ਰਾਸ਼ਟਰਮੰਡਲ ਖੇਡਾਂ ’ਚ ਤਮਗੇ ਜਿੱਤ ਕੇ ਪਟਿਆਲਾ ਪੁੱਜੀ ਵੇਟਲਿਫਟਰਾਂ ਦੀ ਟੀਮ ਦਾ ਸ਼ਾਨਦਾਰ ਸਵਾਗਤ

patiala 22

ਵਿਧਾਇਕ ਪਠਾਣਮਾਜਰਾ ਤੇ ਗੁਰਲਾਲ ਘਨੌਰ ਨੇ ਭਾਰਤੀ ਵੇਟਲਿਫ਼ਟਰ ਟੀਮ ਦਾ ਪਟਿਆਲਾ ਪੁੱਜਣ ‘ਤੇ ਸਵਾਗਤ ਕੀਤਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਤਮਗੇ ਜਿੱਤ ਕੇ ਵਾਪਸ ਪਰਤੀ ਭਾਰਤੀ ਵੇਟਲਿਫ਼ਟਰਾਂ ਦੀ ਟੀਮ ਦਾ ਅੱਜ ਪਟਿਆਲਾ ਪੁੱਜਣ ’ਤੇ ਇੱਥੇ ਐੱਨਆਈਐੱਸ ਵਿਖੇ ਗਰਮਜੋਸ਼ੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਨ੍ਹਾਂ ਤਮਗਾ ਜੇਤੂ ਖਿਡਾਰੀਆਂ ’ਚ 4 ਖਿਡਾਰੀ ਪੰਜਾਬ ਨਾਲ ਸਬੰਧਿਤ ਹਨ, ਜਿਨ੍ਹਾਂ ਦਾ ਸਵਾਗਤ ਕਰਨ ਲਈ ਸਨੌਰ ਤੇ ਘਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਗੁਰਲਾਲ ਘਨੌਰ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਐਨ.ਆਈ.ਐਸ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ ਰਾਜ ਸਿੰਘ ਬਿਸ਼ਨੋਈ ਤੇ ਪਟਿਆਲਾ ਦੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਨੇ ਵੀ ਟੀਮ ਦਾ ਭਰਵਾਂ ਸਵਾਗਤ ਕੀਤਾ।

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਵਧਾਈ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਪੰਜਾਬ ਦੇ ਚਾਂਦੀ ਦੇ ਤਮਗਾ ਜੇਤੂ ਖਿਡਾਰੀ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂ ਖਿਡਾਰੀ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੂੰ 40 ਲੱਖ ਰੁਪਏ ਦਾ ਨਗ਼ਦ ਇਨਾਮ ਦੇਣ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਯੂਸ ਹੋ ਚੁੱਕੇ ਖਿਡਾਰੀਆਂ ਲਈ ਪੰਜਾਬ ਸਰਕਾਰ ਨਵੀਂ ਆਸ ਦੀ ਕਿਰਨ ਲੈ ਕੇ ਆਈ ਹੈ ਅਤੇ ਰਾਜ ਸਰਕਾਰ ਵੱਲੋਂ ਐਲਾਨੀ ਨਗ਼ਦ ਇਨਾਮੀ ਰਾਸ਼ੀ ਸਾਡੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ’ਚ ਬਹੁਤ ਹੀ ਵੱਡੀ ਭੂਮਿਕਾ ਅਦਾ ਕਰੇਗੀ ਅਤੇ ਹੋਰ ਵੀ ਖਿਡਾਰੀ ਅੱਗੇ ਆਉਣਗੇ।

patiala 22
ਗੋਲਡ ਮੈਡਲ ਜੇਤੂ ਮੀਰਾਬਾਈ ਚਾਨੂ ਪਟਿਆਲਾ ਵਿਖੇ ਆਪਣੇ ਪ੍ਰਸੰਸਕਾਂ ਨਾਲ।

ਚਾਰ ਤਮਗਾ ਜੇਤੂ ਖਿਡਾਰੀ ਪੰਜਾਬ ਤੋਂ

ਦੱਸਣਯੋਗ ਹੈ ਕਿ ਇਸ ਟੀਮ ਨੇ ਕਾਮਨਵੈਲਥ ਖੇਡਾਂ ਵਿਚ ਭਾਰਤ ਲਈ 10 ਤਮਗੇ ਜਿੱਤੇ ਹਨ, ਜਿਸ ਵਿਚ 3 ਸੋਨੇ, 3 ਚਾਂਦੀ ਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ। ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਟੀਮ ਵਿਚ ਚਾਰ ਤਮਗਾ ਜੇਤੂ ਖਿਡਾਰੀ ਪੰਜਾਬ ਤੋਂ ਹਨ, ਜਿੰਨਾ ਵਿਚੋ ਇੱਕ ਹਰਜਿੰਦਰ ਕੌਰ ਦਾ ਪਿੰਡ ਮੈਹਸ, ਪਟਿਆਲਾ ਜ਼ਿਲ੍ਹੇ ਵਿੱਚ ਪੈਂਦਾ ਹੈ। ਅੱਜ ਭਾਰਤ ਪੁੱਜੇ ਖਿਡਾਰੀਆਂ ਵਿਚ ਸੋਨ ਤਮਗਾ ਜੇਤੂ ਮੀਰਾਂ ਬਾਈ ਚਾਨੂੰ, ਜਿਰਮੀ ਲਾਲਰੀਨੁਗਾ, ਅਚਿੰਤਾ ਸੀਉਲੀ, ਚਾਂਦੀ ਦਾ ਤਮਗਾ ਜੇਤੂ ਭੰਡਾਰਨੀ ਦੇਵੀ, ਸੰਕੇਤ ਸਰਗਰ, ਵਿਕਾਸ ਠਾਕੁਰ, ਕਾਂਸੀ ਦਾ ਤਗਮ ਜੇਤੂ ਹਰਜਿੰਦਰ ਕੌਰ, ਗੁਰਦੀਪ ਸਿੰਘ, ਗੁਰੂਰਾਜਾ ਪੂਜਾਰੇ ਸ਼ਾਮਿਲ ਸਨ। ਇਸ ਤੋਂ ਇਲਾਵਾ ਚੌਥੇ ਸਥਾਨ ਉਤੇ ਰਹੀ ਅਜੇ ਸਿੰਘ, ਪੋਰੀ ਹਜਾਰਿਕਾ (ਸੱਤਵੇਂ), ਊਸ਼ਾ ਕੁਮਾਰਾ (ਛੇਵੇਂ) ਅਤੇ ਪੂਰਨਿਮਾ ਪਾਂਡੇ (ਛੇਵੇਂ ਸਥਾਨ) ਵੀ ਅੱਜ ਪਹੁੰਚੇ ਖਿਡਾਰੀਆਂ ਵਿਚ ਸ਼ਾਮਲ ਸਨ। ਟੀਮ ਦੇ ਸਵਾਗਤ ਮੌਕੇ ਐਨ.ਆਈ.ਐਸ. ਦੇ ਡਿਪਟੀ ਡਾਇਰੈਕਟਰ ਗੌਰਵ ਰਾਵਤ, ਟੀਮ ਦਾ ਸਹਾਇਕ ਕੋਚ ਸੰਦੀਪ ਸਿੰਘ ਸਮੇਤ ਖਿਡਾਰੀ ਅਤੇ ਵੱਡੀ ਗਿਣਤੀ ਖੇਡ ਪ੍ਰਸ਼ੰਸਕ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here