ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਯੂਕਰੇਨ ਜੰਗ ਦੇ...

    ਯੂਕਰੇਨ ਜੰਗ ਦੇ ਸੰਸਾਰ ’ਤੇ ਭਿਆਨਕ ਪ੍ਰਭਾਵ

    ਯੂਕਰੇਨ ਜੰਗ ਦੇ ਸੰਸਾਰ ’ਤੇ ਭਿਆਨਕ ਪ੍ਰਭਾਵ

    ਕੋਈ ਜ਼ਮਾਨਾ ਸੀ ਜਦੋਂ ਦੋ ਦੇਸ਼ ਲੜ ਕੇ ਹਟ ਵੀ ਜਾਂਦੇ ਸਨ ਪਰ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਨਾ ਤਾਂ ਕੋਈ ਫਰਕ ਪੈਂਦਾ ਸੀ ਤੇ ਨਾ ਹੀ ਕਿਸੇ ’ਤੇ ਕੋਈ ਅਸਰ ਹੁੰਦਾ ਸੀ। ਬੱਸ ਦੋ-ਚਾਰ ਦਿਨ ਅਖਬਾਰਾਂ ਦੀਆਂ ਖਬਰਾਂ ਪੜ੍ਹ-ਸੁਣ ਕੇ ਸਭ ਸ਼ਾਂਤ ਹੋ ਜਾਂਦੇ ਸਨ। ਜੰਗ ਦਾ ਸੰਸਾਰ ਪੱਧਰ ’ਤੇ ਪ੍ਰਭਾਵ ਪੈਣਾ ਪਹਿਲੀ ਤੇ ਖਾਸ ਤੌਰ ’ਤੇ ਦੂਸਰੀ ਸੰਸਾਰ ਜੰਗ ਤੋਂ ਬਾਅਦ ਸ਼ੁਰੂ ਹੋਇਆ ਸੀ। ਦੂਸਰੀ ਸੰਸਾਰ ਜੰਗ ਤੋਂ ਪਹਿਲਾਂ ਇੰਗਲੈਂਡ ਅਤੇ ਫਰਾਂਸ ਸੁਪਰ ਪਾਵਰ ਸਨ ਤੇ ਅਮਰੀਕਾ ਤੇ ਰੂਸ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਸੀ। ਉਸ ਸਮੇਂ ਅੱਧੇ ਤੋਂ ਵੱਧ ਦੁਨੀਆਂ ’ਤੇ ਇਨ੍ਹਾਂ ਦੋਵਾਂ ਦੇਸ਼ਾਂ (ਇੰਗਲੈਂਡ ਅਤੇ ਫਰਾਂਸ) ਦਾ ਹੀ ਕਬਜ਼ਾ ਸੀ।

    ਅਮਰੀਕਾ ਭਾਰੀ ਮੰਦੀ ਤੇ ਰੂਸ ਕਮਿਊਨਿਸਟ ਰਾਜ ਕਾਰਨ (ਪੱਛਮੀ ਦੇਸ਼ਾਂ ਨੇ ਉਸ ਦਾ ਬਾਈਕਾਟ ਕੀਤਾ ਹੋਇਆ ਸੀ) ਭੁੱਖਮਰੀ ਦੀ ਕਗਾਰ ’ਤੇ ਪਹੁੰਚੇ ਹੋਏ ਸਨ। ਪਰ ਸੰਸਾਰ ਜੰਗ ਵਿੱਚ ਸ਼ਾਮਲ ਹੁੰਦੇ ਸਾਰ ਇਨ੍ਹਾਂ ਦੋਵਾਂ ਦੇਸ਼ਾਂ ਦੀ ਕਿਸਮਤ ਪਲਟ ਗਈ। ਫੌਜੀ ਸਾਜੋ-ਸਾਮਾਨ ਤੇ ਹੋਰ ਉਤਪਾਦਾਂ ਦੀ ਮੰਗ ਇੱਕਦਮ ਸਿਖਰ ’ਤੇ ਪਹੁੰਚ ਜਾਣ ਕਾਰਨ ਦੀਵਾਲੀਆ ਹੋਣ ਕਿਨਾਰੇ ਪਹੁੰਚੀਆਂ

    ਅਮਰੀਕਾ ਦੀਆਂ ਫੈਕਟਰੀਆਂ ਤਿੰਨ-ਤਿੰਨ ਸ਼ਿਫਟਾਂ ਵਿੱਚ ਚੱਲਣ ਲੱਗੀਆਂ ਤੇ ਰੂਸ, ਜਿਸ ਨੂੰ ਕਦੇ ਯੂਰਪ ਦਾ ਬਿਮਾਰ ਦੇਸ਼ ਕਿਹਾ ਜਾਂਦਾ ਸੀ, ਨੇ ਅੱਧੇ ਦੇ ਕਰੀਬ ਯੂਰਪ ’ਤੇ ਕਬਜ਼ਾ ਕਰ ਲਿਆ। ਦੂਸਰੇ ਪਾਸੇ ਜੰਗ ਤੋਂ ਬਾਅਦ ਆਰਥਿਕ ਤੇ ਸੈਨਿਕ ਪੱਖੋਂ ਬਰਬਾਦ ਹੋਏ ਇੰਗਲੈਂਡ ਅਤੇ ਫਰਾਂਸ ਨੂੰ ਆਪਣੀਆਂ ਅੱਧੇ ਤੋਂ ਵੱਧ ਬਸਤੀਆਂ ਖਾਲੀ ਕਰਨੀਆਂ ਪਈਆਂ ਸਨ। ਦੂਜੀ ਸੰਸਾਰ ਜੰਗ ਤੋਂ ਬਾਅਦ ਜਿਸ ਜੰਗ ਨੇ ਸੰਸਾਰ ’ਤੇ ਸਭ ਤੋਂ ਵੱਧ ਬੁਰਾ ਪ੍ਰਭਾਵ ਪਾਇਆ ਹੈ, ਉਹ ਹੈ ਰੂਸ ਅਤੇ ਯੂਕਰੇਨ ਦੀ ਜੰਗ। ਜੰਗ ਦੀ ਸ਼ੁਰੂਆਤ ਵਿੱਚ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਕਰੀਮੀਆ ਵਾਂਗ ਇੱਕ ਸਥਾਨਕ ਝਗੜਾ ਹੈ, ਜੋ ਜ਼ਲਦੀ ਹੀ ਨਿੱਬੜ ਜਾਵੇਗਾ। ਪਰ ਜਿਵੇਂ-ਜਿਵੇਂ ਇਹ ਜੰਗ ਲੰਬੀ ਖਿੱਚਦੀ ਗਈ ਤੇ ਯੂਰਪੀਨ ਦੇਸ਼ ਅਤੇ ਅਮਰੀਕਾ ਇਸ ਵਿੱਚ ਸ਼ਾਮਲ ਹੋ ਗਏ,

    ਇਸ ਦੇ ਤਬਾਹਕੁੰਨ ਨਤੀਜੇ ਸੰਸਾਰ ਦੇ ਸਾਹਮਣੇ ਆਉਣ ਲੱਗ ਪਏ ਹਨ। ਸਭ ਤੋਂ ਬੁਰਾ ਪ੍ਰਭਾਵ ਸੰਸਾਰ ਦੀ ਅਨਾਜ ਅਤੇ ਊਰਜਾ ਦੀ ਸਪਲਾਈ ’ਤੇ ਪਿਆ ਹੈ। ਵਰਲਡ ਟਰੇਡ ਆਰਗੇਨਾਈਜ਼ੇਸ਼ਨ (ਡਬਲਿਊ.ਟੀ.ਉ.) ਅਨੁਸਾਰ ਰੂਸ-ਯੂਕਰੇਨ ਜੰਗ ਕਾਰਨ ਮਨੁੱਖਤਾ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਵੱਡੀ ਮੁਸੀਬਤ ਸਹਿਣੀ ਪੈ ਰਹੀ ਹੈ ਕਿਉਂਕਿ ਇਸ ਨੇ ਅੰਤਰਰਾਸ਼ਟਰੀ ਵਪਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਰੂਸ ਸੰਸਾਰ ਦਾ ਅਮਰੀਕਾ ਤੇ ਸਾਊਦੀ ਅਰਬ ਤੋਂ ਬਾਅਦ ਤੀਸਰਾ ਸਭ ਤੋਂ ਵੱਡਾ ਤੇਲ ਅਤੇ ਕੁਦਰਤੀ ਗੈਸ ਉਤਪਾਦਕ ਦੇਸ਼ ਹੈ।

