7 ਸਾਲਾਂ ਤੋਂ ਲਾਪਤਾ ਨੌਜਵਾਨ ਸਹੀ ਸਲਾਮਤ ਘਰ ਪਹੁੰਚਿਆ
(ਗੁਰਪ੍ਰੀਤ ਪੱਕਾ) ਫਰੀਦਕੋਟ। ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਬਿਲਕੁਲ ਨਾਲ ਲੱਗਦੇ ਪਿੰਡ ਸ਼ੇਰ ਸਿੰਘ ਵਾਲਾ ਦਾ ਨੌਜਵਾਨ ਜਸਵਿੰਦਰ ਸਿੰਘ ਉਮਰ 29 ਸਾਲ ਪਿਛਲੇ 7 ਸਾਲਾਂ ਤੋਂ ਘਰੋਂ ਲਾਪਤਾ ਸੀ, ਇਸ ਸਮੇਂ ਦੌਰਾਨ ਜਸਵਿੰਦਰ ਦੇ ਘਰਦਿਆਂ ਨੇ ਉਸਦੀ ਬਹੁਤ ਭਾਲ ਕੀਤੀ ਪਰ ਉਹ ਕਿਤੋਂ ਵੀ ਨਾ ਮਿਲਿਆ । ਜਸਵਿੰਦਰ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫੌਜ ਦੀ ਭਰਤੀ ਦੀ ਪ੍ਰੈਕਟਿਸ ਕਰਨ ਲਈ ਰੋਜ਼ਾਨਾ ਦੌੜਦਾ ਹੁੰਦਾ ਸੀ ਅਤੇ 10 ਮਾਰਚ 2015 ਵਾਲੇ ਦਿਨ ਉਹ ਵਾਪਸ ਘਰ ਨਹੀਂ ਆਇਆ ।
ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ । ਅੱਜ ਉਸ ਵੇਲੇ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਥਾਣਾ ਸਾਦਿਕ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਉਹ ਖਟਕੜ ਕਲਾਂ ਵਿਖੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਈ ਲੱਗ ਰਹੇ ਟੈਂਟ ਵਿੱਚ ਬਤੌਰ ਮਜ਼ਦੂਰ ਕੰਮ ਕਰ ਰਿਹਾ ਸੀ ਤਾਂ ਉੱਥੋਂ ਦੇ ਪੁਲਿਸ ਕਰਮਚਾਰੀਆਂ ਨੇ ਸਕਿਊਰਿਟੀ ਮੰਤਵ ਲਈ ਸਮਾਰੋਹ ਦੀ ਤਿਆਰੀ ਵਿੱਚ ਲੱਗੇ ਸਾਰੇ ਕਾਮਿਆਂ ਦੇ ਪਛਾਣ ਪੱਤਰ ਮੰਗਣੇ ਸ਼ੁਰੂ ਕੀਤੇ ਤਾਂ ਜਸਵਿੰਦਰ ਸਿੰਘ ਕੋਲ ਆਪਣੀ ਪਹਿਚਾਣ ਦੱਸਣ ਵਾਲਾ ਕੋਈ ਕਾਗਜ ਨਹੀਂ ਸੀ, ਉਸ ਨੇ ਜੁਬਾਨੀ ਹੀ ਆਪਣਾ ਨਾਂਅ ਅਤੇ ਘਰ ਦਾ ਪੂਰਾ ਪਤਾ ਸਬੰਧਤ ਅਧਿਕਾਰੀਆਂ ਨੂੰ ਲਿਖਵਾ ਦਿੱਤਾ ।
7 ਸਾਲਾਂ ਤੋਂ ਲਾਪਤਾ ਨੌਜਵਾਨ ਸਹੀ ਸਲਾਮਤ ਘਰ ਪਹੁੰਚਿਆ
ਇਸ ਉਪਰੰਤ ਫਰੀਦਕੋਟ ਪੁਲਿਸ ਨੂੰ ਜਸਵਿੰਦਰ ਸਿੰਘ ਬਾਰੇ ਪੜਤਾਲ ਕਰਨ ਦਾ ਸੁਨੇਹਾ ਲੱਗਣ ’ਤੇ ਉਸ ਦੇ ਪਿੰਡ ਜਾ ਕੇ ਪਤਾ ਕੀਤਾ ਗਿਆ ਤਾਂ ਪਿੰਡ ਵਾਸੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਦੱਸਿਆ ਜਸਵਿੰਦਰ ਸਿੰਘ ਤਾਂ ਪਿਛਲੇ 7 ਸਾਲਾਂ ਤੋਂ ਲਾਪਤਾ ਹੈ ਪਰ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਤੇ ਉਹ ਖਟਕੜ ਕਲਾਂ ਵਿਖੇ ਕੰਮ ਕਰ ਰਿਹਾ ਹੈ ਇਹ ਖਬਰ ਸੁਣ ਕੇ ਉਸ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ । ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਦੇਰ ਰਾਤ ਜਸਵਿੰਦਰ ਸਿੰਘ ਆਪਣੇ ਘਰ ਵੀ ਲੈ ਆਂਦਾ ਗਿਆ । ਇਸ ਖੁਸ਼ੀ ਦੇ ਮੌਕੇ ਫਰੀਦਕੋਟ ਜਿਲ੍ਹੇ ਦੇ ਤਿੰਨੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਅਮੋਲਕ ਸਿੰਘ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