ਮੁਸੀਬਤ ਬਣ ਸਕਦੈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ

Paddy Straw

ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ (Paddy Straw) ਨੂੰ ਅੱਗ ਲਾਉਣ ਦਾ ਰੁਝਾਨ ਰਾਜ ਦੀ ਸੱਤਾਧਾਰੀ ਪਾਰਟੀ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ ਕਿਉਕਿ ਇਸ ਵਾਰ ਦਿੱਲੀ ਨੂੰ ਜਾਣ ਵਾਲਾ ਧੂੰਆਂ ਕਾਂਗਰਸ ਜਾਂ ਅਕਾਲੀ ਦਲ ਦਾ ਨਹੀਂ ਸਗੋਂ ਆਮ ਆਦਮੀ ਪਾਰਟੀ ਦਾ ਹੋਵੇਗਾ। ਪੰਜਾਬ ਦੇ ਕਿਸਾਨਾਂ ਵੱਲੋਂ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ। ਪਰਾਲੀ ਦਾ ਇਹ ਧੂੰਆਂ ਹਰਿਆਣੇ ਵਿੱਚੋਂ ਹੰੁਦਾ ਹੋਇਆ ਦਿੱਲੀ ਤੱਕ ਵੀ ਪੁੱਜ ਜਾਂਦਾ ਹੈ ਤੇ ਦਿਨ-ਦਿਹਾੜੇ ਹੀ ਰਾਤ ਮਹਿਸੂਸ ਹੋਣ ਲੱਗਦੀ ਹੈ।

ਇਸ ਤੋਂ ਬਿਨਾਂ ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਤੇ ਸੰਘਣੇ ਧੂੰਏਂ ਕਾਰਨ ਕਈ ਵਾਰ ਸੜਕ ਹਾਦਸੇ ਵੀ ਹੋ ਜਾਂਦੇ ਹਨ। ਪਰ ਝੋਨੇ ਦੀ ਪਰਾਲੀ ਦਾ ਇਹ ਜ਼ਹਿਰੀਲਾ ਧੂੰਆਂ ਕਿਸਾਨ ਦੇ ਆਪਣੇ ਤੇ ਉਸ ਦੇ ਪਰਿਵਾਰ ਦੇ ਫੇਫੜਿਆਂ ਵਿੱਚੋਂ ਲੰਘ ਕੇ ਅੱਗੇ ਜਾਂਦਾ ਹੈ। ਕਣਕ ਦੇ ਨਾੜ ਨਾਲੋਂ ਝੋਨੇ ਦੀ ਪਰਾਲੀ ਦਾ ਧੰੂਆਂ ਇਸ ਕਰਕੇ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਕਿਉਕਿ ਝੋਨੇ ਦੇ ਗਿੱਲੇ ਨਾੜ ਨੂੰ ਅੱਗ ਲਾਈ ਜਾਂਦੀ ਹੈ, ਜਿਸ ਕਰਕੇ ਧੂੰਆਂ ਸੰਘਣਾ ਤੇ ਚਿੱਟਾ ਹੰੁਦਾ ਹੈ। ਇਸ ਧੂੰਏਂ ਨੂੰ ਰੋਕਣ ਤੇ ਝੋਨੇ ਦੀ ਪਰਾਲੀ (Paddy Straw) ਦੀ ਸੰਭਾਲ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਹਰ ਸਾਲ ਕਰੋੜਾਂ ਰੁਪਏ ਦੀ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀ ਜਾਂਦੀ ਹੈ।

