
Border Villages of Punjab: ਰੋਟੀ ਦਾ ਵਸੀਲਾ ਬਣਿਆ ਸਰਹੱਦੀ ਪੱਟੀ ਦੇ ਉਪਜਾਊ ਖੇਤਾਂ ’ਚ ਸਬਜ਼ੀ ਉਤਪਾਦਨ
Border Villages of Punjab: ਫਿਰੋਜ਼ਪੁਰ (ਜਗਦੀਪ ਸਿੰਘ)। ਹਿੰਦ-ਪਾਕਿ ਸਰਹੱਦ ਨੇੜੇ ਲੱਗਦੇ ਸਰਹੱਦੀ ਪਿੰਡਾਂ ਦੇ ਲੋਕ ਆਰਥਿਕ ਪੱਖੋਂ ਇੰਨੇ ਅਮੀਰ ਨਹੀਂ ਜਿੰਨੇ ਮਿਹਨਤ ਪੱਖੋਂ ਅਮੀਰ ਹਨ। ਸਰਕਾਰਾਂ ਦੀ ਅਣਦੇਖੀ ਤੇ ਕੁਦਰਤੀ ਆਫਤਾਂ ਨੇ ਭਾਵੇਂ ਜਿੰਨੀ ਮਰਜੀ ਵਾਹ ਲਾਈ ਪਰ ਇਨ੍ਹਾਂ ਮਿਹਨਤਕਸ਼ ਲੋਕਾਂ ਨੇ ਹਾਰ ਨਹੀਂ ਮੰਨੀ। ਇੱਕ ਪਾਸੇ ਜਿੱਥੇ ਕੌਮਾਂਤਰੀ ਸਰਹੱਦ ਤੇ ਸਤਲੁਜ ਦਰਿਆ ਲੱਗਣ ਕਰਕੇ ਕਈ ਔਕੜਾਂ ਆਉਂਦੀਆਂ ਹਨ ਪਰ ਇਸ ਦਾ ਚੰਗਾ ਪਹਿਲੂ ਇਹ ਵੀ ਹੈ ਕਿ ਹੜ੍ਹਾਂ ਨਾਲ ਆਈ ਉਪਜਾਊ ਮਿੱਟੀ ਜ਼ਮੀਨਾਂ ਦੀ ਤਾਕਤ ਦੂਣ-ਸਵਾਈ ਕਰ ਦਿੰਦੀ ਹੈ।
Read Also : Mahila Samman Yojana: ਹੋ ਗਿਆ ਐਲਾਨ! ਦਿੱਲੀ ’ਚ ਲਾਗੂ ਹੋਈ ਮਹਿਲਾ ਸਨਮਾਨ ਯੋਜਨਾ, ਮਿਲਣਗੇ 2500 ਰੁਪਏ
ਜਿਸ ਦੇ ਸਹਾਰੇ ਇਹ ਲੋਕ ਵਾਰ-ਵਾਰ ਉਜਾੜੇ ਹੋਣ ਮਗਰੋਂ ਵੀ ਇੱਥੋਂ ਦੀ ਉਪਜਾਊ ਮਿੱਟੀ ਨਾਲ ਮੋਹ ਪਾਈ ਬੈਠੇ ਹਨ। ਬੇਸ਼ੱਕ ਇੱਥੇ ਵੱਸਦੇ ਲੋਕ ਬਹੁਤੀਆਂ ਜ਼ਮੀਨਾਂ ਵਾਲੇ ਨਹੀਂ ਹਨ ਫਿਰ ਵੀ ਸਖਤ ਮਿਹਨਤ ਸਦਕਾ ਹੁੰਦਾ ਸਬਜ਼ੀ ਉਤਪਾਦਨ ਇਹਨਾਂ ਲੋਕਾਂ ਨੂੰ ਆਰਥਿਕ ਹੁਲਾਰਾ ਦੇ ਰਿਹਾ ਹੈ, ਜਿਸ ਕਾਰਨ ਇਹ ਲੋਕ ਕਣਕ-ਝੋਨੇ ਦੇ ਫਸਲੀ ਗੇੜ ’ਚੋਂ ਨਿਕਲ ਕੇ ਸਾਲ ਭਰ ਵੱਖ-ਵੱਖ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਅਤੇ ਇੱਥੇ ਤਿਆਰ ਹੋਈਆਂ ਸਬਜ਼ੀਆਂ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਦੀਆਂ ਹਨ।
