ਸੰਕਲਪ ਦੀ ਤਾਕਤ
ਲੰਡਨ ਦੀ ਇੱਕ ਬਸਤੀ ਵਿੱਚ ਇੱਕ ਅਨਾਥ ਬੱਚਾ ਰਹਿੰਦਾ ਸੀ। ਉਹ ਅਖਬਾਰ ਵੇਚ ਕੇ ਆਪਣਾ ਗੁਜ਼ਾਰਾ ਕਰਦਾ। ਫਿਰ ਉਹ ਕਿਤਾਬਾਂ ਦੀਆਂ ਜਿਲਦਾਂ ਬੰਨ੍ਹਣ ਦਾ ਕੰਮ ਕਰਨ ਲੱਗ ਪਿਆ। ਉਸ ਬੱਚੇ ਨੂੰ ਪੜ੍ਹਨ ਦਾ ਕਾਫੀ ਸ਼ੌਂਕ ਸੀ। ਜਿਹੜੀਆਂ ਕਿਤਾਬਾਂ ਜਿਲਦਾਂ ਬੰਨ੍ਹਣ ਨੂੰ ਆਉਂਦੀਆਂ, ਉਹ ਉਨ੍ਹਾਂ ਪੁਸਤਕਾਂ ਨੂੰ ਪੜ੍ਹ ਲੈਂਦਾ।
ਇੱਕ ਦਿਨ ਜਿਲਦ ਬੰਨ੍ਹਦਿਆਂ, ਉਸ ਦੀ ਨਜ਼ਰ ਇੱਕ ਕਿਤਾਬ ਅੰਦਰ ‘ਬਿਜਲੀ’ ਸਬੰਧੀ ਇੱਕ ਨਿਬੰਧ ’ਤੇ ਪਈ। ਉਹ ਨਿਬੰਧ ਉਸ ਨੇ ਸਾਰਾ ਪੜ੍ਹ ਲਿਆ। ਬੜਾ ਹੀ ਦਿਲਚਸਪ ਸੀ ਇਹ ਲੇਖ। ਉਸ ਨੇ ਦੁਕਾਨਦਾਰ ਕੋਲੋਂ ਉਹ ਕਿਤਾਬ ਇੱਕ ਦਿਨ ਲਈ ਮੰਗ ਲਈ। ਪੂਰੀ ਰਾਤ ਲਾ ਕੇ ਉਸ ਨੇ ਸਾਰੀ ਕਿਤਾਬ ਪੜ੍ਹ ਲਈ। ਉਹ ਪੁਸਤਕ ਉਸ ਬਾਲਕ ਉੱਪਰ ਗਹਿਰੀ ਛਾਪ ਛੱਡ ਗਈ ਸੀ। ਉਸ ਦਾ ਮਨ ਕੀਤਾ ਕਿ ਉਹ ਪ੍ਰਯੋਗ ਕਰਕੇ ਦੇਖੇ। ਜਗਿਆਸਾ ਵਧਦੀ ਜਾ ਰਹੀ ਸੀ। ਉਸ ਨੇ ਬਿਜਲੀ ਨਾਲ ਸਬੰਧਤ, ਥੋੜ੍ਹੀਆਂ ਵਸਤਾਂ ਇੱਧਰੋਂ-ਉੱਧਰੋਂ ਇਕੱਠੀਆਂ ਕੀਤੀਆਂ।
ਇੱਕ ਵਿਅਕਤੀ ਬਾਲਕ ਦੀ ਬਿਜਲੀ ’ਚ ਰੁਚੀ ਦੇਖਦਾ ਹੁੰਦਾ ਸੀ।
ਉਹ ਵਿਅਕਤੀ ਬਾਲਕ ਨੂੰ ਇੱਕ ਦਿਨ ਪ੍ਰਸਿੱਧ ਵਿਗਿਆਨਕ ਡੇਵੀ ਦਾ ਲੈਕਚਰ ਸੁਣਨ ਲਈ ਨਾਲ ਲੈ ਗਿਆ। ਬਾਲਕ ਡੇਵੀ ਦੀਆਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਦਾ ਰਿਹਾ। ਇਸ ਤੋਂ ਬਾਅਦ ਬੱਚੇ ਨੇ ਲੈਕਚਰ ਦੀ ਪੜਚੋਲ ਕਰਦਿਆਂ ਆਪਣੇ ਕੁਝ ਵਿਚਾਰ ਲਿਖੇ ਅਤੇ ਡੇਵੀ ਨੂੰ ਭੇਜ ਦਿੱਤੇ। ਡੇਵੀ ਉਸ ਬੱਚੇ ਤੋਂ ਕਾਫੀ ਪ੍ਰਭਾਵਿਤ ਹੋਇਆ। ਡੇਵੀ ਨੇ ਉਸ ਬਾਲਕ ਨੂੰ ਆਪਣੇ ਨਾਲ ਕੰਮ ਕਰਨ ਲਈ ਕਿਹਾ।
ਬੱਚਾ ਮੰਨ ਗਿਆ ਅਤੇ ਡੇਵੀ ਕੋਲ ਹੀ ਰਹਿਣ ਲੱਗਾ। ਉਹ ਡੇਵੀ ਦਾ ਸਹਿਯੋਗੀ ਵੀ ਸੀ ਅਤੇ ਨੌਕਰ ਵੀ। ਉਹ ਪੂਰਾ ਦਿਨ ਕੰਮਾਂ-ਕਾਰਾਂ ’ਚ ਰੁੱਝਿਆ ਰਹਿੰਦਾ। ਰਾਤੀਂ ਖੋਜ ਅਧਿਐਨ ਕਰਦਾ। ਥੱਕ ਵੀ ਜਾਂਦਾ, ਪਰ ਉਸ ਦੇ ਚਿਹਰੇ ’ਤੇ ਸ਼ਿਕਨ ਨਜ਼ਰੀਂ ਨਾ ਪੈਂਦੀ। ਉਹ ਬਿਜਲੀ ਦੇ ਖੇਤਰ ’ਚ ਬੜਾ ਕੁਝ ਕਰ ਗੁਜ਼ਰਨ ਦੀ ਉਮੀਦ ਲਾਈ ਬੈਠਾ ਸੀ। ਅੰਤ ਉਸ ਨੇ ਬਿਜਲੀ ਦੇ ਖੇਤਰ ਵਿੱਚ ਮਿਹਨਤ ਤੇ ਦਿ੍ਰੜ੍ਹ ਸੰਕਲਪ ਨਾਲ ਆਪਣਾ ਸੁਫ਼ਨਾ ਪੂਰਾ ਕੀਤਾ। ਹੌਲੀ-ਹੌਲੀ ਉਹ ਮਹਾਨ ਭੌਤਿਕ ਵਿਗਿਆਨੀ ਬਣ ਗਿਆ। ਸਾਰਾ ਸੰਸਾਰ ਉਸ ਨੂੰ ‘ਮਾਈਕਲ ਫੈਰਾਡੇਅ’ ਦੇ ਨਾਂਅ ਨਾਲ ਜਾਣਦਾ ਹੈ। ਉਹੀ ਫੈਰਾਡੇਅ, ਜਿਸ ਨੇ ਬਿਜਲੀ ਪੈਦਾ ਕਰਨ ਲਈ ਮੁੱਢਲੇ ਨਿਯਮ ਖੋਜੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.