ਸ਼ਹੀਦਾਂ ਦੀ ਸਮਾਧੀ ਆਸਫਵਾਲਾ ਦਾ ਸੁੰਦਰੀਕਰਨ ਕਰੇਗੀ ਪੰਜਾਬ ਸਰਕਾਰ : ਅਮਨ ਅਰੋੜਾ

ਜੰਗੀ ਯਾਦਗਾਰ ’ਤੇ ਲੱਗਣਗੀਆਂ ਸੋਲਰ ਲਾਇਟਾਂ ਤੇ ਸੋਲਰ ਪੰਪ

ਲੋਕ ਸੰਪਰਕ ਮੰਤਰੀ ਨੇ 1971 ਦੇ ਜੰਗੀ ਸ਼ਹੀਦਾਂ ਦੀ ਯਾਦਗਾਰ ਤੇ ਕੀਤਾ ਸਿਜਦਾ

(ਰਜਨੀਸ਼ ਰਵੀ) ਫਾਜਿ਼ਲਕਾ। ” ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਨੇੜੇ ਕੌਮਾਂਤਰੀ ਸਰਹੱਦ ਨੇੜੇ ਬਣੀ ਜੰਗੀ ਯਾਦਗਾਰ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗਾਂ ਦੇ ਮੰਤਰੀ ਸ੍ਰੀ ਅਮਨ ਅਰੋੜਾ ( Aman Arora) ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਮਾਰਕ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਇਸਦੇ ਕੌਮੀ ਮਾਰਗ ਤੋਂ ਮੁੱਖ ਦੁਆਰਾ ਤੋਂ ਸ਼ਹੀਦਾਂ ਦੀ ਸਮਾਧੀ ਤੱਕ ਦਾ ਗਲਿਆਰਾ ਬਣਿਆ ਜਾਵੇਗਾ।

ਅੱਜ ਉਹ ਫਾਜਿ਼ਲਕਾ ਜ਼ਿਲ੍ਹੇ ਦੇ ਦੌਰੇ ਦੌਰਾਨ 1971 ਦੇ ਭਾਰਤ ਪਾਕਿ ਯੁੱਧ ਦੇ ਸ਼ਹੀਦਾਂ ਦੀ ਯਾਦ ਵਿਚ ਪਿੰਡ ਆਸਫਵਾਲਾ ਵਿਖੇ ਬਣੇ ਸਮਾਰਕ ਵਿਖੇ ਸ਼ਰਧਾ ਭੇਂਟ ਕਰਨ ਪਹੁੰਚੇ ਸਨ। ਉਨ੍ਹਾਂ ਨੇ ਇਸ ਯਾਦਗਾਰ ਵਿਖੇ ਸੂਰਜੀ ਊਰਜਾ ਵਾਲੀਆਂ ਲਾਈਟਾਂ ਲਗਾਉਣ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲਾ ਪੰਪ ਲਗਾਉਣ ਦਾ ਐਲਾਣ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਪੇਡਾ ਦੀ ਟੀਮ ਜਲਦ ਇੱਥੋਂ ਦਾ ਦੌਰਾ ਕਰਕੇ ਇਸ ਸਬੰਧੀ ਕਾਰਵਾਈ ਆਰੰਭ ਦੇਵੇਗੀ।

ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ( Aman Arora) ਨੇ 1971 ਦੀ ਜੰਗ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਆਖਿਆ ਕਿ ਅਸੀਂ ਉਨ੍ਹਾਂ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੇਸ਼ ਲਈ ਆਪਾਂ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਆਰਥਿਕ ਮਦਦ ਦੇ ਕੇ ਉਨ੍ਹਾਂ ਪ੍ਰਤੀ ਆਪਣੇ ਫਰਜਾਂ ਦੀ ਪੂਰਤੀ ਦੀ ਇਕ ਨਿਮਾਣੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਬੋਲਦਿਆਂ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਸ਼ਹੀਦਾਂ ਪ੍ਰਤੀ ਆਪਣਾ ਸਤਿਕਾਰ ਭੇਂਟ ਕੀਤਾ।ਪੀਐਚਡੀ ਚੈਂਬਰ ਆਫ ਕਾਮਰਸ ਪੰਜਾਬ ਦੇ ਪ੍ਰਧਾਨ ਸ੍ਰੀ ਕਰਨ ਗਿਲਹੋਤਰਾ ਨੇ ਇੱਥੇ ਆਉਣ ਲਈ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇੱਥੇ ਪੁੱਜਣ ਤੇ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ ਦੀ ਅਗਵਾਈ ਵਿਚ ਸ੍ਰੀ ਕਰਨ ਗਿਲਹੋਤਰਾ, ਸ੍ਰੀ ਪ੍ਰਫੁੱਲ ਨਾਗਪਾਲ, ਸ੍ਰੀ ਸ਼ਸੀ ਕਾਂਤ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਸਥਾਨ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਏਡੀਸੀ ਡਾ: ਮਨਦੀਪ ਕੌਰ, ਐਸਐਸਪੀ ਅਵਨੀਤ ਕੌਰ ਸਿੱਧੂ, ਐਸਡੀਐਮ ਸ੍ਰੀ ਨਿਕਾਸ ਖੀਂਚੜ ਆਦਿ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।