    ਜ਼ਿਆਦਾਤਰ ਯੂਰਪੀਨ ਦੇਸ਼ ਊਰਜਾ ਦੀ ਪੂਰਤੀ ਲਈ ਰੂਸ ’ਤੇ ਨਿਰਭਰ ਹਨ। ਪਰ ਅਮਰੀਕਾ ਦੇ ਦਬਾਅ ਹੇਠ ਉਨ੍ਹਾਂ ਨੂੰ ਰੂਸ ਤੋਂ ਤੇਲ ਅਤੇ ਗੈਸ ਦੀ ਦਰਾਮਦ ’ਤੇ ਪਾਬੰਦੀਆਂ ਲਾਉਣੀਆਂ ਪੈ ਰਹੀਆਂ ਹਨ ਜਿਸ ਕਾਰਨ ਉੱਥੇ ਤੇ ਸੰਸਾਰ ਦੇ ਬਾਕੀ ਦੇਸ਼ਾਂ ਵਿੱਚ ਡੀਜ਼ਲ, ਪੈਟਰੋਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਛੜੱਪੇ ਮਾਰ ਕੇ ਵਧ ਰਹੀਆਂ? ਹਨ। ਤੇਲ ਦੀ ਕੀਮਤ ਵਧਣ ਕਾਰਨ ਰੋਜ਼ਮਰਾ ਦੀਆਂ ਵਸਤਾਂ ਵਧ ਰਹੀਆਂ ਹਨ। ਵਿਡੰਬਨਾ ਵੇਖੋ ਕਿ ਕੁਝ ਮਹੀਨੇ ਪਹਿਲਾਂ ਤੱਕ ਵੈਨੇਜ਼ੁਏਲਾ ਅਤੇ ਇਰਾਨ ਯੂਰਪੀਨ ਦੇਸ਼ਾਂ ਤੇ ਅਮਰੀਕਾ ਵਾਸਤੇ ਸ਼ੈਤਾਨ ਦੇਸ਼ ਸਨ ਜਿਨ੍ਹਾਂ ’ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਹੇਠ ਸਖਤ ਵਪਾਰਕ ਪਾਬੰਦੀਆਂ ਲਾਈਆਂ ਗਈਆਂ ਸਨ। ਪਰ ਹੁਣ ਯੂਕਰੇਨ ਸੰਕਟ ਕਾਰਨ ਉਹ ਇਨ੍ਹਾਂ ਦੇਸ਼ਾਂ ਤੋਂ ਹੀ ਤੇਲ ਹਾਸਲ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ।

    ਸੰਸਾਰ ਵਿੱਚ ਦੂਜਾ ਜਿਹੜਾ ਸਭ ਤੋਂ ਵੱਡਾ ਸੰਕਟ ਪੈਦਾ ਹੋ ਰਿਹਾ ਹੈ ਉਹ ਹੈ ਅਨਾਜ ਸੰਕਟ। ਰੂਸ ਸੰਸਾਰ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਤੇ ਬਰਾਮਦਕਾਰ ਦੇਸ਼ ਹੈ। ਉਹ ਸੰਸਾਰ ਦੇ ਕੁੱਲ ਅਨਾਜ ਦਾ 24% ਵਿਦੇਸ਼ਾਂ ਨੂੰ ਬਰਾਮਦ ਕਰਦਾ ਹੈ। ਯੂਕਰੇਨ ਵੀ ਸੰਸਾਰ ਦਾ ਪੰਜਵਾਂ ਸਭ ਤੋਂ ਵੱਡਾ ਬਰਾਮਦਕਾਰ ਦੇਸ਼ ਹੈ। ਉਸ ਨੇ 2021 ਵਿੱਚ 47 ਕਰੋੜ ਟਨ ਦੇ ਲਗਭਗ ਕਣਕ ਵਿਦੇਸ਼ਾਂ ਨੂੰ ਬਰਾਮਦ ਕੀਤੀ ਸੀ। ਇਸ ਜੰਗ ਕਾਰਨ ਅਮਰੀਕਾ ਦੇ ਦਬਾਅ ਕਾਰਨ ਬਹੁਤ ਘੱਟ ਦੇਸ਼ ਰੂਸ ਤੋਂ ਕਣਕ ਲੈ ਰਹੇ ਹਨ ਤੇ ਦੂਸਰੇ ਪਾਸੇ ਯੂਕਰੇਨ ਦੀਆਂ ਬੰਦਰਗਾਹਾਂ ਨੂੰ ਰੂਸ ਨੇ ਆਪਣੇ ਕਬਜ਼ੇ ਹੇਠ ਲੈ ਕੇ ਉਸ ਦੀ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ ਜਿਸ ਕਾਰਨ ਉੱਥੋਂ ਵਪਾਰਕ ਜ਼ਹਾਜਾਂ ਦਾ ਆਵਾਗਮਨ ਅਸੰਭਵ ਹੈ।