Border Villages of Punjab
ਸਬਜ਼ੀਆਂ ਦੀ ਕਸ਼ਤ ਕਰਦੇ ਕਿਸਾਨਾਂ ਸ਼ਿੰਗਾਰਾ ਸਿੰਘ, ਹੁਸ਼ਿਆਰ ਸਿੰਘ ਨੇ ਦੱਸਿਆ ਕਿ ਹੁਣ ਆਲੂਆਂ ਦੀ ਪੁਟਾਈ, ਮਟਰਾਂ ਦੀ ਤੁੜਾਈ ਦੇ ਨਾਲ-ਨਾਲ ਹੋਰ ਵੱਖ-ਵੱਖ ਤਰ੍ਹਾਂ ਦੀਆਂ ਉਗਾਈਆਂ ਹੋਈਆਂ ਸਬਜ਼ੀਆਂ ਦੀ ਗੁਡਾਈ ਜਾਰੀ ਹੈ, ਜਿਸ ਕੰਮ ਲਈ ਲੇਬਰ ਦੀ ਜ਼ਰੂਰਤ ਪੈਂਦੀ ਹੈ, ਜਿਸ ਦਾ ਉਨ੍ਹਾਂ ਨੂੰ ਦੂਰੋਂ-ਨੇੜੇਓ ਵੱਖ-ਵੱਖ ਪਿੰਡਾਂ ’ਚੋਂ ਇੰਤਜ਼ਾਮ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਲਸਣ ਦੀ ਪੁਟਾਈ, ਹਰੀਆਂ ਮਿਰਚਾਂ ਦੀ ਤੁੜਾਈ ਸ਼ੁਰੂ ਹੋ ਜਾਣੀ ਅਤੇ ਸਾਲ ਭਰ ਸਬਜ਼ੀਆਂ ਆਈਆਂ ਰਹਿੰਦੀ ਹਨ ਅਰਬੀ, ਗਾਜਰਾਂ ਦੀ ਪੁਟਾਈ ਆਦਿ ਇਸੇ ਤਰ੍ਹਾਂ ਸਾਲ ਭਰ ਵਿੱਚ ਅਜਿਹੀਆਂ ਸਬਜ਼ੀਆਂ ਦਾ ਸੀਜ਼ਨ ਰਹਿੰਦਾ ਹੈ ਜਿੰਨਾ ਲਈ ਲੇਬਰ ਦੀ ਕਾਫੀ ਲੋੜ ਪੈਂਦੀ ਹੈ।
ਜਿਸ ਦੇ ਨਾਲ ਸਬਜ਼ੀਆਂ ਤੋਂ ਚੰਗੀ ਆਮਦਨ ਹੋਣ ਨਾਲ ਜ਼ਮੀਨਾਂ ਵਾਲਿਆਂ ਨੂੰ ਜਿੱਥੇ ਚੰਗਾ ਆਰਥਿਕ ਹੁਲਾਰਾ ਮਿਲ ਰਿਹਾ ਹੈ ਉੱਥੇ ਸਬਜ਼ੀਆਂ ਉਤਪਾਦਨ ਦੇ ਨਾਲ ਬਾਰਡਰ ਪੱਟੀ ’ਤੇ ਵਸਦੇ ਪਿੰਡਾਂ ਦੇ ਲੋਕਾਂ ਲਈ ਬਜ਼ੁਰਗਾਂ ਸਮੇਤ ਮਰਦਾਂ ਔਰਤਾਂ ਨੂੰ ਸਾਲ ਭਰ ਇੱਥੋਂ ਮਿਲ ਰਿਹਾ ਰੁਜ਼ਗਾਰ ਰੋਟੀ ਦਾ ਵਸੀਲਾ ਬਣਿਆ ਹੋਇਆ ਹੈ, ਕਿਉਂਕਿ ਸਰਹੱਦੀ ਪੱਟੀ ਇਲਾਕਾ ਹੋਣ ਕਾਰਨ ਇੱਥੇ ਕੋਈ ਹੋਰ ਇੰਡਸਟਰੀ ਆਦਿ ਤਾਂ ਨਹੀਂ ਹੈ ਪਰ ਜ਼ਮੀਨਾਂ ਉਪਜਾਊ ਹੋਣ ਕਾਰਨ ਸਬਜੀਆਂ ਦੇ ਉਤਪਾਦਨ ਦੀ ਇਕ ਵੱਡੀ ਇੰਡਸਟਰੀ ਬਣੀ ਹੋਈ ਹੈ, ਜਿੱਥੋ ਮਰਦਾਂ ਔਰਤਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਥੋੜੇ ਵਸੀਲਿਆਂ ਵਾਲੇ ਕਿਸਾਨ ਵੀ ਆਪਣੇ ਘਰਾਂ ਦਾ ਗੁਜ਼ਾਰਾ ਚਲਾਈ ਜਾਂਦੇ ਹਨ।
ਮੰਡੀਕਰਨ ਦੀਆਂ ਸਮੱਸਿਆਵਾਂ ’ਚੋਂ ਨਿਕਲਣ ਦੀਆਂ ਉਮੀਦਾਂ ਬਣ ਰਹੇ ਆਧੁਨਿਕ ਤਰੀਕੇ
ਸਬਜ਼ੀਆਂ ਦੇ ਜ਼ਿਆਦਾ ਉਤਪਾਦਨ ਕਾਰਨ ਕਈ ਵਾਰ ਇਨ੍ਹਾਂ ਕਿਸਾਨਾਂ ਨੂੰ ਸਸਤੇ ਭਾਅ ਸਬਜ਼ੀਆਂ ਵੇਚਣੀਆਂ ਪੈਂਦੀਆਂ ਹਨ, ਜਿਸ ਕਾਰਨ ਇਨ੍ਹਾਂ ਕਿਸਾਨਾਂ ਨੇ ਸਟੋਰ ਹੋਣ ਯੋਗ ਸਬਜ਼ੀਆਂ ਨੂੰ ਸਟੋਰ ਕਰਵਾਉਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਸਮਾਂ ਆਉਣ ’ਤੇ ਚੰਗਾ ਭਾਅ ਮਿਲਦਾ ਦੇਖ ਸਬਜ਼ੀਆਂ ਨੂੰ ਸਟੋਰਾਂ ’ਚੋਂ ਕਢਾ ਕੇ ਚੰਗੇ ਮੁਨਾਫੇ ਨਾਲ ਵੇਚਣ ਦੀ ਉਮੀਦ ਰੱਖਦੇ ਹਨ। ਇਸ ਤੋਂ ਇਲਾਵਾ ਇਹ ਕਿਸਾਨ ਸਬਜ਼ੀਆਂ ਨੂੰ ਰਾਜਧਾਨੀ ਦੀਆਂ ਮੰਡੀਆਂ ਅਤੇ ਦੇਸ਼ ਦੀਆਂ ਹੋਰ ਵੱਡੀਆਂ ਮੰਡੀਆਂ ’ਚ ਵੀ ਪਹੁੰਚਾਉਣਾ ਸਿੱਖ ਰਹੇ ਹਨ, ਜਿੱਥੋਂ ਇਹਨਾਂ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਰਹਿੰਦੀ ਹੈ। Border Villages of Punjab
ਸਬਜ਼ੀਆਂ ਦੇ ਉਤਪਾਦਨ ਨਾਲ ਹੋਰ ਕਈ ਲੋਕਾਂ ਨੂੰ ਮਿਲ ਰਿਹੈ ਸਿੱਧੇ-ਅਸਿੱਧੇ ਤਰੀਕੇ ਰੁਜ਼ਗਾਰ
