ਪੰਜਾਬ ਸਰਕਾਰ ਨੇ ਬਾਦਲਾਂ ਦੇ ਨੇੜਲੇ ਟਰਾਂਸਪੋਰਟਰ ਨੂੰ ਹੱਥ ਪਾਇਆ

Punjab, Government, Handled, Transporter, Near, Badals

ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼

ਪੰਜਾਬ ਸਰਕਾਰ ਨੇ ਬਾਦਲਾਂ ਦੇ ਨਜ਼ਦੀਕੀ ਅਕਾਲੀ ਟਰਾਂਸਪੋਰਟਰ ਹਰਦੀਪ ਸਿੰਘ ਡਿੰਪੀ ਢਿੱਲੋਂ ਗਿੱਦੜਬਾਹਾ ਨੂੰ ਹੱਥ ਪਾ ਲਿਆ ਹੈ। ਅੱਜ ਫੂਡ ਤੇ ਸਿਵਲ ਸਪਲਾਈ ਮਹਿਕਮੇ  ਦੀ ਸ਼ਿਕਾਇਤ ‘ਤੇ ਟੈਂਕਰ ਰਾਹੀਂ ਬੱਸਾਂ ‘ਚ ਨਜਾਇਜ਼ ਤੌਰ ‘ਤੇ ਤੇਲ ਪਾਉਣ ਦੇ ਮਾਮਲੇ ‘ਚ ਨਿਊ ਦੀਪ ਬੱਸ ਦੇ ਮਾਲਕ ਤੇ ਟੈਂਕਰ ਡਰਾਈਵਰ ਸਰਦਾਰੀ ਲਾਲ ਖਿਲਾਫ 7 ਈਸੀ ਐਕਟ, 25 ਪੈਟਰੋਲੀਅਮ ਐਕਟ, 336 ਤੇ 259 ਆਈਪੀਸੀ ਤਹਿਤ ਥਾਣਾ ਸਿਵਲ ਲਾਈਨ ‘ਚ ਪੁਲਿਸ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਸ੍ਰੀ ਢਿੱਲੋਂ ਦੇ ਬਠਿੰਡਾ-ਮਾਨਸਾ ਰੋਡ ‘ਤੇ ਬੱਸਾਂ ਖੜ੍ਹੀਆਂ ਕਰਨ ਲਈ ਬਣਾਏ ਇੱਕ ਅਹਾਤੇ ‘ਤੇ ਛਾਪਾ ਮਾਰ ਕੇ ਬੱਸ ‘ਚ ਤੇਲ ਪਾ ਰਹੇ ਟੈਂਕਰ ਤੇ ਬੱਸ ਦੋਵੇਂ ਕਬਜ਼ੇ ‘ਚ ਲੈ ਲਏ ਹਨ। ਕਾਂਗਰਸ ਦੇ ਰਾਜ ‘ਚ ਅਕਾਲੀ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੋਂ ਪਿੱਛੋਂ ਬਾਦਲ ਪਰਿਵਾਰ ਦੇ ਕਿਸੇ ਨੇੜਲੇ ਖਿਲਾਫ ਇਹ ਵੱਡੀ ਕਾਰਵਾਈ ਹੈ। ਛਾਪਾਮਾਰ ਟੀਮ ਨੇ ਬੱਸ ਤੇ ਟੈਂਕਰ ‘ਚੋਂ ਤੇਲ ਦੇ ਛੇ ਸੀਲਬੰਦ ਸੈਂਪਲ ਲਏ ਹਨ ਜਿਨ੍ਹਾਂ ਨੂੰ ਅਗਲੀ ਕਾਰਵਾਈ ਲਈ ਲੈਬਾਰਟਰੀ ‘ਚ ਭੇਜਿਆ ਜਾਣਾ ਹੈ।