ਸਬਸਿਡੀ ਵਾਲੀਆਂ ਮਸ਼ੀਨਾਂ | Paddy Straw

ਸਾਲ 2018-19 ਤੋਂ ਲੈ ਕੇ ਸਾਲ 2021-22 ਤੱਕ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਸਬਸਿਡੀ ਵਾਲੀਆਂ 90422 ਮਸ਼ੀਨਾਂ ਦਿੱਤੀਆਂ ਗਈਆਂ ਪਰ ਮਸ਼ੀਨਾਂ ਦੀ ਖਰੀਦ ’ਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਕਿਉਕਿ ਜ਼ਿਆਦਾਤਰ ਕਿਸਾਨ ਮਸ਼ੀਨਾਂ ਦੀ ਖਰੀਦ ਨਹੀਂ ਕਰਦੇ, ਸਨਅਤਾਂ ਅਤੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨਾਲ ਮਿਲ ਕੇ ਸਬਸਿਡੀ ਖਾ ਜਾਂਦੇ ਹਨ ਜਾਂ ਫਿਰ ਮਸ਼ੀਨਾਂ ਖਰੀਦ ਕੇ ਵੇਚ ਦਿੰਦੇ ਹਨ। ਮਾਰਚ 2009 ਦੀ ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿੱਚ 4 ਲੱਖ 92 ਹਜਾਰ ਟਰੈਕਟਰ, ਤਿੰਨ ਲੱਖ ਪਾਵਰ ਟਿਲਰ, ਤਿੰਨ ਲੱਖ ਪੰਜਾਹ ਹਜ਼ਾਰ ਥਰੈਸ਼ਰ, 25 ਹਜਾਰ ਗੰਨਾ ਪੀੜਨ ਵਾਲੇ ਯੰਤਰ ਤੇ ਹੋਰ ਮਸ਼ੀਨਰੀ ਮੌਜੂਦ ਸੀ। ਜਦੋਂਕਿ ਕੰਬਾਈਨਾਂ, ਰੀਪਰ, ਰੋਟਾਵੇਟਰ ਸਮੇਤ ਅਰਬਾਂ ਰੁਪਏ ਦੀ ਹੋਰ ਬੇਲੋੜੀ ਮਸ਼ੀਨਰੀ ਕਿਸਾਨਾਂ ਦੇ ਘਰਾਂ ’ਚ ਖੜ੍ਹੀ ਹੋਣ ਦੇ ਬਾਵਜੂਦ ਵੀ ਪਰਾਲੀ ਦਾ ਪੱਕੇ ਤੌਰ ’ਤੇ ਕੋਈ ਹੱਲ ਨਹੀਂ ਹੋ ਸਕਿਆ।

ਸਾਲ 2018-19 ਤੋਂ ਲੈ ਕੇ ਸਾਲ 2021-22 ਤੱਕ ਸਬਸਿਡੀ ਵਾਲੀਆਂ 90422 ਕਰੋੜਾਂ ਰੁਪਏ ਦੀਆਂ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ। ਸੰਗਰੂਰ ਜਿਲੇ੍ਹ ਅੰਦਰ ਇਨ੍ਹਾਂ ਪੰਜ ਸਾਲਾਂ ਦੌਰਾਨ ਕਿਸਾਨਾਂ ਨੂੰ 790 ਮਸ਼ੀਨਾਂ ਦਿੱਤੀਆਂ ਗਈਆਂ। ਪਰਾਲੀ ਪ੍ਰਦੂਸ਼ਣ ਦਾ ਦੂਸਰਾ ਵੱਡਾ ਕਾਰਨ ਕਣਕ ਨਾਲੋਂ ਝੋਨੇ ’ਤੇ ਕੀਟਨਾਸ਼ਕ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਵੀ ਜ਼ਿਆਦਾ ਹੰੁਦੀ ਹੈ। ਜਿਸ ਕਰਕੇ ਧੂੰਆਂ ਜ਼ਹਿਰੀਲਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ। ਪਰਾਲੀ ਨੂੰ ਅੱਗ ਲੱਗਣ ਕਾਰਨ ਨੇੜੇ ਖੜੇ੍ਹ ਰੁੱਖ ਤੇ ਜਮੀਨ ਵਿੱਚ ਰਹਿਣ ਵਾਲੇ ਮਿੱਤਰ ਕੀੜੇ ਵੀ ਅੱਗ ’ਚ ਸੜ ਜਾਂਦੇ ਹਨ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਲਾਈ ਜਾਂਦੀ ਅੱਗ ਹੀ ਜਿੰਮੇਵਾਰ ਹੈ ਜਾਂ ਫਿਰ ਹੋਰ ਵੀ ਕਈ ਅਜਿਹੇ ਸਾਧਨ ਹਨ ਜਿਨ੍ਹਾਂ ਰਾਹੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ।

