‘ਮਾਮਲਾ ਪਿੰਡ ’ਚ ਲੱਗ ਰਹੀ ਗੈਸ ਫੈਕਟਰੀ ਖਿਲਾਫ ਚਲ ਰਹੇ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਾ ਕਰਨ ਦਾ | Jagraon News
ਜਗਰਾਓਂ (ਜਸਵੰਤ ਰਾਏ)। ਨੇੜਲੇ ਪਿੰਡ ਅਖਾੜਾ ਵਿਖੇ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਚੱਲ ਰਹੇ ਲਗਾਤਾਰ ਦਿਨ ਰਾਤ ਦੇ ਧਰਨੇ ’ਚ ਸੰਘਰਸ਼ ਮੋਰਚੇ ਵੱਲੋਂ ਅੱਜ ਵੋਟਾਂ ਦਾ ਬਾਈਕਾਟ ਕਰਦਿਆਂ ਪਿੰਡ ਵਿੱਚ ਇੱਕ ਵੀ ਚੋਣ ਬੂਥ ਨਹੀਂ ਲੱਗਣ ਦਿੱਤਾ ਗਿਆ। ਤਕਰੀਬਨ 3300 ਵੋਟਾਂ ਵਾਲੇ ਇਸ ਪਿੰਡ ਵਿੱਚ ਚੋਣ ਕਮਿਸ਼ਨ ਵੱਲੋਂ ਤਿੰਨ 148-149 ਅਤੇ 150 ਨੰਬਰ ਦੇ ਬੂਥ ਲਗਾਏ ਜਾਣੇ ਸੀ, ਪਰ ਪਿੰਡ ਵਾਸੀਆਂ ਨੇ ਵੋਟਾਂ ਦਾ ਸੰਪੂਰਨ ਬਾਈਕਾਟ ਕਰਦਿਆਂ ਇੱਕ ਵੀ ਬੂਥ ਨਹੀਂ ਲੱਗਣ ਦਿੱਤਾ। ਜਿਸ ਦੇ ਚਲਦਿਆਂ ਇਸ ਪਿੰਡ ਅਖਾੜਾ ਚੋਂ ਸਿਰਫ ਇੱਕ ਵੋਟ ਪੋਲ ਹੋਈ ਹੈ ਜੋ ਕਿ ਇੱਕ ਸਰਕਾਰੀ ਮੁਲਾਜ਼ਮ ਵੱਲੋਂ ਚੋਣ ਡਿਊਟੀ ’ਤੇ ਰਹਿੰਦਿਆਂ ਪਾਈ ਗਈ ਹੈ। (Jagraon News)
ਐਸੱਡੀਐੱਮ ਵੀ ਕਰ ਚੁੱਕੇ ਹਨ ਅਪੀਲ | Jagraon News
ਬੀਤੇ ਦਿਨੀਂ ਜਗਰਾਓਂ ਦੇ ਐੱਸਡੀਐੱਮ ਗੁਰਵੀਰ ਸਿੰਘ ਕੋਹਲੀ ਨੇ ਵੀ ਬਿਆਨ ਜਾਰੀ ਕਰ ਕਿਹਾ ਸੀ ਕਿ ਫੈਕਟਰੀ ਲਗਵਾਉਣ ਵਾਲੇ ਮਾਲਕਾਂ ਵੱਲੋਂ ਨਿਯਮਾਂ ਅਨੁਸਾਰ ਫੈਕਟਰੀ ਲਗਾਉਣ ਲਈ ਹਰ ਕਾਨੂੰਨੀ ਆਗਿਆ ਲਈ ਗਈ ਹੈ। ਇਸ ਦੇ ਬਾਵਜੂਦ ਉਨ੍ਹਾਂ ਫੈਕਟਰੀ ਮਾਲਕਾਂ ਨੂੰ ਪਿੰਡ ਦੇ ਲੋਕਾਂ ਦੇ ਖਦਸ਼ਿਆਂ ਨੂੰ ਬੈਠ ਕੇ ਦੂਰ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਦੋਵੇਂ ਧਿਰਾਂ ਬੈਠ ਕੇ ਆਪਸੀ ਤਾਲਮੇਲ ਨਾਲ ਸ਼ੰਕਾਵਾਂ ਨੂੰ ਦੂਰ ਕਰਨ ਅਤੇ ਵੋਟਾਂ ਦੇ ਬਾਈਕਾਟ ਦੇ ਫੈਸਲੇ ਬਦਲਣ ਦੀ ਅਪੀਲ ਕਰਦਿਆਂ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਸਾਡਾ ਜਮਹੂਰੀਅਤ ਹੱਕ ਹੈ। ਜਿਸ ਨੂੰ ਹਰ ਇੱਕ ਨਾਗਰਿਕ ਇਸਤੇਮਾਲ ਕਰੇ।
ਕੀ ਕਹਿਣਾ ਧਰਨਾਕਾਰੀਆਂ ਅਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਦਾ
ਇਸ ਸਬੰਧੀ ਧਰਨਾਕਾਰੀ ਬੀਬੀਆਂ ਅਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਨੇ ਦੱਸਿਆ ਕਿ ਪਿੰਡ ਵਿੱਚ ਲੱਗ ਰਹੀ ਇਸ ਫੈਕਟਰੀ ਖਿਲਾਫ ਸਾਡਾ ਧਰਨਾ ਤਕਰੀਬਨ ਡੇਢ ਮਹੀਨੇ ਤੋਂ ਜਾਰੀ ਹੈ, ਪਰ ਅੱਜ ਏਡੀਸੀ ਸਾਹਿਬ ਸਾਡੇ ਕੋਲ ਆੲ ਅਤੇ ਕਿਹਾ ਕਿ ਤੁਸੀਂ ਵੋਟਾਂ ਪਾਓ ਜੇਕਰ ਕੋਈ ਪਾਰਟੀ ਦਾ ਉਮੀਦਵਾਰ ਨਹੀਂ ਚੰਗਾ ਲੱਗਦਾ ਤਾਂ ਨੋਟਾ ਦਾ ਬਟਨ ਦਬਾਓ, ਅਸੀਂ ਕਹਿਣਾ ਚਾਹੁੰਦੇ ਹਾਂ ਇਹ ਧਰਨਾ ਅੱਜ ਤੋਂ ਨਹੀਂ ਤਕਰੀਬਨ ਡੇਢ ਮਹੀਨੇ ਤੋਂ ਜਾਰੀ ਹੈ ਅਤੇ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤੇ ਨੂੰ ਵੀ ਕਈ ਦਿਨ ਬੀਤ ਗਏ ਹਨ, ਕੀ ਇਸ ਦੀ ਖਬਰ ਪ੍ਰਸ਼ਾਸਨ ਨੂੰ ਪਹਿਲਾਂ ਨਹੀਂ ਸੀ।
ਪ੍ਰਧਾਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਪਰ ਅੰਤ ਵਿੱਚ ਇਹੀ ਸਿੱਟਾ ਨਿਕਲਦਾ ਹੈ ਕਿ ਫੈਕਟਰੀ ਮਾਲਕ ਦੀ ਹੀ ਮਦੱਦ ਕੀਤੀ ਜਾਵੇ। ਉਨ੍ਹਾਂ ਦੱਸਿਆ ਪਹਿਲਾਂ ਵੀ ਸਰਕਾਰਾਂ ਵੱਲੋਂ ਸਾਡੀ ਕੋਈ ਸਾਰ ਨਹੀਂ ਲਈ ਗਈ ਜਿਸ ਕਰਕੇ ਸਾਡੇ ਨਗਰ ਵਾਸੀਆਂ ਨੇ ਇਹ ਫੈਸਲਾ ਹੈ ਕਿ ਜਦ ਤੱਕ ਇਹ ਲੱਗ ਰਹੀ ਪ੍ਰਦੂਸ਼ਿਤ ਫੈਕਟਰੀ ਬੰਦ ਨਹੀਂ ਹੋ ਜਾਂਦੀ ਇਹ ਸ਼ਾਂਤਮਈ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
ਕੀ ਕਹਿਣਾ ਕਿਸਾਨ ਆਗੂ ਇੰਦਰਜੀਤ ਧਾਲੀਵਾਲ ਦਾ
ਇਸ ਮੌਕੇ ਕਿਸਾਨ ਆਗੂ ਇੰਦਰਜੀਤ ਧਾਲੀਵਾਲ ਨੇ ਕਿਹਾ ਇਸ ਪ੍ਰਦੂਸ਼ਿਤ ਫੈਕਟਰੀ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨ ਦੇ ਨਾਲ-ਨਾਲ ਕਿਸੇ ਵੀ ਸਿਆਸੀ ਪਾਰਟੀ ਨੇ ਧਰਨਾਕਾਰੀਆਂ ਦੀ ਸਾਰ ਤੱਕ ਨਹੀਂ ਲਈ ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਏਕਾ ਕਰਕੇ ਇੱਕ ਵੀ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਗਿਆ ਹੈ।
ਕੀ ਕਹਿਣਾ ਏਡੀਸੀ ਅਮਿਤ ਸਰੀਨ ਦਾ
ਇਸ ਦੌਰਾਨ ਧਰਨਾਕਰੀਆਂ ਦੇ ਵਿੱਚ ਪੁੱਜੇ ਜਗਰਾਓਂ ਦੇ ਏਡੀਸੀ ਅਮਿਤ ਸਰੀਨ ਨੇ ਕਿਹਾ ਕਿ ਸਾਡੀ ਪਿੰਡ ਵਾਸੀਆਂ ਨਾਲ ਮੀਟਿੰਗ ਹੋਈ ਹੈ ਜਿਸ ਵਿੱਚ ਅਸੀਂ ਅਪੀਲ ਕੀਤੀ ਹੈ ਕਿ ਵੋਟ ਸਾਡੀ ਤਾਕਤ ਹੈ ਉਸ ਦਾ ਵਹਿਸ਼ਕਾਰ ਨਾ ਕਰਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਬਾਕੀ ਤੁਹਾਡੀ ਜੋ ਵੀ ਮੰਗ ਹੈ ਉਸ ਦੀ ਜਾਂਚ ਕੀਤੀ ਜਾਵੇਗੀ ਜੋ ਵੀ ਗਲਤ ਪਾਇਆ ਗਿਆ ਉਸ ਖਿਲਾਫ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਇਸ ਸਬੰਧੀ ਵਿਚਾਰ ਕਰ ਰਹੀ ਹੈ ਅਸੀਂ ਦੁਬਾਰਾ ਫਿਰ ਤੋਂ ਮੀਟਿੰਗ ਕਰਾਗੇਂ ਅਤੇ ਲੱਗਦਾ ਹੈ ਕਿ ਮਸਲੇ ਦਾ ਜਲਦ ਹੀ ਹੱਲ ਨਿਕਲ ਆਵੇਗਾ। ਮੀਟਿੰਗਾਂ ਤੋਂ ਬਾਅਦ ਵੀ ਖਬਰ ਲਿਖੇ ਜਾਣ ਤੱਕ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ।
Also Read : Hoshiarpur Lok Sabha Seat LIVE: ਹੁਸ਼ਿਆਰਪੁਰ ’ਚ 3 ਵਜੇ ਤੱਕ 44.65 ਫੀਸਦੀ ਵੋਟਿੰਗ