(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਅੱਜ ਐੱਨਆਰਆਈ ਥਾਣਾ ਲੁਧਿਆਣਾ ਦੇ ਐੱਸਐੱਚਓ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। (Bribe) ਰਾਜ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਬਲਰਾਜ ਸਿੰਘ ਨੂੰ ਐਡਵੋਕੇਟ ਅਰੁਣ ਕੁਮਾਰ ਖੁਰਮੀ ਵਾਸੀ ਉਪਕਾਰ ਨਗਰ, ਸਿਵਲ ਲਾਈਨਜ਼ ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ’ਚ ਸ਼ਿਕਾਇਤਕਰਤਾ ਨੇ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਕਿ ਪਿੰਡ ਉਧੋਵਾਲ (ਜ਼ਿਲ੍ਹਾ ਲੁਧਿਆਣਾ) ਵਿਖੇ ਉਸ ਦੀ ਪਤਨੀ ਦੇ ਨਾਂਅ ’ਤੇ 20 ਕਨਾਲ ਜ਼ਮੀਨ ਹੈ, ਜਿਸ ’ਤੇ 2 ਵਿਅਕਤੀਆਂ ਨੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਜ਼ਮੀਨ ਵਿੱਚ ਖੜ੍ਹੇ ਪਾਪੂਲਰ ਦੇ ਦਰੱਖਤ ਵੀ ਚੋਰੀ ਕਰ ਲਏ। Bribe
ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜੋ ਕਿ ਐੱਸਐੱਚਓ ਐੱਨਆਰਆਈਜ਼ ਸੈੱਲ ਲੁਧਿਆਣਾ ਕੋਲ ਪਈ ਹੈ। ਜਿਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਬੰਧਿਤ ਥਾਣੇ ਦੇ ਐੱਸਐੱਚਓ ਦੇ ਰੀਡਰ ਬਲਰਾਜ ਸਿੰਘ ਨੇ ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਵਾਉਣ ਬਦਲੇ ਉਸ ਕੋਲੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸ ਵਿੱਚੋਂ ਰਿਸ਼ਵਤ ਵਜੋਂ 20 ਹਜ਼ਾਰ ਰੁਪਏ ਪਹਿਲਾਂ ਅਤੇ ਬਾਕੀ 80 ਹਜ਼ਾਰ ਰੁਪਏ ਅਗਲੇ ਹਫਤੇ ਤੱਕ ਦੇਣ ਲਈ ਕਿਹਾ ਹੈ। Bribe
ਇਹ ਵੀ ਪੜ੍ਹੋ: ਟਰੈਕਟਰ-ਟਰਾਲੀ ਨਾਲ ਟਕਰਾ ਕੇ ਓਵਰਬ੍ਰਿਜ ਤੋਂ ਡਿੱਗੀ ਬੱਸ
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਬਲਰਾਜ ਸਿੰਘ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਸਿਪਾਹੀ ਬਲਰਾਜ ਸਿੰਘ ਨੂੰ ਐੱਨਆਰਆਈ ਥਾਣਾ ਲੁਧਿਆਣਾ ਦੇ ਬਾਹਰੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਬੁਲਾਰੇ ਮੁਤਾਬਕ ਕੇਸ ਦੀ ਅਗਲੇਰੀ ਜਾਂਚ ਦੌਰਾਨ ਸਬੰਧਿਤ ਥਾਣੇ ਐੱਸਐੱਚਓ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।