    ਰੂਸ ਪੱਛਮੀ ਦੇਸ਼ਾਂ ਤੇ ਯੂਕਰੇਨ ਨੂੰ ਬਰਬਾਦ ਕਰਨ ਲਈ ਅਨਾਜ ਨੂੰ ਇੱਕ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਦੁਨੀਆਂ ਨੂੰ ਭਾਰਤ ਤੋਂ ਉਮੀਦਾਂ ਸਨ ਪਰ ਉਸ ਨੇ ਵੀ ਆਪਣੀ ਘਰੇਲੂ ਮੰਡੀ ਵਿੱਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਧਣ ਦੇ ਡਰੋਂ ਕਣਕ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਕਾਰਨ ਸੰਸਾਰ ਦੀਆਂ ਮੰਡੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਯੂਰਪ ਵਿੱਚ ਕਣਕ ਤੋਂ ਬਣਨ ਵਾਲੀ ਡਬਲਰੋਟੀ ਤੇ ਹੋਰ ਉਤਪਾਦ ਡੇਢ ਗੁਣਾ ਮਹਿੰਗੇ ਹੋ ਗਏ ਹਨ ਜਿਸ ਕਾਰਨ ਜਨ ਸਧਾਰਨ ਦਾ ਘਰੇਲੂ ਬਜ਼ਟ ਗੜਬੜਾ ਗਿਆ ਹੈ। ਅਸਲ ਵਿੱਚ ਇਹ ਜੰਗ ਅਮਰੀਕਾ, ਉਸ ਦੇ ਯੂਰਪੀਨ ਸਹਿਯੋਗੀਆਂ ਤੇ ਰੂਸ ਦੇ ਦਰਮਿਆਨ ਚੱਲ ਰਹੀ ਹੈ। ਪਰ ਉਨ੍ਹਾਂ ’ਤੇ ਅਨਾਜ ਸੰਕਟ ਦਾ ਜਿਆਦਾ ਅਸਰ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਅਮਰੀਕਾ ਖੁਦ ਵੱਡੇ ਪੱਧਰ ’ਤੇ ਕਣਕ ਪੈਦਾ ਕਰਦਾ ਹੈ ਤੇ ਯੂਰਪੀਨ ਦੇਸ਼ ਅਮੀਰ ਹੋਣ ਕਾਰਨ ਅਨਾਜ ਦਰਾਮਦ ਕਰ ਸਕਦੇ ਹਨ। ਪਰ ਇਸ ਸੰਕਟ ਕਾਰਨ ਕਈ ਅਜਿਹੇ ਦੇਸ਼ ਬੁਰੀ ਤਰ੍ਹਾਂ ਪਿਸ ਗਏ ਹਨ, ਜਿਨ੍ਹਾਂ ਦਾ ਇਸ ਜੰਗ ਨਾਲ ਕੋਈ ਦੂਰ ਦਾ ਵੀ ਵਾਹ-ਵਾਸਤਾ ਨਹੀਂ ਹੈ।