ਫਿਰੋਜਪੁਰ ਦੇ ਸਰਹੱਦੀ ਪੱਟੀ ਇਲਾਕੇ ’ਚ ਸਬਜ਼ੀਆਂ ਦੀ ਚੰਗੀ ਕਾਸ਼ਤ ਹੋਣ ਕਾਰਨ ਇੱਥੋਂ ਦੇ ਆਸ-ਪਾਸ ਦੇ ਗਰੀਬ ਲੋਕਾਂ ਨੂੰ ਸਾਲ ਭਰ ਕੰਮ-ਕਾਰ ਮਿਲਿਆ ਰਹਿੰਦਾ ਹੈ, ਉੱਥੇ ਵੇਖਣ ਵਿੱਚ ਆਇਆ ਕਿ ਸਬਜ਼ੀਆਂ ਕਾਰਨ ਹੋਰ ਵੀ ਕਿ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ, ਜਿਵੇਂ ਇਸ ਸਮੇਂ ਆਲੂ ਦੀ ਪੁਟਾਈ ਜ਼ੋਰਾਂ ਨਾਲ ਚੱਲ ਰਹੀ ਹੈ, ਜਿਨ੍ਹਾਂ ਨੂੰ ਵੱਡੇ ਪੱਧਰ ’ਤੇ ਕੋਲਡ ਸਟੋਰਾਂ ਵਿੱਚ ਕਿਸਾਨਾਂ ਵੱਲੋਂ ਸਟੋਰ ਕਰਵਾਇਆ ਜਾ ਰਿਹਾ ਹੈ। ਫਿਰੋਜ਼ਪੁਰ ਜ਼ਿਲ੍ਹੇ ’ਚ ਹੁਣ ਕਰੀਬ 11 ਕੋਲਡ ਸਟੋਰ ਚੱਲ ਰਹੇ ਹਨ, ਜਿਨ੍ਹਾਂ ਵਿੱਚ ਸਮੱਰਥਾ ਮੁਤਾਬਿਕ ਲੇਬਰਾਂ ਅਤੇ ਕੋਲਡ ਸਟੋਰ ਦਾ ਕੰਟਰੋਲ ਰੱਖਣ ਲਈ ਹੋਰ ਕਰਮਚਾਰੀ ਕੰਮ ’ਚ ਰਹਿੰਦੇ ਹਨ।
ਇਸ ਦੇ ਨਾਲ-ਨਾਲ ਰੋਜ਼ਾਨਾ ਇੱਥੋਂ ਤਿਆਰ ਹੁੰਦੀਆਂ ਸਬਜ਼ੀਆਂ ਵਿਕਣ ਲਈ ਮੰਡੀਆਂ ਵਿੱਚ ਜਾਂਦੀਆਂ ਹਨ, ਜਿਹਨਾਂ ਦੀ ਢੋਆ-ਢੁਆਈ ਲਈ ਟਰਾਂਸਪੋਰਟਾਂ ਦੇ ਘਰ ਵੀ ਇਸ ਬਹਾਨੇ ਚੱਲ ਰਹੇ ਹਨ। ਇਸ ਦੇ ਨਾਲ ਸਬਜ਼ੀਆਂ ਉਗਾਉਣ ਅਤੇ ਪੁੱਟਣ ਲਈ ਸਮੇਂ-ਸਮੇਂ ਨਾਲ ਆਧੁਨਿਕ ਖੇਤੀ ਸੰਦਾਂ ਦੀ ਵੱਡੀ ਜ਼ਰੂਰਤ ਇਹਨਾਂ ਲੋਕਾਂ ਨੂੰ ਰਹਿੰਦੀ ਹੈ। ਅਜਿਹੇ ਹੋਰ ਕਾਰਨਾਂ ਕਰਕੇ ਇਥੋਂ ਦਾ ਸਬਜ਼ੀ ਉਤਪਾਦਨ ਅਨੇਕਾਂ ਲੋਕਾਂ ਨੂੰ ਸਿੱਧੇ-ਅਸਿੱਧੇ ਤਰੀਕੇ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ।