ਲੈਨਿਨ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਦੇਸ਼ ਦੀ ਜਵਾਨੀ ਤੇ ਲੋਕਾਂ ਦੇ ਮੂੰਹ ‘ਤੇ ਕਿਸ ਤਰ੍ਹਾਂ ਦੇ ਗੀਤ ਹਨ ਤਾਂ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ। ਲੈਨਿਨ ਦੀ ਸੋਚ ਸੌ ਫੀਸਦੀ ਸਹੀ ਹੈ। ਕਿਸੇ ਵੀ ਦੇਸ਼ ਦਾ ਵਿਕਾਸ ਉੱਥੋਂ ਦੇ ਲੋਕਾਂ ਦੇ ਵਿਚਾਰਾਂ, ਸੋਚ, ਆਦਤਾਂ ਉੱਪਰ ਹੀ ਨਿਰਭਰ ਕਰਦਾ ਹੈ। ਸੋ, ਸਾਡੇ ਦੇਸ਼ ਦੇ ਬੱਚੇ ਗੁਣਾਂ ਦੇ ਧਨੀ ਹੋਣੇ ਜ਼ਰੂਰੀ ਹਨ ਕਿਉਂ ਜੋ ਉਨ੍ਹਾਂ ਨੇ ਆਉਣ ਵਾਲੇ ਕੱਲ੍ਹ ਦਾ ਨੇਤਾ ਬਣਨਾ ਹੁੰਦਾ ਹੈ। ਚੰਗੀ ਸ਼ਖਸੀਅਤ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।
ਪਰ ਇਹ ਅਸੰਭਵ ਵੀ ਨਹੀਂ ਹੈ। ਬੱਚਿਆਂ ਦੇ ਅੰਦਰ ਵਧੀਆ ਵਿਚਾਰ, ਆਦਤਾਂ ਅਤੇ ਉਸਾਰੂ ਸੋਚ ਪੈਦਾ ਕਰਨ ਲਈ ਮੁੱਢਲੀ ਅਵਸਥਾ ਭਾਵ ਬਾਲ ਅਵਸਥਾ ਉੱਤਮ ਸਮਾਂ ਹੁੰਦੀ ਹੈ। ਓਦੋਂ ਬੱਚੇ ਦਾ ਮਨ ਕੋਰੀ ਸਲੇਟ ਹੁੰਦਾ ਹੈ ਉਸ ‘ਤੇ ਜੋ ਵੀ ਲਿਖ ਦਿੱਤਾ ਜਾਵੇ ਤਾਂ ਬੱਚੇ ਦੀ ਸੋਚ, ਵਿਵਹਾਰ ਉਸੇ ਹੀ ਤਰ੍ਹਾਂ ਦਾ ਹੋ ਜਾਂਦਾ ਹੈ। ਇਸ ਕਾਰਜ ਲਈ ਮਾਪਿਆਂ ਅਤੇ ਸਮਾਜ ਤੋਂ ਇਲਾਵਾ ਬੱਚਿਆਂ ਦਾ ਸਕੂਲੀ ਜੀਵਨ ਕਾਫੀ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ। ਬੱਚਿਆਂ ਨੂੰ ਵਿੱਦਿਅਕ ਸਰਗਰਮੀਆਂ ਤੋਂ ਬਿਨਾਂ ਕੁੱਝ ਅਜਿਹੀਆਂ ਕਿਰਿਆਵਾਂ ਵਿੱਚ ਸ਼ਮੂਲੀਅਤ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਸਿੱਖਿਆ ਵਿਭਾਗ ਨੇ ਵਿਸ਼ੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਉਦੇਸ਼ ਨਾਲ ਸੂਬੇ ਦੇ ਮਿਡਲ/ਹਾਈ/ਸੈਕੰਡਰੀ ਸਕਰਾਰੀ ਸਕੂਲਾਂ ਦੇ ਬੱਚਿਆਂ ਲਈ ਪਹਿਲੀ ਵਾਰ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪਾਂ ਲਾ ਕੇ ਇੱਕ ਵੱਡਾ ਹੰਭਲਾ ਮਾਰਿਆ ਹੈ। ਸਿੱਖਿਆ ਵਿਭਾਗ ਨੇ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੇ ਨਾਲ ਹੀ ਦੇਸ਼ ਦੇ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ ਕੀਤੀ ਹੈ। ਇਸ ਕਦਮ ਦੇ ਸਕਾਰਾਤਮਕ ਨਤੀਜੇ ਆਉਣੇ ਯਕੀਨੀ ਹਨ।
