Ukraine ‘ਆਪਣੇ ਹੌਂਸਲੇ ਨਾਲ ਹੀ ਖਤਰਨਾਕ ਜੋਨ ’ਚੋਂ ਬਾਹਰ ਨਿੱਕਲ ਕੇ ਹੰਗਰੀ ਪਹੁੰਚੇ’
- ਭਾਰਤੀ ਅੰਬੈਸੀ ਨੇ ਉਥੇ ਨਹੀਂ ਕੀਤੀ ਬਣਦੀ ਮਦਦ
(ਸੁਰਿੰਦਰ ਮਿੱਤਲ਼) ਤਪਾ। ਤਪਾ ਤੋਂ ਐੱਮ ਬੀ ਬੀ ਐੱਸ ਦੀ ਪੜ੍ਹਾਈ ਕਰਨ ਲਈ ਲਗਭਗ ਪੰਜ ਸਾਲ ਪਹਿਲਾਂ ਯੂਕਰੇਨ ਗਏ ਕੁੰਵਰ ਸ਼ਰਮਾ ਜੋ ਰੂਸ ਯੂਕਰੇਨ (Ukraine) ਜੰਗ ਵਿੱਚ ਫਸ ਗਿਆ ਸੀ, ਬੀਤੀ ਸ਼ਾਮ ਹਵਾਈ ਸਫ਼ਰ ਰਾਹੀਂ ਆਪਣੇ ਘਰ ਸਹੀ ਸਲਾਮਤ ਪਰਤ ਆਇਆ ਹੈ। ਇਸ ਮੌਕੇ ਉਹਨਾਂ ਦਾ ਪੂਰਾ ਪਰਿਵਾਰ ਭਾਵੁਕ ਸੀ। ਬੜੇ ਹੀ ਮੁਸ਼ਕਿਲ ਹਾਲਤਾਂ ’ਚੋਂ ਹੁੰਦੇ ਹੋਏ ਰਾਜ਼ੀ ਖੁਸ਼ੀ ਘਰ ਪਰਤਣ ’ਤੇ ਕੁੰਵਰ ਸ਼ਰਮਾ ਪੁੱਤਰ ਡਾਕਟਰ ਧੀਰਜ ਸ਼ਰਮਾ ਤੇ ਸੰਗੀਤ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਥੋਂ ਦੇ ਹਾਲਾਤ ਬਹੁਤ ਹੀ ਚਿੰਤਾਜਨਕ ਹਨ।
ਜੰਗ ਦੀ ਸ਼ੁਰੂਆਤ ਦੀਆਂ ਕਨਸੋਆਂ ਮਿਲਣ ਦੇ ਬਾਵਜੂਦ ਵਾਪਿਸ ਘਰ ਨਾ ਪਹੁੰਚ ਸਕਣ ’ਤੇ ਉਸਨੇ ਦੱਸਿਆ ਕਿ ਉਹਨਾਂ ਦੀ ਮੈਡੀਕਲ ਯੂਨੀਵਰਸਿਟੀ ਨੇ ਸਾਰੇ ਵਿਦਿਆਰਥੀਆਂ ਨੂੰ ਹਨ੍ਹੇਰੇ ’ਚ ਹੀ ਰੱਖਿਆ ਉਹ ਕਹਿੰਦੇ ਰਹੇ ਕਿ ਦਹਾਕਿਆਂ ਤੋਂ ਰੂਸ ਨਾਲ ਯੂਕਰੇਨ ਦੀ ਟਸਲ ਚੱਲ ਰਹੀ ਏ ਪਰ ਕਦੇ ਯੁੱਧ ਨਹੀਂ ਲੱਗਿਆ ਦੂਜੇ ਪਾਸੇ ਉਹਨਾਂ ਪੜ੍ਹਾਈ ਵਿੱਚੇ ਛੱਡ ਕੇ ਜਾਣ ਦੀ ਗੱਲ ’ਤੇ ਧਮਕੀ ਦਿੱਤੀ ਕਿ ਤੁਹਾਡੀ ਡਿਗਰੀ ਲਈ ਫੇਰ ਪੜ੍ਹਾਈ ਅਤੇ ਸਾਰੇ ਖਰਚੇ ਦੁਬਾਰਾ ਕਰਨੇ ਪੈਣਗੇ। ਇਸ ਲਈ ਉਹ ਉੱਥੇ ਹੀ ਬਣੇ ਰਹੇ। ਪਰ ਜਦ ਬੰਬਾਰੀ ਸ਼ੁਰੂ ਹੋ ਗਈ ਫੇਰ ਵੀ ਉਹ ਭਰੋਸਾ ਦਿੰਦੇ ਰਹੇ ਕੇ ਜਲਦੀ ਹੀ ਹਾਲਾਤ ਠੀਕ ਹੋ ਜਾਣਗੇ ਪਰ ਹਾਲਾਤ ਦਿਨ ਬ ਦਿਨ ਬਦਤਰ ਹੁੰਦੇ ਗਏ । ਰੂਸ ਨੇ ਖਾਰਕੀਵ ਸ਼ਹਿਰ ਨੂੰ ਤਬਾਹ ਕਰ ਦਿੱਤਾ।
24 ਘੰਟੇ ਦੇ ਸਫਰ ਤੋਂ ਬਾਅਦ ਹੰਗਰੀ ਪਹੁੰਚੇ ਕੁੰਵਰ ਸ਼ਰਮਾ