ਦੱਸਣਯੋਗ ਹੈ ਕਿ ਡਿੰਪੀ ਢਿੱਲੋਂ ਦਾ ਬਾਦਲ ਪਰਿਵਾਰ ਦੇ ਸੱਤਾ ‘ਚ ਆਉਣ ਤੋਂ ਪਹਿਲਾਂ ਆਮ ਟਰਾਂਸਪੋਰਟਰਾਂ ਦੀ ਤਰ੍ਹਾਂ ਕਾਰੋਬਾਰ ਸੀ, ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਆਉਣ ਤੋਂ ਬਾਅਦ ਖੰਭ ਲੱਗ ਗਏ ਬਾਦਲਾਂ ਦੀ ਨੇੜਤਾ ਕਾਰਨ ਡਿੰਪੀ ਢਿੱਲੋਂ ਦੀ ਤੂਤੀ ਬੋਲਦੀ ਸੀ ਤੇ ਇਸੇ ਕਾਰਨ ਹੀ ਉਸ ਨੂੰ ਗਿੱਦੜਬਾਹਾ ਹਲਕੇ ਤੋਂ ਅਕਾਲੀ ਉਮੀਦਵਾਰ ਬਣਾਇਆ ਗਿਆ ਸੀ, ਪਰ ਉਹ ਹਾਰ ਗਏ ਸਨ ਸੱਤਾ ਪਰਿਵਰਤਨ ਉਪਰੰਤ ਚਰਚਾ ਸੀ ਕਿ ਸ੍ਰੀ ਢਿੱਲੋਂ ਨਿਸ਼ਾਨਾ ਬਣ ਸਕਦੇ ਹਨ ਪ੍ਰੰਤੂ ਹੁਣ ਤੱਕ ਮਾਮਲਾ ਟਲਦਾ ਆ ਰਿਹਾ ਸੀ। ਵਿਸ਼ੇਸ਼ ਤੱਥ ਹੈ ਕਿ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਨੇ ਅੱਜ ਬਕਾਇਦਾ ਪ੍ਰੈਸ ਰਿਲੀਜ਼ ਜਾਰੀ ਕੀਤਾ ਹੈ, ਜਿਸ ਰਾਹੀਂ ਕਾਰਵਾਈ ਨੂੰ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਨਾ ਦੱਸਿਆ ਹੈ।

ਸਹਾਇਕ ਡਾਇਰੈਕਟਰ ਫੂਡ ਸਪਲਾਈ ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਅੱਜ ਦੀ ਕਾਰਵਾਈ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਸਗੋਂ ਫੂਡ ਸਪਲਾਈ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਫੂਡ ਸਪਲਾਈ ਸ੍ਰੀਮਤੀ ਅਨਿਦਿਤਾ ਮਿੱਤਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਬਠਿੰਡਾ ਅਮਨਪ੍ਰੀਤ ਸਿੰਘ ਵਿਰਕ, ਸਹਾਇਕ ਫੂਡ ਸਪਲਾਈ ਅਫਸਰ ਬਠਿੰਡਾ ਪਰਵੀਨ ਗੁਪਤਾ, ਫੂਡ ਸਪਲਾਈ ਇੰਸਪੈਕਟਰ ਹਰਭਜਨ ਸਿੰਘ ਤੇ ਨਾਪ ਤੋਲ ਇੰਸਪੈਕਟਰ ਮਨਦੀਪ ਸਿੰਘ ਦੀ ਟੀਮ ਨੇ ਛਾਪੇਮਾਰੀ ਕਰਕੇ ਤੇਲ ਵਿੱਕਰੀ ਦੇ ਇਸ ਗੋਰਖਧੰਦੇ ਨੂੰ ਉਜਾਗਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਸਤਪਾਲ ਟਰੇਡਰਜ਼ ਫਿਲਿੰਗ ਸਟੇਸ਼ਨ ਗਿੱਦੜਬਾਹਾ ਤੋਂ ਡੀਜ਼ਲ ਦੇ ਟੈਂਕ ਭਰ ਕੇ ਬਠਿੰਡਾ ਭੇਜੇ ਜਾਂਦੇ ਹਨ। ਸੂਚਨਾ ਮਿਲਣ ‘ਤੇ ਵਿਭਾਗ ਦੀ ਟੀਮ ਰਾਤ ਇੱਕ ਵਜੇ ਤੋਂ ਹੀ ਇਸ ਤੇਲ ਪੰਪ ਦੇ ਬਾਹਰ ਤਾਇਨਾਤ ਸੀ। ਅੱਜ ਸਵੇਰੇ ਦੋ ਟੈਂਕਰਾਂ ‘ਚ ਤੇਲ ਭਰਿਆ ਗਿਆ ਤੇ ਦੋਵੇਂ ਆਪਣੀ ਮੰਜਿਲ ਵੱਲ ਰਵਾਨਾ ਹੋ ਗਏ। ਇਨ੍ਹਾਂ ਟੈਂਕਰਾਂ ਦਾ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਗੁਪਤ ਤੌਰ ‘ਤੇ ਪਿੱਛਾ ਕੀਤਾ। ਟੈਂਕਰ ਨੰਬਰ ਪੀ. ਬੀ. 30 ਐਲ. 3178 ਨੂੰ ਉਸ ਵਕਤ ਕਾਬੂ ਕੀਤਾ ਗਿਆ ਹੈ ਜਦੋਂ ਉਹ ਬਠਿੰਡਾ ਮਾਨਸਾ ਰੋਡ ‘ਤੇ ਬਣੇ ਦੀਪ ਬੱਸ ਕੰਪਨੀ ਦੇ ਬੱਸ ਪਾਰਕਿੰਗ ਸ਼ੈੱਡ ‘ਚ ਨਜਾਇਜ਼ ਤੌਰ ‘ਤੇ ਨਿਊ ਦੀਪ ਬੱਸ ਸਰਵਿਸ ਦੀਆਂ ਬੱਸਾਂ ‘ਚ ਤੇਲ ਭਰ ਰਿਹਾ ਸੀ।

ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਬਠਿੰਡਾ ਅਮਨਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਦੋਵਾਂ ‘ਚੋਂ ਇੱਕ ਟੈਂਕਰ ਰੋਜਾਨਾ ਦੀਪ ਕੰਪਨੀ ਦੀਆਂ ਬੱਸਾਂ ‘ਚ ਬਠਿੰਡਾ ਮਾਨਸਾ ਰੋਡ ‘ਤੇ ਤੇਲ ਪਾਉਂਦਾ ਸੀ। ਇਸੇ ਤਰ੍ਹਾਂ ਹੀ ਦੂਸਰੇ  ਟੈਂਕਰ ਤੋਂ ਇਸੇ ਕੰਪਨੀ ਦੀਆਂ ਵੱਖ-ਵੱਖ ਰੂਟਾਂ ਚੱਲਦੀਆਂ ਬੱਸਾਂ ‘ਚ ਤੇਲ ਪਾਇਆ ਜਾਂਦਾ ਸੀ। ਸ੍ਰੀ ਵਿਰਕ ਨੇ ਦੱਸਿਆ ਕਿ ਸਤਪਾਲ ਟਰੇਡਰਜ਼ ਗਿੱਦੜਬਾਹਾ ਨੇ ਮੋਟਰ ਸਪੀਰਿਟ ਐਂਡ ਹਾਈ ਸਪੀਡ ਡੀਜ਼ਲ ਰੈਗੂਲੇਸ਼ਨ ਆਫ ਸਪਲਾਈ ਐਂਡ ਡਿਸਟ੍ਰੀਬਿਊਸ਼ਨ ਐਂਡ ਪ੍ਰੀਵੈਨਸ਼ਨ ਆਫ ਮਾਲ ਪ੍ਰੈਕਟਿਸਜ਼ ਆਰਡਰ 2005 ਦੀ ਉਲੰਘਣਾ ਕੀਤੀ ਹੈ। ਇਸ ਕਾਨੂੰਨ ਤਹਿਤ ਪੈਟਰੋਲੀਅਮ ਪਦਾਰਥਾਂ ਦੀ ਨਿਰਧਾਰਤ ਥਾਂ ਤੋਂ ਇਲਾਵਾ ਵਿਕਰੀ ਕਾਨੂੰਨੀ ਤੌਰ ਤੇ ਗਲਤ ਹੈ। ਟੈਂਕਰ ਅਣ ਅਧਿਕਾਰਤ ਤੌਰ ‘ਤੇ ਪੈਟਰੋਲੀਅਮ ਪਦਾਰਥਾਂ ਦੀ ਢੋਆ-ਢੁਆਈ ਕਰਕੇ ਜਨਤਕ ਜੀਵਨ ਨੂੰ ਵੀ ਪੈਟਰੋਲੀਅਮ ਐਕਟ 1934 ਤੇ ਪੈਟਰੋਲੀਅਮ ਰੂਲ 2002 ਤਹਿਤ ਖਤਰਾ ਪੈਦਾ ਕਰ ਰਹੇ ਸਨ।

 ਅਕਾਲੀ ਟਰਾਂਸਪੋਰਟ ਡਿੰਪੀ ਢਿੱਲੋਂ ਨੇ ਅੱਜ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਸਰਕਾਰ ਦੇ ਇਸ਼ਾਰੇ ‘ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਹੈ। ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਫੂਡ ਸਪਲਾਈ ਵਿਭਾਗ ਦੀ ਸ਼ਿਕਾਇਤ ‘ਤੇ ਪੁਲਿਸ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਡੀਐੱਸਪੀ ਸਿਟੀ ਟੂ ਹਵਾਲੇ ਕੀਤੀ ਗਈ ਹੈ।