ਪਰਾਲੀ ਸਾੜਨ ਨੂੰ ਰੋਕਣ ਵਾਲੇ ਨਿਯਮ | Paddy Straw

ਪਿਛਲੀ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਬਣਾਏ ਗਏ ਨਵੇਂ ਨਿਯਮਾਂ ਮੁਤਾਬਿਕ 2 ਏਕੜ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨ ਨੂੰ 2500 ਰੁਪਏ ਜੁਰਮਾਨਾ, 5 ਏਕੜ ਤੱਕ ਪੰਜ ਹਜਾਰ, ਪੰਜ ਏਕੜ ’ਤੋਂ ਉੱਤੇ ਝੋਨੇ ਦੀ ਪਰਾਲੀ ਸਾੜਨ ਵਾਲੇ ਨੂੰ ਪੰਦਰਾਂ ਹਜਾਰ ਰੁਪਏ ਜੁਰਮਾਨਾ ਲਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਕਿਉਕਿ ਇੱਕ ਹੈਕਟੇਅਰ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਅੰਦਾਜ਼ਨ 30 ਕਿਲੋ ਨਾਈਟੋ੍ਰਜਨ, 13 ਕਿਲੋ ਫਾਸਫੋਰਸ, 30 ਕਿਲੋ ਪੋਟਾਸ਼, 6 ਕਿਲੋ ਸਲਫਰ, 2400 ਕਿੱਲੋ ਕਾਰਬਨ ਸੜ ਕੇ ਸੁਆਹ ਹੋ ਜਾਂਦੇ ਹਨ। ਪਰ ਕਿਸੇ ਨਾ ਕਿਸੇ ਮੋੜ ’ਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਵਰਤਾਰੇ ਲਈ ਸਰਕਾਰਾਂ ਨੂੰ ਕਿਸਾਨਾਂ ਤੋਂ ਵੱਧ ਕਸੂਰਵਾਰ ਮੰਨਿਆ ਜਾ ਸਕਦਾ ਹੈ। ਕਿਉਕਿ ਪਰਾਲੀ ਦੀ ਸਾਂਭ-ਸੰਭਾਲ, ਜਮੀਨ ਵਿੱਚ ਪਰਾਲੀ ਗਾਲਣ ਆਦਿ ਲਈ ਸਰਕਾਰ ਵੱਲੋਂ ਕੋਈ ਯੋਗ ਪ੍ਰਬੰਧ ਨਹੀਂ ਕੀਤੇ ਜਾਂਦੇ।

ਸਰਕਾਰ ਵੱਲੋਂ ਝੋਨੇ ਦੇ ਸੀਜਨ ਤੋਂ ਬਾਅਦ ਬਿਜਲੀ ਸਪਲਾਈ ਕੁਝ ਘੰਟੇ ਹੀ ਦਿੱਤੀ ਜਾਂਦੀ ਹੈ ਜਦੋਂਕਿ ਪਰਾਲੀ ਨੂੰ ਜਮੀਨ ਵਿੱਚ ਖਤਮ ਕਰਨ ਲਈ ਬਿਜਲੀ ਚਾਹੀਦੀ ਹੈ। ਜਿਸ ਨਾਲ ਕਿਸਾਨ ਪਰਾਲੀ ਨਾਲ ਭਰੇ ਖੇਤ ਨੂੰ ਪਾਣੀ ਦੇ ਕੇ ਪਰਾਲੀ ਨੂੰ ਗਾਲ ਸਕਣ ਪਰ ਅਜਿਹਾ ਕੁਝ ਵੀ ਨਹੀਂ ਹੰੁਦਾ। ਪੰਜਾਬ ਵਿੱਚ ਕੁਝ ਕਿਸਾਨਾਂ ਨੇ ਜ਼ੀਰੋ ਡਰਿੱਲ ਰਾਹੀਂ ਪਰਾਲੀ ਦੇ ਵਿੱਚ ਹੀ ਕਣਕ ਬੀਜਣ ਦਾ ਤਜ਼ਰਬਾ ਕੀਤਾ ਹੈ ਪਰ ਪਰਾਲੀ ਜਿਆਦਾ ਹੋਣ ਕਰਕੇ ਜਮੀਨ ਵਿੱਚ ਚੂਹੇ ਖੁੱਡਾਂ ਬਣਾ ਲੈਂਦੇ ਹਨ। ਜਿਸ ਕਰਕੇ ਕਣਕ ਦੇ ਬੀਜ ਦਾ ਨੁਕਸਾਨ ਹੰੁਦਾ ਹੈ। ਪੰਜਾਬ ਵਿੱਚ ਜ਼ੀਰੋ ਡਰਿੱਲ ਦੀ ਵਰਤੋ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਹੀ ਨਾਮਾਤਰ ਹੈ।

