ ਜਾਂਦੇ ਹਨ। ਉਹ ਤੁਹਾਡੇ ਤੋਹਫੇ ਦੀ ਕਦਰ ਵੀ ਕਰਦੇ ਨੇ ਤੇ ਉਸ ਨੂੰ ਸੰਭਾਲ ਕੇ ਰੱਖਣ ਲਈ ਫਿਕਰਮੰਦ ਵੀ ਹੁੰਦੇ ਨੇ। ਜੇਕਰ ਸੱਚ ਵਿੱਚ ਅਸੀਂ ਕਿਤਾਬਾਂ ਤੋਹਫਿਆਂ ਦੇ ਰੂਪ ਵਿੱਚ ਦੇਣਾ ਹੀ ਚਾਹੁੰਦੇ ਹਾਂ ਤਾਂ ਫਿਰ ਇਕੱਲੇ ਸਾਹਿਤਕ ਪ੍ਰੋਗਰਾਮਾਂ ਉੱਪਰ ਸਾਹਿਤਕਾਰਾਂ ਨੂੰ ਹੀ ਕਿਉਂ ਦਿੰਦੇ ਹਾਂ ਸਗੋਂ ਵਿਆਹਾਂ-ਸ਼ਾਦੀਆਂ, ਜਨਮਦਿਨ ਆਦਿ ਖੁਸ਼ੀ ਦੇ ਸਮਾਗਮਾਂ ਵਿੱਚ ਵੀ ਕੁਝ ਲੋਕਾਂ ਨੂੰ ਦੇ ਦੇਣੀਆਂ ਚਾਹੀਦੀਆਂ ਹਨ।

Literature Books ਕਿੱਥੇ ਪਹੁੰਚਣੀ ਜ਼ਰੂਰੀ?

ਮੈਨੂੰ ਲੱਗਦਾ ਹੈ ਇਸ ਪ੍ਰਤੀ ਪ੍ਰਸਿੱਧ, ਵਿਦਵਾਨ ਸਾਹਿਤਕਾਰਾਂ ਨੂੰ ਵੀ ਕੁਝ ਨਾ ਕੁਝ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਬਾਕੀ ਸਾਹਿਤਕਾਰਾਂ ਤੇ ਨਵੇਂ ਲੇਖਕਾਂ ਨੂੰ ਵੀ ਆਪਣੀ ਸੋਚ ਵਿੱਚ ਤਬਦੀਲੀ ਲਿਆਉਣੀ ਪਵੇਗੀ ਕਿਉਂਕਿ ਉਹ ਇਹੀ ਸੋਚਦੇ ਹਨ ਕਿ ਸਾਡੀਆਂ ਕਿਤਾਬਾਂ ਪਾਠਕਾਂ ਤੱਕ ਭਾਵੇਂ ਪਹੁੰਚਣ ਜਾਂ ਨਾ ਪਰ ਨਾਮਵਰ ਲੇਖਕਾਂ ਤੱਕ ਜਰੂਰ ਪਹੁੰਚਣੀਆਂ ਚਾਹੀਦੀਆਂ ਹਨ, ਉਸ ਲਈ ਖਾਸ ਤੌਰ ’ਤੇ ਸਮਾਗਮ ਕਰਵਾਉਂਦੇ ਹਨ। ਇਹ ਸੋਚ ਹੀ ਇਸ ਰੁਝਾਨ ਨੂੰ ਤੇਜ਼ੀ ਨਾਲ ਅੱਗੇ ਤੋਰ ਰਹੀ ਹੈ ਸੋ ਹੁਣ ਸਾਹਿਤ ਤੇ ਪਾਠਕ ਇਸ ਨੂੰ ਠੱਲ੍ਹਣ ਦੀ ਮੰਗ ਕਰ ਰਿਹਾ ਹੈ। ਕਿਉਂਕਿ ਜੇਕਰ ਅਸੀਂ ਅੱਜ ਇਸ ਨੂੰ ਠੱਲ੍ਹ ਨਾ ਪਾਈ ਤੇ ਆਪਣੀ ਸੋਚ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਰੁਝਾਨ ਪੰਜਾਬੀ ਸਾਹਿਤ ਲਈ ਬੇਹੱਦ ਘਾਤਕ ਸਾਬਤ ਹੋ ਸਕਦਾ ਹੈ। ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਲਮ ਤੇ ਕਿਰਤ ਉੱਪਰ ਭਰੋਸਾ ਕਰਨ, ਚੰਗੀਆਂ ਕਿਤਾਬਾਂ ਖੁਦ-ਬ-ਖੁਦ ਆਪਣੀ ਮੰਜ਼ਿਲ ਉੱਪਰ ਪਹੁੰਚ ਜਾਂਦੀਆਂ ਹਨ।

ਜਸਵੰਤ ਗਿੱਲ ਸਮਾਲਸਰ
ਮੋ. 97804-51878

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।