    ਕੁਝ ਦਿਨ ਪਹਿਲਾਂ ਅਫਰੀਕਨ ਯੂਨੀਅਨ ਦੇ ਪ੍ਰਧਾਨ ਅਤੇ ਸੈਨੇਗਲ ਦੇ ਰਾਸ਼ਟਰਪਤੀ ਮੈਕੀ ਸਾਲ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਰੂਸ ਦੇ ਸੋਚੀ ਸ਼ਹਿਰ ਵਿੱਚ ਮੀਟਿੰਗ ਕਰਕੇ ਰੂਸ ਅਤੇ ਯੂਕਰੇਨ ਦੀ ਕਣਕ ਦੀ ਸਪਲਾਈ ਬਹਾਲ ਕਰਨ ਦੀ ਭਾਵਪੂਰਤ ਅਪੀਲ ਕੀਤੀ ਹੈ। ਪੁਤਿਨ ਨੇ ਹਮਦਰਦੀ ਨਾਲ ਵਿਚਾਰ ਕਰਨ ਲਈ ਤਾਂ ਕਿਹਾ ਪਰ ਕੋਈ ਪੱਕਾ ਵਾਅਦਾ ਨਹੀਂ ਕੀਤਾ। ਇਸ ਜੰਗ ਕਾਰਨ ਅਫਰੀਕਾ ਦੇ ਜ਼ਿਆਦਾਤਰ ਦੇਸ਼ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ ਹਨ ਕਿਉਂਕਿ ੳੱੁਥੇ ਵਰਤੀ ਜਾਣ ਵਾਲੀ 40% ਕਣਕ ਰੂਸ ਤੇ ਯੂਕਰੇਨ ਤੋਂ ਹੀ ਦਰਾਮਦ ਕੀਤੀ ਜਾਂਦੀ ਹੈ।

    ਯੂ. ਐਨ. ਉ. ਦੇ ਬੁਲਾਰੇ ਅਮੀਨ ਅੱਵਦ ਨੇ ਜਨੇਵਾ ਵਿਖੇ ਬਿਆਨ ਦਿੱਤਾ ਹੈ ਕਿ ਯੂਕਰੇਨ ਦੀ ਨਾਕਾਬੰਦੀ ਕਾਰਨ ਅਫਰੀਕਾ ਸਮੇਤ ਅਨੇਕਾਂ ਦੇਸ਼ਾਂ ਵਿੱਚ ਭੁੱਖਮਰੀ ਫੈਲ ਰਹੀ ਹੈ ਜਿਸ ਕਾਰਨ 14 ਕਰੋੜ ਅਫਰੀਕਨ ਨਾਗਰਿਕ ਪ੍ਰਭਾਵਿਤ ਹੋਣਗੇ ਤੇ ਜਿਸ ਦੇ ਫਲਸਵਰੂਪ ਦੁਨੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿਜ਼ਰਤ ਸ਼ੁਰੂ ਹੋ ਸਕਦੀ ਹੈ। ਅਫਰੀਕਾ ਦਾ ਅੱਧੇ ਦੇ ਕਰੀਬ ਇਲਾਕਾ ਖੁਸ਼ਕ ਸਹਾਰਾ ਤੇ ਕਾਲਾਹਾਰੀ ਰੇਗਿਸਤਾਨਾਂ ਨੇ ਮੱਲਿਆ ਹੋਇਆ ਹੈ ਤੇ ਬਾਕੀ ਦੇ ਦੇਸ਼ਾਂ ਵਿੱਚ ਵੀ ਜ਼ਰੂਰਤ ਅਨੁਸਾਰ ਬਰਸਾਤ ਨਹੀਂ ਹੋ ਰਹੀ।