ਉਹਨਾਂ ਦੱਸਿਆ ਕਿ ਕਿਵੇਂ ਕੰਕਰੀਟ ਦੇ ਨਿੱਕੇ-ਨਿੱਕੇ ਚੈਂਬਰਾਂ ਅਤੇ ਮੈਟਰੋ ਸਟੇਸ਼ਨਾਂ ’ਤੇ ਲੁਕ ਲੁਕ ਕੇ ਭੁੱਖੇ ਪਿਆਸੇ ਰਾਤਾਂ ਕੱਟੀਆਂ। ਕੁਝ ਵੀ ਖਾਣ-ਪੀਣ ਲਈ ਨਹੀਂ ਸੀ ਮਿਲਦਾ। ਉਹਨਾਂ ਭਾਰਤੀ ਅੰਬੈਸੀ ’ਤੇ ਸ਼ਿਕਵਾ ਕਰਦਿਆਂ ਕਿਹਾ ਕਿ ਭਾਵੇਂ ਸਰਕਾਰੀ ਨੁਮਾਇੰਦੇ ਸਾਡੇ ਭਾਰਤ ਰਹਿੰਦੇ ਮਾਪਿਆਂ ਆਦਿ ਤੋਂ ਸਾਡੇ ਅੰਕੜੇ ਲੈ ਰਹੇ ਸਨ ਪਰ ਭਾਰਤੀ ਅੰਬੈਸੀ ਨੇ ਉਥੇ ਕਿਸੇ ਦੀ ਵੀ ਕੋਈ ਮਦਦ ਨਹੀਂ ਕੀਤੀ ਸਗੋਂ ਹਾਲਾਤ ਬਹੁਤ ਜਿਆਦਾ ਵਿਗੜਨ ’ਤੇ ਕਿਹਾ ਕਿ ਜਿਵੇਂ ਮਰਜ਼ੀ ਬਾਰਡਰ ਲੰਘ ਕੇ ਪੋਲੈਂਡ ਜਾਂ ਹੰਗਰੀ ਪਹੁੰਚੋ ਉਥੋਂ ਹੀ ਤੁਹਾਨੂੰ ਵਾਪਿਸ ਲਿਆਉਣ ਦੀ ਕਾਰਵਾਈ ਕੀਤੀ ਜਾਵੇਗੀ। ਫੇਰ ਉਹ ਖੁਦ ਆਪਣੀ ਮਰਜ਼ੀ ਨਾਲ ਚਾਰ ਦੋਸਤਾਂ ਨਾਲ ਆਪਣੇ ਦਮ ’ਤੇ ਕਈ-ਕਈ ਕਿਲੋਮੀਟਰ ਪੈਦਲ ਚੱਲ ਕੇ ਰੇਲਵੇ ਸਟੇਸ਼ਨ ਪਹੁੰਚੇ ਅਤੇ 24 ਘੰਟੇ ਦੇ ਸਫਰ ਤੋਂ ਬਾਅਦ ਹੰਗਰੀ ਪਹੁੰਚੇ ਤੇ ਆਪਣੇ ਆਪ ਨੂੰ ਖਤਰੇ ਤੋਂ ਬਾਹਰ ਨਿਕਲਿਆ ਮਹਿਸੂਸ ਕੀਤਾ।
ਘਰ ਪਹੁੰਚਣ ਤੋਂ ਬਾਅਦ ਉਹਨਾਂ ਭਾਰਤ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਸਾਡੀ ਡਿਗਰੀ ਮੁਕੰਮਲ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਸਰਕਾਰ ਆਪਣੇ ਦੇਸ਼ ਅੰਦਰ ਹੀ ਮੈਡੀਕਲ ਦੀ ਪੜ੍ਹਾਈ ਸਬੰਧੀ ਅਜਿਹੇ ਕਦਮ ਚੁੱਕੇ ਕਿ ਸਭ ਨੂੰ ਬਰਾਬਰਤਾ ਦੀ ਪੱਧਰ ’ਤੇ ਅਤੇ ਸਸਤੀ ਐਜੂਕੇਸ਼ਨ ਮਿਲੇ ਅਤੇ ਕਿਸੇ ਵੀ ਨੌਜਵਾਨ ਨੂੰ ਦੇਸ਼ ਤੋਂ ਬਾਹਰ ਜਾਕੇ ਪੜ੍ਹਨ ਜਾਂ ਕੰਮ ਨਾ ਕਰਨਾ ਪਵੇ। ਉਹਨਾਂ ਦੇਸ਼ ਦੇ ਯੂਕਰੇਨ ’ਚ ਫਸੇ ਬਾਕੀ ਵਿਦਿਆਰਥੀਆਂ ਨੂੰ ਵੀ ਜਲਦੀ ਅਤੇ ਸਹੀ ਸਲਾਮਤ ਵਾਪਿਸ ਆਪਣੇ ਘਰ ਪਹੁੰਚਣ ਦੀ ਦੁਆ ਕੀਤੀ। ਖਬਰ ਲਿਖਣ ਤੱਕ ਤਪਾ ਦੇ ਇੱਕ ਹੋਰ ਨੌਜਵਾਨ ਹਰਸ਼ਿਤ ਬਾਂਸਲ ਪੁੱਤਰ ਅਸ਼ੋਕ ਬਾਂਸਲ ਦੇ ਦਿੱਲੀ ਵਿਖੇ ਸਹੀ ਸਲਾਮਤ ਪਹੁੰਚ ਮਾਪਿਆਂ ਨੂੰ ਮਿਲ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