ਐੱਸਐੱਮਐੱਸ ਸਿਸਟਮ ਵਾਲੀ ਮਸ਼ੀਨ | Paddy Straw

ਅਸਲ ਵਿੱਚ ਜੀਰੋ ਡਰਿੱਲ, ਰੋਟਾਵੇਟਰ ਹੋਰ ਪਤਾ ਨਹੀਂ ਕਿੰਨਾ ਕੁ ਸੰਦ-ਸੰਦੇੜਾ ਕੰਪਨੀਆਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਜਿਸ ਨੂੰ ਝੋਨੇ ਦੀ ਪਰਾਲੀ ਦਾ ਪੱਕਾ ਹੱਲ ਕਰਨ ਦੱਸ ਕੇ ਕਿਸਾਨਾਂ ਦੇ ਘਰ ਮਹਿੰਗੀ ਮਸ਼ੀਨਰੀ ਨਾਲ ਭਰੇ ਜਾ ਰਹੇ ਹਨ। ਜਿਸ ਤਰ੍ਹਾਂ ਕੰਬਾਈਨ ’ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ/ ਸੁਪਰ ਐਸ.ਐਮ.ਐਸ ਲਾਉਣਾ ਤੇ ਇਸੇ ਹੀ ਸਿਸਟਮ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਵਾਉਣੀ। ਇਸ ਤਰ੍ਹਾਂ ਦੀ ਕਟਾਈ ਆਮ ਨਾਲੋਂ ਤਿੰਨ-ਚਾਰ ਸੌ ਰੁਪਏ ਪ੍ਰਤੀ ਏਕੜ ਵੱਧ ਹੋਣ ਦੇ ਨਾਲ ਹੀ ਕੰਬਾਈਨ ਵੱਲੋਂ ਸੁੱਟੇ ਜਾਂਦੇ ਦਾਣੇ ਵੀ ਨਜ਼ਰ ਨਹੀਂ ਪੈਂਦੇ। ਜਿਸ ਕਰਕੇ ਕਿਸਾਨ ਦਾ ਦੂਹਰਾ ਨੁਕਸਾਨ ਹੰੁਦਾ ਹੈ ਤੇ ਕੰਬਾਈਨ ਮਾਲਕ ’ਤੇ ਵੀ ਕੰਪਨੀਆਂ ਨੇ ਖਰਚੇ ਦਾ ਹੋਰ ਭਾਰ ਵਧਾ ਦਿੱਤਾ। ਪਰ ਪਰਾਲੀ ਦਾ ਪੱਕੇ ਤੌਰ ’ਤੇ ਕੋਈ ਹੱਲ ਫਿਰ ਵੀ ਨਹੀਭ ਹੋਇਆ।

ਇਹ ਵੀ ਪੜ੍ਹੋ : Arjuna Bark Benefits : ਸ਼ੁਗਰ ਅਤੇ ਦਿਲ ਦੇ ਰੋਗਾਂ ਲਈ ਰਾਮਬਾਣ ਹੈ ਅਰਜੁਨ ਦਾ ਸੱਕ, ਇਸ ਤਰ੍ਹਾਂ ਕਰੋ ਇਸ ਦੀ ਰੋਜ਼ਾਨਾ ਵਰਤੋਂ

ਹੁਣ ਵੇਖਣਾ ਇਹ ਹੈ ਕਿ ਵਤਾਵਰਨ ਪ੍ਰੇਮੀ ਤੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਂਤ ਮਾਨ ਝੋਨੇ ਦੀ ਪਰਾਲੀ ਸਾੜਨ ਵਾਲੀ ਇਸ ਸਮੱਸਿਆ ਦੇ ਹੱਲ ਲਈ ਕਿਹੜੀ ਨਵੀਂ ਯੋਜਨਾ ਲੈ ਕੇ ਆਉਦੇ ਹਨ ਕਿਉਕਿ ਦਿੱਲੀ ’ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ।

ਬਿ੍ਰਸ਼ਭਾਨ ਬੁਜਰਕ, ਪਾਤੜਾਂ, ਪਟਿਆਲਾ
ਮੋ. 98761-01698

LEAVE A REPLY

Please enter your comment!
Please enter your name here