ਵਿਭਾਗ ਵੱਲੋਂ ਸਕੂਲਾਂ ਅੰਦਰ ਸਮਰ ਕੈਂਪ ਲਾਉਣ ਦਾ ਫੈਸਲਾ ਅਧਿਆਪਕਾਂ ਉੱਪਰ ਜਬਰਦਸਤੀ ਨਹੀਂ ਥੋਪਿਆ ਗਿਆ। ਰਾਜ ਦੇ 71 ਸਕੂਲਾਂ ਦੇ 201 ਅਧਿਆਪਕਾਂ ਦੁਆਰਾ 3304 ਵਿਦਿਆਰਥੀਆਂ ਨੂੰ ਸਮਰ ਕੈਂਪ ਜੁਆਇਨ ਕਰਵਾਇਆ ਜੋ ਕਿ ਅਧਿਆਪਕ ਵਰਗ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਅਗਲੀ ਵਾਰ ਇਸ ਅੰਕੜੇ ਦੇ ਹੋਰ ਵਧ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕੰਮ ਲਈ ਵਿਭਾਗ ਵੱਲੋਂ ਕਿਸੇ ਵੀ ਪ੍ਰਕਾਰ ਦੀ ਵਿਸ਼ੇਸ ਛੁੱਟੀ, ਮਿਹਨਤਾਨੇ ਆਦਿ ਦਾ ਲਿਖਤੀ ਐਲਾਨ ਨਹੀਂ ਕੀਤਾ ਗਿਆ। ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਂ ਤਿੰਨ ਘੰਟੇ ਰੱਖਿਆ ਗਿਆ। ਇਹ ਕੈਂਪ ਘੱਟੋ-ਘੱਟ ਤਿੰਨ ਦਿਨਾਂ ਜਾਂ ਫਿਰ ਸੱਤ ਦਿਨਾਂ ਤੱਕ ਲਗਾਏ ਗਏ। ਅਧਿਆਪਕਾਂ ਨੂੰ ਜ਼ਿਲ੍ਹਾ ਮੈਂਟਰਜ਼ ਅਤੇ ਬਲਾਕ ਮੈਂਟਰਜ਼ ਵੱਲੋਂ ਯੋਗ ਅਗਵਾਈ ਦਿੱਤੀ ਗਈ। ਇਨ੍ਹਾਂ ਕੈਪਾਂ ਦੀ ਸਫਲਤਾ ਦਾ ਸਿਹਰਾ ਸਿੱਖਿਆ ਵਿਭਾਗ ਦੀ ਕਾਰਗਰ ਯੋਜਨਾਬੰਦੀ ਦੇ ਨਾਲ ਸਮੁੱਚੇ ਅਧਿਆਪਕ ਵਰਗ ਨੂੰ ਜਾਂਦਾ ਹੈ।
ਪ੍ਰਾਈਵੇਟ ਸਕੂਲਾਂ ਵਿੱਚ ਸਮਰ ਕੈਪਾਂ ਦਾ ਚਲਨ ਕਾਫੀ ਲੰਮੇ ਸਮੇਂ ਤੋਂ ਵਿਦਿਆਰਥੀਆਂ ਤੋਂ ਮੋਟੀ ਰਕਮ ਲੈ ਕੇ ਚਲਦਾ ਆ ਰਿਹਾ ਹੈ। ਪਰੰਤੂ ਸਰਕਾਰੀ ਸਕੂਲਾਂ ਦੇ ਬੱਚਿਆਂ ਤੋਂ ਇਸ ਸਬੰਧੀ ਕੋਈ ਫ਼ੀਸ ਨਹੀਂ ਲਈ ਗਈ ਜੋ ਕਾਬਿਲ-ਏ-ਤਾਰੀਫ ਹੈ। ਵਿਭਾਗ ਦੁਆਰਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਡਿੱਗ ਰਹੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵਿਚ ਵੀ ਮੱਦਦ ਕਰੇਗਾ। ਸਮਰ ਕੈਂਪਾਂ ਦਾ ਲਾਭ ਉਂਝ ਤਾਂ ਸਾਰੇ ਹੀ ਬੱਚਿਆਂ ਨੂੰ ਹੁੰਦਾ ਹੈ ਪਰ ਜਿਆਦਾ ਲਾਭ ਉਨ੍ਹਾਂ ਨੂੰ ਹੁੰਦਾ ਹੈ ਜੋ ਬੱਚੇ ਕਲਾਸ ਵਿੱਚ ਅਕਸਰ ਖਾਮੋਸ਼ ਹੀ ਰਹਿੰਦੇ ਹਨ। ਅਜਿਹੇ ਬੱਚਿਆਂ ਦੇ ਸਬੰਧ ਗਤੀਵਿਧੀਆਂ ਕਰਦੇ ਹੋਏ ਅਧਿਆਪਕਾਂ ਅਤੇ ਸਾਥੀਆਂ ਨਾਲ ਵਧੀਆ ਬਣ ਜਾਂਦੇ ਹਨ। ਹਰੇਕ ਬੱਚੇ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਪ੍ਰਦਰਸ਼ਨ ਦੇ ਆਧਾਰ ‘ਤੇ ਉਨ੍ਹਾਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਬਣਦੀ ਹੈ ਜਿਸ ਨਾਲ ਬੱਚੇ ਆਪਣੇ ਟੀਚੇ ਨਿਸ਼ਚਿਤ ਕਰਦੇ ਹਨ। ਇਨ੍ਹਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਕਰਵਾਈਆਂ ਗਈਆਂ ਕਿਰਿਆਵਾਂ ਅਮਿੱਟ ਛਾਪ ਛੱਡਦੀਆਂ ਹਨ।
ਇਨ੍ਹਾਂ ਕੈਂਪਾ ਦੌਰਾਨ ਵਿਦਿਆਰਥੀਆਂ ਵੱਲੋਂ ਬੇਕਾਰ ਮਟੀਰੀਅਲ ਤੋਂ ਸਜਾਵਟੀ ਵਸਤੂਆਂ, ਮਿੱਟੀ ਦੀਆਂ ਵਸਤੂਆਂ, ਟੈਡੀ ਬੀਅਰ, ਚਾਰਟ ਮੇਕਿੰਗ, ਮਾਡਲ ਬਣਾਉਣਾ, ਪੇਂਟਿੰਗ, ਸਾਹਿਤਕ ਰਚਨਾ ਕਰਨਾ ਆਦਿ ਰਾਹੀਂ ਸਿਰਜਨਾਤਮਕ ਰੁਚੀਆਂ ਵਿੱਚ ਹਿੱਸਾ ਲਿਆ ਗਿਆ। ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਉਨ੍ਹਾਂ ਨੂੰ ਯੋਗਾ, ਕਰਾਟੇ, ਮਾਰਸ਼ਲ ਆਰਟ, ਪ੍ਰਾਚੀਨ ਤੇ ਮਾਡਰਨ ਖੇਡਾਂ, ਸਕਾਊਟ ਤੇ ਗਾਈਡਿੰਗ ਆਦਿ ਵਿਸ਼ਿਆਂ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਗਈ। ਬੱਚਿਆਂ ਦੇ ਮੰਨੋਰੰਜਨ ਲਈ ਡਾਂਸ, ਗਿੱਧਾ, ਭੰਗੜਾ, ਸਕਿੱਟ, ਚੁਟਕਲੇ, ਮਿਮਿਕਰੀ, ਰੋਲ ਪਲੇਅ, ਕੋਰੀਓਗ੍ਰਾਫੀ, ਗੀਤ, ਕਵਿਤਾ, ਕਹਾਣੀ ਬੋਲਣ ਆਦਿ ਕਿਰਿਆਵਾਂ ਉੱਪਰ ਜ਼ੋਰ ਦਿੱਤਾ ਗਿਆ। ਸੋ, ਚੰਗੀ ਸ਼ਖਸੀਅਤ ਦੇ ਨਿਰਮਾਣ ਵਿੱਚ ਸਮਰ ਕੈਂਪ ਲਗਾਉਣ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸਿੱਖਿਆ ਵਿਭਾਗ ਨੂੰ ਇਸ ਤਰ੍ਹਾਂ ਦੇ ਹੋਰ ਕ੍ਰਾਂਤੀਕਾਰੀ ਕਦਮ ਚੁੱਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਉਦੇਸ਼ ਪੂਰਾ ਕੀਤਾ ਜਾ ਸਕੇ ਅਤੇ ਦੇਸ਼ ਦੇ ਚੰਗੇ ਭਵਿੱਖ ਦਾ ਨਿਰਮਾਣ ਕੀਤਾ ਜਾ ਸਕੇ।