    ਅਫਰੀਕਾ ਦੇ ਦੋ-ਚਾਰ ਦੇਸ਼ਾਂ ਨੂੰ ਛੱਡ ਕੇ ਬਾਕੀ ਕੋਈ ਵੀ ਆਪਣੇ ਖਾਣ ਜੋਗਾ ਅਨਾਜ ਪੈਦਾ ਨਹੀਂ ਕਰਦਾ। ਯੂਕਰੇਨ ਯੁੱਧ ਤੋਂ ਬਾਅਦ ਅਫਰੀਕਾ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਅਨਾਜ ਦੀਆਂ ਕੀਮਤਾਂ ਦੂਣੇ ਤੋਂ ਵੀ ਵਧ ਗਈਆਂ ਹਨ। ਸਹਾਰਾ ਰੇਗਿਸਤਾਨ ਵਿੱਚ ਸਥਿਤ ਦੇਸ਼ਾਂ ਚਾਡ, ਮਾਲੀ, ਨਾਈਜ਼ਰ, ਮਾਰੀਟਾਨੀਆਂ ਤੇ ਸੁਡਾਨ ਆਦਿ ਨੇ ਤਾਂ ਫੂਡ ਐਮਰਜੈਂਸੀ ਲਾ ਕੇ ਖਾਧ ਪਦਾਰਥਾਂ ਦੀ ਰਾਸ਼ਨਿੰਗ ਸ਼ੁਰੂ ਕਰ ਦਿੱਤੀ ਹੈ। ਮੈਕੀ ਸਾਲ ਨੇ ਪੁਤਿਨ ਨੂੰ ਦੱਸਿਆ ਕਿ ਸਾਡੇ ਦੇਸ਼, ਜਿਨ੍ਹਾਂ ਦਾ ਇਸ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਪਰ ਉਸ ਦੀ ਅਪੀਲ ਦੇ ਬਾਵਜੂਦ ਅਜੇ ਤੱਕ ਪੁਤਿਨ ਦਾ ਦਿਲ ਨਹੀਂ ਪਸੀਜਿਆ।

    ਉਸ ਨੇ ਅੱਗੋਂ ਸ਼ਰਤ ਰੱਖ ਦਿੱਤੀ ਹੈ ਕਿ ਜੇ ਅਮਰੀਕਾ ਤੇ ਯੂਰਪੀਨ ਦੇਸ਼ ਉਸ ਦੇ ਸਹਿਯੋਗੀ ਦੇਸ਼ ਬੇਲਾਰੂਸ ਤੋਂ ਪਾਬੰਦੀਆਂ ਹਟਾ ਲੈਣ ਤਾਂ ਉਸ ਰਸਤੇ ਅਨਾਜ ਭੇਜਿਆ ਜਾ ਸਕਦਾ ਹੈ। ਰੂਸ ਅਫਰੀਕਾ ਦੀ ਭੁੱਖਮਰੀ ਤੋਂ ਰਾਜਨੀਤਕ ਫਾਇਦਾ ਉਠਾਉਣ ਦੀ ਤਾਕ ਵਿੱਚ ਹੈ। ਉਹ ਜਾਣਦਾ ਹੈ ਕਿ ਜੇ ਅਫਰੀਕਾ ਨੂੰ ਅਨਾਜ ਨਹੀਂ ਮਿਲੇਗਾ ਤਾਂ ਭੁੱਖਮਰੀ ਤੋਂ ਪਰੇਸ਼ਾਨ ਲੱਖਾਂ ਅਫਰੀਕਨ ਰਫਿਊਜ਼ੀ ਲੀਬੀਆ ਤੇ ਮਰੱਕੋ ਦੇ ਤੱਟਾਂ ਤੋਂ ਕਿਸ਼ਤੀਆਂ ਰਾਹੀਂ ਸਮੁੰਦਰ ਪਾਰ ਕਰਕੇ ਯੂਰਪ ਵਿੱਚ ਘੁਸ ਜਾਣਗੇ ਤੇ ਯੂਰਪ ਦੀ ਪਹਿਲਾਂ ਤੋਂ ਹੀ ਚੱਲ ਰਹੀ ਰਫਿਊਜ਼ੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਜਾਵੇਗੀ। ਇਨ੍ਹਾਂ ਦੇਸ਼ਾਂ ਤੋਂ ਸਪੇਨ ਦਾ ਸਮੁੰਦਰੀ ਤੱਟ ਕੁਝ ਹੀ ਦੂਰੀ ’ਤੇ ਹੈ। ਤੀਜੀ ਵੱਡੀ ਸਮੱਸਿਆ ਰਸਾਇਣਕ ਖਾਦਾਂ ਦੀ ਸਖਤ ਘਾਟ ਦੀ ਆ ਰਹੀ ਹੈ। ਰੂਸ ਸੰਸਾਰ ਦਾ ਚੀਨ, ਭਾਰਤ ਅਤੇ ਅਮਰੀਕਾ ਤੋਂ ਬਾਅਦ ਤੀਸਰਾ ਸਭ ਤੋਂ ਵੱਡਾ ਖਾਦ ਉਤਪਾਦਕ ਅਤੇ ਨੰਬਰ ਇੱਕ ਬਰਾਮਦਕਾਰ ਹੈ।

