ਪ੍ਰਾਈਵੇਟ ਬੱਸ ਅਪਰੇਟਰ ਕਰਨਗੇ 9 ਨੂੰ ਹੜਤਾਲ ਤੇ ਚੱਕਾ ਜਾਮ ਤਾਂ 15 ਨੂੰ ਫੁਕਣਗੇ ਆਪਣੀ ਬੱਸ

bus

ਪੰਜਾਬ ਸਰਕਾਰ ’ਤੇ ਸੁਣਵਾਈ ਨਹੀਂ ਕਰਨ ਦਾ ਲਗਾਇਆ ਦੋਸ਼, ਲਗਾਤਾਰ ਪੈ ਰਿਹਾ ਐ ਘਾਟਾ

  • ਪਹਿਲਾਂ ਕੋਰੋਨਾ ਨੇ ਨੁਕਸਾਨ ਪਹੁੰਚਾਇਆ ਤਾਂ ਹੁਣ ਮਹਿਲਾਵਾਂ ਦੀ ਮੁਫ਼ਤ ਸਕੀਮ ਨੇ ਪਹੁੰਚਾਇਆ ਘਾਟਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਪ੍ਰਾਈਵੇਟ ਬੱਸ ਅਪਰੇਟਰ ਹੁਣ ਪੰਜਾਬ ਸਰਕਾਰ ਤੋਂ ਦੁਖੀ ਹੁੰਦੇ ਨਜ਼ਰ ਆ ਰਹੇ ਹਨ। ਜਿਸ ਕਾਰਨ 9 ਅਗਸਤ ਨੂੰ ਪ੍ਰਾਈਵੇਟ ਬੱਸ ਅਪਰੇਟਰਾਂ ਵਲੋਂ ਸਰਕਾਰ ਦੇ ਖ਼ਿਲਾਫ਼ ਹੜਤਾਲ ਕਰਦੇ ਹੋਏ ਚੱਕਾ ਜਾਮ ਵੀ ਕੀਤਾ ਜਾਏਗਾ। 9 ਅਗਸਤ ਨੂੰ ਇੱਕ ਦਿਨ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਵੀ ਜੇਕਰ ਸਰਕਾਰ ਨੇ ਉਨਾਂ ਦੀ ਸੁਣਵਾਈ ਨਹੀਂ ਕੀਤੀ ਤਾਂ ਉਨਾਂ ਵੱਲੋਂ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਆਪਣੀ ਬਰਬਾਦੀ ਲਈ ਸਰਕਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪ੍ਰਾਈਵੇਟ ਬੱਸ ਨੂੰ ਅੱਗ ਦੇ ਹਵਾਲੇ ਵੀ ਕੀਤਾ ਜਾਏਗਾ ਤਾਂ ਕਿ ਸਰਕਾਰ ਨੂੰ ਪਤਾ ਚਲ ਸਕੇ ਕਿ ਪੰਜਾਬ ਦਾ ਪ੍ਰਾਈਵੇਟ ਬੱਸ ਅਪਰੇਟਰ ਲਗਾਤਾਰ ਪੈ ਰਹੇ ਘਾਟੇ ਕਰਕੇ ਕਿੰਨਾ ਜਿਆਦਾ ਪਰੇਸ਼ਾਨ ਚਲ ਰਿਹਾ ਹੈ।

ਚੰਡੀਗੜ ਵਿਖੇ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ, ਪੰਜਾਬ ਦੇ ਲੀਡਰਾਂ ਵਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੋਸ਼ ਲਗਾਇਆ ਗਿਆ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਦੇ ਨਾਅ ’ਤੇ ਸਾਰੇ ਬਸ ਆਪਰੇਟਰਾਂ ਨੂੰ ਹੀ ਬਦਨਾਮ ਕਰਕੇ ਰੱਖ ਦਿੱਤਾ ਗਿਆ ਹੈ, ਜਦੋਂ ਕਿ ਉਹ ਕੁਝ ਵੱਡੇ ਘਰਾਣੇ ਵਾਲੇ ਹੀ ਹਨ ਪਰ ਉਨਾਂ ‘ਤੇ ਸਰਕਾਰ ਕਾਰਵਾਈ ਕਰਨ ਦੀ ਥਾਂ ’ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਬਦਨਾਮ ਕਰਨ ਤੋਂ ਬਾਅਦ ਹੁਣ ਉਨਾਂ ਨੂੰ ਬਰਬਾਦ ਕਰਨ ਵਿੱਚ ਲਗੀ ਹੋਈ ਹੈ।

ਪ੍ਰੈਸ ਕਾਨਫਰੰਸ ਵਿੱਚ ਯੂਨੀਅਨ ਲੀਡਰ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਬੱਸ ਚਲਾਉਣਾ ਸੌਖਾ ਕੰਮ ਨਹੀਂ ਹੈ ਪਰ ਘਾਟੇ ਵਾਧੇ ਨਾਲ ਪੰਜਾਬ ਦੇ ਅਪਰੇਟਰ ਆਪਣੀਆਂ ਬੱਸਾਂ ਨੂੰ ਚਲਾਉਣ ਵਿੱਚ ਲਗੇ ਹੋਏ ਸਨ। ਦੋ ਸਾਲ ਪਹਿਲਾਂ ਕਰੋਨਾ ਆਉਣ ਦੇ ਚਲਦੇ ਲੰਬਾ ਸਮਾਂ ਉਨਾਂ ਦੀ ਬੱਸਾਂ ਨਹੀਂ ਚਲ ਪਾਈਆ ਤਾਂ ਜਦੋਂ ਬੱਸ ਨੂੰ ਚਲਾਉਣ ਦੀ ਇਜਾਜ਼ਤ ਮਿਲੀ ਤਾਂ ਅੱਧੀ ਸਵਾਰੀ ਦੇ ਨਾਲ ਹੀ ਕਈ ਤਰਾਂ ਦੀ ਸ਼ਰਤਾਂ ਲਗਾ ਦਿੱਤੀ ਗਈਆਂ, ਜਿਸ ਨਾਲ ਉਨਾਂ ਨੂੰ ਬੱਸ ਚਲਾ ਕੇ ਵੀ ਵੱਡੇ ਘਾਟੇ ਵਲ ਜਾਣਾ ਪੈ ਰਿਹਾ ਸੀ।

