(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਵੱਲੋਂ ਇੱਕ ਸਕਿਊਰਟੀ ਗਾਰਡ ਨੂੰ ਇੱਕ ਕਿੱਲੋ ਅਫ਼ੀਮ ( Opium) ਸਮੇਤ ਕਾਬੂ ਕੀਤਾ ਹੈ। ਜਿਸ ਨੂੰ ਪੁਲਿਸ ਨੇ ਡੀਲ ਕਰਕੇ ਸਪਲਾਈ ਦੇਣ ਲਈ ਬੁਲਾਇਆ ਅਤੇ ਅਫ਼ੀਮ ਸਮੇਤ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਆਈਪੀਅੇੱਲ ’ਚ ਅੱਜ PBKS Vs DC ਆਹਮਣੋ-ਸਾਹਮਣੀ
ਰਜਿੰਦਰ ਸਿੰਘ ਐਸਐਚਓ ਥਾਣਾ ਪੀਏਯੂ ਨੇ ਦੱਸਿਆ ਕਿ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਨਸ਼ਿਆਂ ਵਿਰੁੱਧ ਸੁਹਿਰਦਤਾ ਨਾਲ ਮੁਹਿੰਮ ਦੇ ਰੂਪ ’ਚ ਕੰਮ ਕੀਤਾ ਜਾ ਰਿਹਾ ਹੈ। ਜਿਸ ’ਚ ਇੱਕ ਵਾਰ ਫ਼ਿਰ ਲੁਧਿਆਣਾ ਪੁਲਿਸ ਨੂੰ ਸਫ਼ਲਤਾ ਹੱਥ ਲੱਗੀ ਹੈ। ਉਨਾਂ ਦੱਸਿਆ ਕਿ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਥਾਣਾ ਪੀਏਯੂ ਦੀ ਪੁਲਿਸ ਵੱਲੋਂ ਦੌਰਾਨ-ਏ-ਗਸ਼ਤ ਮਨਦੀਪ ਸਿੰਘ ਵਾਸੀ 108, ਬਰਨਾਵੀ ਈਸਾਪੁਰ ਖੁਰਗਿਆਨ (ਉੱਤਰ ਪ੍ਰਦੇਸ਼) ਨੂੰ 1 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਇਸ ਪਿੱਛੋਂ ਮਨਦੀਪ ਸਿੰਘ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਰਜਿੰਦਰ ਸਿੰਘ ਨੇ ਦੱਸਿਆ ਕਿ 26 ਸਾਲਾ ਮਨਦੀਪ ਸਿੰਘ ਹਰਿਆਣਾ ’ਚ ਸਕਿਊਰਟੀ ਗਾਰਡ ਦਾ ਕੰਮ ਕਰਦਾ ਹੈ। ਜਿਸ ਵੱਲੋਂ ਪਹਿਲਾਂ ਇੱਧਰ ਇੱਕ-ਦੋ ਵਾਰ ਕੀਤੀ ਗਈ ਸਪਲਾਈ ਬਾਰੇ ਉਨਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਫੋਨ ਨੰਬਰ ਪ੍ਰਾਪਤ ਕਰਕੇ ਮਨਦੀਪ ਸਿੰਘ ਨਾਲ ਡੀਲ ਕੀਤੀ। ਜਿਸ ਨੂੰ ਸਪਲਾਈ ਦੇਣ ਆਏ ਨੂੰ 1 ਕਿੱਲੋ ਅਫ਼ੀਮ ( Opium) ਸਮੇਤ ਕਾਬੂ ਕੀਤਾ ਗਿਆ। ਉਨਾਂ ਦੱਸਿਆ ਕਿ ਮਨਦੀਪ ਸਿੰਘ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਮਾਮਲੇ ਦੀ ਤਫ਼ਤੀਸ ਥਾਣੇਦਾਰ ਬਲਵਿੰਦਰ ਸਿੰਘ ਦੁਆਰਾ ਕੀਤੀ ਜਾ ਰਹੀ ਹੈ।