ਗਿੱਦੜਬਾਹਾ ਦਾ ਇੱਕ ਪੈਟਰੋਲ ਪੰਪ ਸੀਲ

ਗਿੱਦੜਬਾਹਾ, ਰਾਜ ਜਿੰਦਲ/ਸੱਚ ਕਹੂੰ ਨਿਊਜ਼

ਗਿੱਦੜਬਾਹਾ ਦੇ ਇਕ ਪੰਪ ਤੋਂ ਅਣਅਧਿਕਾਰਤ ਤੌਰ ‘ਤੇ ਡੀਜਲ ਲੈ ਕੇ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਸਪਲਾਈ ਕਰਨ ਸਬੰਧੀ ਇੱਕ ਸ਼ਿਕਾਇਤ ਪ੍ਰਾਪਤ ਹੋਣ ‘ਤੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਹੁਕਮਾਂ ‘ਤੇ ਵਿਭਾਗ ਦੀ ਇੱਕ ਟੀਮ ਨੇ ਅੱਜ ਛਾਪਾਮਾਰੀ ਕਰਕੇ ਇੱਥੋਂ ਦੇ ਇੱਕ ਪੈਟਰੋਲ ਪੰਪ ਨੂੰ ਸ਼ੀਲ ਕਰ ਦਿੱਤਾ ਹੈ। ਸਹਾਇਕ ਡਾਇਰੈਕਟਰ ਫੂਡ ਸਪਲਾਈ ਪੰਜਾਬ ਸ੍ਰੀ ਰਾਕੇਸ਼ ਕੁਮਾਰ ਸਿੰਗਲਾ ਦੀ ਟੀਮ ਦੀ ਨਿਗਰਾਨੀ ਵਿਚ ਇਹ ਕਾਰਵਾਈ ਕੀਤੀ ਗਈ।

Punjab, Government, Handled, Transporter, Near, Badals

ਇਸ ਸਬੰਧੀ ਸ੍ਰੀ ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ ਕੋਲ ਇਸ ਸਬੰਧੀ ਸਿਕਾਇਤ ਪੁੱਜੀ ਸੀ ਕਿ ਸਤਪਾਲ ਐਂਡ ਬ੍ਰਦਰਜ ਫਿਲਿੰਗ ਸਟੇਸ਼ਨ ਗਿੱਦੜਬਾਹਾ ਤੋਂ ਡੀਜਲ ਦੇ ਟੈਂਕ ਭਰ ਕੇ ਬਠਿੰਡਾ ਭੇਜੇ ਜਾਂਦੇ ਹਨ। ਇਸ ‘ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਰਾਤ ਇਕ ਵਜੇ ਤੋਂ ਹੀ ਉਕਤ ਪੰਪ ਦੇ ਬਾਹਰ ਤਾਇਨਾਤ ਸੀ। ਇਸ ਦੌਰਾਨ ਅੱਜ ਸਵੇਰੇ ਟੈਂਕਰ ਨੰਬਰ ਪੀ.30 ਐਲ. 3178 ਇੱਥੇ ਆਇਆ ‘ਤੇ ਤੇਲ ਭਰਿਆ। ਇਸੇ ਤਰਾਂ ਇਕ ਹੋਰ ਟੈਂਕਰ ਨੰਬਰ ਪੀ.30. ਐਨ. 7478 ਵੀ ਇੱਥੋਂ ਭਰਿਆ ਗਿਆ।

ਡੀ.ਐਫ.ਐਸ.ਸੀ. ਨੇ ਦੱਸਿਆ ਕਿ ਇਸ ਤੋਂ ਬਾਅਦ ਸਤਪਾਲ ਬ੍ਰਦਰਜ਼ ਪੈਟਰੋਲ ਪੰਪ ਗਿੱਦੜਬਾਹਾ ਦੀ ਜਾਂਚ ਕੀਤੀ ਗਈ ਅਤੇ ਇਸ ਪੰਪ ਵੱਲੋਂ ਮੋਟਰ ਸਪੀਰਿਟ ਐਂਡ ਹਾਈ ਸਪੀਡ ਡੀਜ਼ਲ  ਰੈਗੁਲੇਸ਼ਨ ਆਫ ਸਪਲਾਈ ਐਂਡ ਡਿਸਟ੍ਰੀਬਿਊਸ਼ਨ ਐਂਡ ਪ੍ਰੀਵੈਨਸ਼ਨ ਆਫ ਮਾਲ ਪ੍ਰੈਕਟਿਸਜ ਆਰਡਰ 2005 ਦੀ ਧਾਰਾ 2 ਓ ਅਤੇ ਕਿਊ ਦੀ ਕੀਤੀ ਉਲੰਘਣਾ ਲਈ ਕਾਰਵਾਈ ਕਰਨ ਲਈ ਪੁਲਿਸ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ।  ਉਨਾਂ ਕਿਹਾ ਕਿ ਵਿਭਾਗ ਨੇ ਇਸ ਸਬੰਧੀ ਕਾਰਵਾਈ ਲਈ ਪੁਲਿਸ ਨੂੰ ਲਿੱਖਣ ਤੋਂ ਇਲਾਵਾ ਤੁਰੰਤ ਪੰਪ ਨੂੰ ਸ਼ੀਲ ਵੀ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।