ਪਿਛਲੇ ਇੱਕ ਸਾਲ ਤੋਂ ਬੱਸ ਕਿਰਾਏ ਵਿੱਚ ਕੋਈ ਵਾਧਾ ਨਹੀਂ ਹੋਇਆ

ਇਸ ਘਾਟੇ ਕਰਕੇ ਉਨਾਂ ਵੱਲੋਂ ਸਰਕਾਰ ਦਾ ਟੈਕਸ ਨਹੀਂ ਭਰਿਆ ਗਿਆ ਅਤੇ ਟੈਕਸ ਮੁਆਫ਼ੀ ਵੀ ਉਨਾਂ ਨੂੰ ਕੋਈ ਜਿਆਦਾ ਨਹੀਂ ਮਿਲੀ ਹੈ, ਜਿਸ ਕਾਰਨ ਹੀ ਉਹ ਡਿਫਾਲਟਰ ਤੱਕ ਹੋ ਗਏ ਹਨ। ਉਨਾਂ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਬੱਸ ਕਿਰਾਏ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ, ਜਦੋਂ ਕਿ ਡੀਜ਼ਲ ਦੀ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਤਾਂ ਟੋਲ ਟੈਕਸ ਵੀ ਕਾਫ਼ੀ ਜਿਆਦਾ ਵੱਧ ਗਏ ਹਨ। ਇਥੇ ਹੀ ਪਿਛਲੀ ਕਾਂਗਰਸ ਸਰਕਾਰ ਵਲੋਂ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੇ ਦਿੱਤਾ, ਜਿਸ ਨਾਲ ਪ੍ਰਾਈਵੇਟ ਵਿੱਚ ਮਹਿਲਾਵਾਂ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸਵਾਰੀ ਆਉਣੀ ਬੰਦ ਹੋ ਗਈ ਹੈ। ਜਿਸ ਕਾਰਨ ਘਾਟਾ ਕਾਫ਼ੀ ਜਿਆਦਾ ਵੱਧ ਗਿਆ ਹੈ।

ਇਨਾਂ ਕਾਰਨਾਂ ਕਰਕੇ ਉਨਾਂ ਨੂੰ ਕਾਫ਼ੀ ਜਿਆਦਾ ਘਾਟਾ ਪੈ ਰਿਹਾ ਹੈ ਪਰ ਸਰਕਾਰ ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਇਨਾਂ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਤਾਂ ਇਹ ਪ੍ਰਾਈਵੇਟ ਬੱਸਾਂ ਆਪਣੇ ਆਪ ਹੀ ਘਾਟੇ ਵਿੱਚ ਬੰਦ ਹੋ ਜਾਣਗੀਆਂ। ਉਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੁਝ ਪ੍ਰਾਈਵੇਟ ਬੱਸ ਅਪਰੇਟਰ ਵਲੋਂ ਆਪਣੀ ਬੱਸਾਂ ਨੂੰ ਕਬਾੜ ਵਿੱਚ ਤੱਕ ਵੇਚ ਦਿੱਤੀ ਗਈਆਂ ਹਨ। ਇਸ ਲਈ ਉਹ ਸਰਕਾਰ ਤੋਂ ਮੱਦਦ ਮੰਗ ਰਹੇ ਹਨ ਤਾਂ ਕਿ ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਚਲਦੀ ਰਹਿਣ।

ਉਨਾਂ ਕਿਹਾ ਕਿ ਸਰਕਾਰ ਵਲੋਂ ਮਦਦ ਨਹੀਂ ਮਿਲਣ ਦੇ ਚਲਦੇ 9 ਅਗਸਤ ਨੂੰ ਪੰਜਾਬ ਭਰ ਵਿੱਚ ਹੜਤਾਲ ਦੇ ਨਾਲ ਹੀ ਪ੍ਰਾਈਵੇਟ ਬੱਸਾਂ ਵੱਲੋਂ ਚੱਕਾ ਜਾਮ ਕੀਤਾ ਜਾਏਗਾ। ਇਸ ਨਾਲ ਹੀ 15 ਅਗਸਤ ਨੂੰ ਆਪਣੀ ਇੱਕ ਪ੍ਰਾਈਵੇਟ ਬੱਸ ਨੂੰ ਖ਼ੁਦ ਅੱਗ ਨਾਲ ਫੂਕਿਆ ਜਾਏਗਾ ਤਾਂ ਕਿ ਸਰਕਾਰ ਦੇ ਕੰਨਾ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇ। ਉਨਾਂ ਕਿਹਾ ਕਿ ਬੱਸ ਉਨਾਂ ਦਾ ਰੁਜ਼ਗਾਰ ਹੈ ਅਤੇ ਇਹ ਆਸਾਨ ਨਹੀਂ ਹੋਏਗਾ ਪਰ ਉਨਾਂ ਕੋਲ ਕੋਈ ਚਾਰਾ ਨਹੀਂ ਹੈ, ਜਿਸ ਕਾਰਨ ਹੀ ਭਰੇ ਮੰਨ ਨਾਲ ਉਹ ਬੱਸ ਫੁਕਣ ਤੱਕ ਦਾ ਐਲਾਨ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