ਔਰਤਾਂ ਦਾ ਵੱਡੀ ਗਿਣਤੀ ’ਚ ਡੇਰਾ ਸਰਸਾ ਜਾਣ ਦਾ ਕਾਰਨ ਉਹਨਾਂ ਦੇ ਘਰ ਵਾਲਿਆਂ ਨੂੰ ਨਸ਼ਿਆਂ ਤੋਂ ਵਰਜਿਤ ਕਰਨਾ ਹੈ : ਉਗਰਾਹਾਂ

ਸੰਗਰੂਰ (ਗੁਰਪ੍ਰੀਤ ਸਿੰਘ)। ਕਿਸਾਨਾਂ ਵੱਲੋਂ ਸੰਘਰਸ਼ੀ ਮੋਰਚਾ ਫਤਹਿ ਕਰਨ ਤੋਂ ਪਿੱਛੋਂ ਕਿਸਾਨਾਂ ਵੱਲੋਂ ਘਰ ਪਰਤਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸੇ ਦੌਰਾਨ ਮਾਲਵੇ ਦੀ ਇੱਕ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਨਿੱਜੀ ਵੈੱਬ ਚੈੱਨਲ ਦੇ ਰਿਪੋਰਟਰ ਨਾਲ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕੀਤੀ ਹੈ।

ਉਗਰਾਹਾਂ ਨੂੰ ਜਦੋਂ ਪੱਤਰਕਾਰ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਤੁਹਾਡੇ ਮੋਰਚੇ ਵਿੱਚ ਔਰਤਾਂ ਦੀ ਗਿਣਤੀ ਵੱਧ ਕਿਉਂ ਹੁੰਦੀ ਰਹੀ ਹੈ, ਤਾਂ ਜਿਸਦੇ ਜਵਾਬ ਵਿੱਚ ਉਗਰਾਹਾਂ ਨੇ ਕਿਹਾ ਕਿ ਇਸਦਾ ਵੱਡਾ ਕਾਰਨ ਸਾਡੀ ਜਥੇਬੰਦੀ ਦੇ ਆਗੂਆਂ ਦਾ ਨਸ਼ਾ ਮੁਕਤ ਹੋਣਾ ਹੈ। ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਵਿੱਚ ਇੱਕ ਸਵਾਲ ਆਇਆ ਸੀ ਕਿ ਆਖਰ ਡੇਰਾ ਸੱਚਾ ਸੌਦਾ ਵਿਖੇ ਔਰਤਾਂ ਇੰਨੀ ਵੱਡੀ ਗਿਣਤੀ ਵਿੱਚ ਕਿਉਂ ਜਾਂਦੀਆਂ ਨੇ, ਜਿਸਦਾ ਸਾਨੂੰ ਸਪੱਸ਼ਟ ਜਵਾਬ ਮਿਲਿਆ ਸੀ ਕਿ ਡੇਰਾ ਸੱਚਾ ਸੌਦਾ ਦੇ ਸੰਤ ਲੋਕਾਂ ਨੂੰ ਨਸ਼ੇ ਛੁਡਵਾ ਕੇ ਸਹੀ ਰਾਹ ਪਾਉਂਦੇ ਨੇ, ਜਿਸ ਕਾਰਨ ਔਰਤਾਂ ਵੱਡੀ ਗਿਣਤੀ ਵਿੱਚ ਡੇਰਾ ਸਰਸਾ ਜਾਂਦੀਆਂ ਹਨ।

ਉਗਰਾਹਾਂ ਨੇ ਇਹ ਵੀ ਕਿਹਾ ਕਿ ਜਥੇਬੰਦੀ ਨੂੰ ਨਸ਼ਾ ਮੁਕਤ ਕਰਨ ਲਈ ਉਹਨਾਂ ਖੁਦ ਸਭ ਤੋਂ ਪਹਿਲਾਂ ਸ਼ਰਾਬ ਛੱਡੀ ਸੀ, ਜਿਸ ਕਾਰਨ ਹੁਣ ਸਾਡੀ ਯੂਨੀਅਨ ਵਿੱਚ ਆਗੂ ਨਸ਼ਾ ਮੁਕਤ ਹਨ। ਜਿਕਰਯੋਗ ਹੈ ਕਿ ਉਗਰਾਹਾਂ ਧੜੇ ਵੱਲੋਂ ਕਿਸਾਨੀ ਸੰਘਰਸ਼ ਵਿੱਚ ਇੱਕ ਬੇਹੱਦ ਵੱਡਾ ਰੋਲ ਨਿਭਾਇਆ ਗਿਆ ਹੈ। ਇਹ ਇੱਕੋ ਇੱਕ ਜਥੇਬੰਦੀ ਹੈ, ਜਿਸ ਵਿੱਚ ਔਰਤਾਂ ਦੀ ਹਾਜ਼ਰੀ ਮਰਦਾਂ ਦੇ ਬਰਾਬਰ ਰਹੀ ਹੈ। ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲਿਆਂ ਵਿੱਚ ਵੀ ਇਸ ਜਥੇਬੰਦੀ ਦੀਆਂ ਮਹਿਲਾ ਆਗੂ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।