    2020 ਵਿੱਚ ਉਸ ਨੇ 760 ਕਰੋੜ ਡਾਲਰ ਮਾਲੀਅਤ ਦੀ 12 ਕਰੋੜ ਮੀਟਰਕ ਟਨ ਖਾਦ ਨਿਰਯਾਤ ਕੀਤੀ ਸੀ। ਉਸ ਦੀ ਸਭ ਤੋਂ ਵੱਡੀ ਮੰਡੀ ਯੂਰਪ, ਏਸ਼ੀਆ ਤੇ ਅਫਰੀਕਾ ਹੈ। ਯੂਕਰੇਨ ਨੇ ਵੀ 2021 ਵਿੱਚ 630 ਕਰੋੜ ਡਾਲਰ ਮਾਲੀਅਤ ਦੀ ਖਾਦ ਨਿਰਯਾਤ ਕੀਤੀ ਸੀ। ਨਾਕਾਬੰਦੀ ਤੇ ਬਾਈਕਾਟ ਕਾਰਨ ਹੁਣ ਇਨ੍ਹਾਂ ਦੇਸ਼ਾਂ ਦੀ ਖਾਦ ਗੁਦਾਮਾਂ ਵਿੱਚ ਪਈ ਸੜ ਰਹੀ ਹੈ। ਇਸ ਤੋਂ ਇਲਾਵਾ ਦੂਜੀ ਸੰਸਾਰ ਜੰਗ ਤੋਂ ਬਾਅਦ ਸ਼ਾਂਤੀ ਨਾਲ ਤਰੱਕੀ ਕਰ ਰਹੇ ਯੂਰਪੀਨ ਦੇਸ਼ਾਂ ਨੂੰ ਵੀ ਆਪਣਾ ਸੁਰੱਖਿਆ ਖਰਚਾ ਵਧਾਉਣਾ ਪੈ ਰਿਹਾ ਹੈ।

    ਕੱਲ੍ਹ ਤੱਕ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਜੰਗੀ ਸਾਜੋ-ਸਾਮਾਨ ਵੇਚ ਕੇ ਮੋਟਾ ਮੁਨਾਫਾ ਕਮਾ ਰਹੇ ਪੱਛਮੀ ਦੇਸ਼ ਹੁਣ ਰੂਸ ਤੋਂ ਆਪਣੀ ਸੁਰੱਖਿਆ ਲਈ ਖਤਰਾ ਮਹਿਸੂਸ ਕਰਨ ਲੱਗ ਪਏ ਹਨ। ਖਾਸ ਤੌਰ ’ਤੇ ਜਰਮਨੀ, ਪੋਲੈਂਡ, ਫਰਾਂਸ ਅਤੇ ਇੰਗਲੈਂਡ ਨੂੰ ਆਪਣਾ ਸੈਨਿਕ ਖਰਚਾ 20 ਤੋਂ 30% ਤੱਕ ਵਧਾਉਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਕਿ ਵਿਸ਼ਵ ’ਤੇ ਕੋਈ ਹੋਰ ਸੰਕਟ ਆਵੇ ਜਾਂ ਇਹ ਜੰਗ ਹੋਰ ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਲਵੇ, ਇਸ ਦਾ ਕੋਈ ਸਰਵ ਪ੍ਰਵਾਣਿਤ ਹੱਲ ਨਿੱਕਲਣਾ ਚਾਹੀਦਾ ਹੈ।
    ਪੰਡੋਰੀ ਸਿੱਧਵਾਂ ਮੋ. 95011-00062
    ਬਲਰਾਜ ਸਿੰਘ ਸਿੱਧੂ ਕਮਾਂਡੈਂਟ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here