ਕਿਸਾਨ ਪੰਜਾਬ ਬੰਦ ਅਤੇ ਰੇਲਾਂ ਦੀ ਪਟੜੀਆਂ ‘ਤੇ ਰੱਖਣਗੇ ਗਰਦਨਾਂ: ਉਗਰਾਹਾਂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਟਿਆਲਾ ਅਤੇ ਪਿੰਡ ਬਾਦਲ ਵਿਖੇ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਅੱਠਵੇਂ ਦਿਨ ਪੰਜਾਬ ਬੰਦ ਸਮੇਤ ਰੇਲਾਂ ਰੋਕਣ ਦੇ ਅਗਲੇ ਸੰਘਰਸ਼ ਵਿੱਚ ਤਬਦੀਲ ਕਰਦਿਆਂ ਖਤਮ ਕਰ ਦਿੱਤਾ ਗਿਆ ਹੈ। ਇਸ ਮੋਰਚੇ ਦੇ ਅਖੀਰਲੇ ਦਿਨ ਦੋਵਾਂ ਥਾਵਾਂ ‘ਤੇ ਕਿਸਾਨੀ ਸਟੇਜ਼ ਤੋਂ ਰੋਹ ਭਰੀਆਂ ਹੋਈਆਂ ਤਕਰੀਰਾਂ ਨੇ ਖੇਤੀ ਬਿੱਲਾਂ ਸਮੇਤ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਵਿਰੁੱਧ ਗੁੱਸੇ ਦੀ ਲਹਿਰ ਕਿਸਾਨਾਂ ਦੀਆਂ ਅੱਖਾਂ ਵਿੱਚ ਦੇਖੀ ਗਈ।
ਪਟਿਆਲਾ ਵਿਖੇ ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅਗਲਾ ਪ੍ਰੋਗਰਾਮ ਦਿੰਦਿਆ ਕਿਹਾ ਕਿ ਜਥੇਬੰਦੀ 23 ਸਤੰਬਰ ਨੂੰ ਸ਼ਹਿਰਾਂ ਵਿੱਚ ਰੈਲੀਆਂ ਕਰਕੇ ਦੁਕਾਨਾਦਾਰਾਂ ਅਤੇ ਹੋਰ ਵਰਗ ਨੂੰ ਜਾਗਰੂਕ ਕਰੇਗੀ ਤਾਂ ਜੋ ਉਹ 25 ਸਤੰਬਰ ਨੂੰ ਪੂਰਨ ਬੰਦ ਕਰਵਾ ਸਕਣ।
ਇਸ ਤੋਂ ਇਲਾਵਾ 24 ਤੋਂ 26 ਤਾਰੀਖ ਨੂੰ ਪੰਜਾਬ ਦੀਆਂ ਰੇਲਾਂ ਦੀਆਂ ਲੀਹਾਂ ਤੇ ਆਪਣੀਆਂ ਗਰਦਨਾਂ ਰੱਖ ਕੇ ਰੇਲਾਂ ਦੀਆਂ ਪਟੜੀਆਂ ਜਾਮ ਕਰਨਗੇ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਵਿਰੁੱਧ ਪੰਜਾਬ ‘ਚੋਂ ਸ਼ੁਰੂ ਹੋਈ ਵਿਰੋਧ ਦੀ ਚਿਣਗ ਪੂਰੇ ਦੇਸ਼ ‘ਚ ਫੈਲੇਗੀ ਅਤੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੀਆਂ ਪਾਰਟੀਆਂ ਵੋਟਾਂ ਖਾਤਰ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ, ਪਰ ਤੁਸੀਂ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਾ।
ਉਨ੍ਹਾਂ ਕਿਹਾ ਕਿ ਹੁਣ ਤਾਂ ਅਕਾਲੀ ਅਤੇ ਕਾਂਗਰਸੀ ਵੀ 25 ਸਤੰਬਰ ਨੂੰ ਬੰਦ ਕਰ ਰਹੇ ਹਨ ਅਤੇ ਇਸ ਸਿਰਫ਼ ਢੌਂਗ ਰਚ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਖਿਲਾਫ਼ ਸੰਘਰਸ਼ ਰੁਕੇਗਾ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਜੋ ਕਿ ਅਜੇ ਤੱਕ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਇਨ੍ਹਾਂ ਬਿੱਲਾਂ ‘ਤੇ ਕਿਸਾਨਾਂ ਦਾ ਵਿਰੋਧ ਖਤਮ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਇੱਕ ਹੋਰ ਆਰਡੀਨੈਂਸ ਲੈ ਕੇ ਆਵੇ ਜਿਸ ਵਿੱਚ ਇਹ ਲਿਖਿਆ ਹੋਵੇ ਕਿ ਸਮਰੱਥਨ ਮੁੱਲ ਤੋਂ ਕੋਈ ਪ੍ਰਾਈਵੇਟ ਏਜੰਸੀ ਘੱਟ ਮੁੱਲ ‘ਤੇ ਖਰੀਦ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ ਕਿ ਫੇਰ ਹੀ ਕਿਸਾਨ ਇਨ੍ਹਾਂ ਬਿੱਲਾਂ ‘ਤੇ ਵਿਸ਼ਵਾਸ ਕਰਨਗੇ।
ਉਨ੍ਹਾਂ ਕਿਹਾ ਕਿ ਕੁਝ ਸਾਲ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਦੇ ਕੇ ਅਜਿਹੇ ਸਮਝੌਤੇ ਕਰਵਾਏ ਜਾਣਗੇ ਜੋ ਕਿ ਕਿਸਾਨਾਂ ਦੇ ਗਲੇ ਦੇ ਫੰਦੇ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੋਦੀ ਸਰਕਾਰ ਦੇ ਇਹ ਬਿੱਲ ਮਨਜੂਰ ਨਹੀਂ ਹੋਣਗੇ। ਇਸ ਤੋਂ ਪਹਿਲਾਂ ਹੋਰਨਾਂ ਅਨੇਕਾਂ ਬੁਲਾਰਿਆਂ ਵੱਲੋਂ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਵਿਰੁੱਧ ਜਮ ਕੇ ਭੜਾਸ ਕੱਢੀ ਗਈ। ਇਸ ਮੌਕੇ ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਕਾਲਾਝਾੜ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.