ਮਾਂ ਵੱਲੋਂ ਹੀ ਕਤਲ ਕੀਤੇ ਹੋਣ ਦਾ ਸ਼ੱਕ | Mansa Bus Stand
ਮਾਨਸਾ (ਸੁਖਜੀਤ ਮਾਨ)। ਕਰੀਬ ਦੋ ਦਿਨ ਪਹਿਲਾਂ ਮਾਨਸਾ ਬੱਸ ਅੱਡੇ (Bus Stand Mansa) ’ਚੋਂ ਭੇਦ ਭਰੇ ਹਾਲਾਤਾਂ ’ਚ ਕਰੀਬ ਅੱਠ ਸਾਲ ਦੇ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਪੁਲਿਸ ਵੱਲੋਂ ਸੁਲਝਾ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ’ਚ ਕਥਿਤ ਤੌਰ ਤੇ ਬੱਚੇ ਦੀ ਮਾਂ ਹੀ ‘ਕਾਤਲ’ ਦੱਸੀ ਜਾ ਰਹੀ ਹੈ, ਜਿਸ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਵੇਰਵਿਆਂ ਮੁਤਾਬਿਕ ਦੋ ਦਿਨ ਪਹਿਲਾਂ ਮਾਨਸਾ ਬੱਸ ਅੱਡੇ ’ਚੋਂ ਕਰੀਬ ਅੱਠ ਸਾਲ ਦੇ ਬੱਚੇ ਦੀ ਲਾਸ਼ ਮਿਲੀ ਸੀ।
ਲਾਸ਼ ਮਿਲਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਬੱਚੇ ਦੀ ਫੋਟੋ ਬੜੀ ਤੇਜ਼ੀ ਨਾਲ ਵਾਇਰਲ ਹੋਈ ਤਾਂ ਜੋ ਉਸ ਦੇ ਮਾਪਿਆਂ ਦਾ ਪਤਾ ਲਾਇਆ ਜਾ ਸਕੇ। ਦੋ ਦਿਨ ਬਾਅਦ ਵੀ ਉਸ ਦੇ ਮਾਪਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਬੱਚੇ ਦੇ ਇਸ ਕਤਲ ’ਚ ਅੱਜ ਉਸ ਸਮੇਂ ਰੌਂਗਟੇ ਖੜ੍ਹੇ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਜਿਸ ਮੁਤਾਬਿਕ ਬੱਚੇ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਤਲਵੰਡੀ ਸਾਬੋ ਵਾਸੀ ਮਾਂ ਵੱਲੋਂ ਹੀ ਕਤਲ ਕੀਤਾ ਗਿਆ ਸੀ। (Bus Stand Mansa)
ਥਾਣਾ ਸਿਟੀ-2 ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਦਾ ਕਤਲ ਉਸ ਦੀ ਮਾਂ ਵੱਲੋਂ ਹੀ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਬੱਚੇ ਦੀ ਭੂਆ ਵੱਲੋਂ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਭੂਆ ਸੰਦੀਪ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਬੱਚੇ ਦੇ ਚਾਚਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ ’ਚ ਦਿੱਲੀ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਸ ਨੇ ਰਸਤੇ ’ਚ ਬੱਚੇ ਦੀ ਇਹ ਫੋਟੋ ਦੇਖੀ ਅਤੇ ਘਰ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰਕੇ ਕਿਹਾ ਕਿ ਇਹ ਬੱਚਾ ਆਪਣਾ ਅਗਮਜੋਤ ਸਿੰਘ ਲੱਗ ਰਿਹਾ ਹੈ।
Bus Stand Mansa
ਉਸ ਨੇ ਮੌਕੇ ਤੇ ਹੀ ਮ੍ਰਿਤਕ ਬੱਚੇ ਦੀ ਮਾਂ ਵੀਰਪਾਲ ਕੌਰ ਉਰਫ ਜੈਸਮੀਨ ਨੂੰ ਫੋਨ ਕੀਤਾ ਤਾਂ ਉਸ ਨੇ ਅੱਗੋ ਆਖਿਆ ਕਿ ਅਗਮਜੋਤ ਤਾਂ ਆਪਣੇ ਨਾਨਕੇ ਘਰ ਗਿਆ ਹੋਇਆ ਹੈ। ਕਾਫੀ ਲੰਬੇ ਸਮੇਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬੱਚੇ ਦੀ ਫੋਟੋ ਪਹਿਚਾਣੀ ਤਾਂ ਉਹ ਉਹਨਾਂ ਦਾ ਹੀ ਬੱਚਾ ਸੀ। ਪਰਿਵਾਰਿਕ ਮੈਂਬਰਾਂ ਮੁਤਾਬਿਕ ਬੱਚੇ ਦਾ ਕਤਲ ਕਰਨ ਵਿੱਚ ਇਕੱਲੀ ਉਸ ਦੀ ਮਾਂ ਹੀ ਨਹੀਂ ਹੋਰਨਾਂ ਲੋਕਾਂ ਦਾ ਵੀ ਹੱਥ ਹੋ ਸਕਦਾ ਹੈ, ਇਸ ਲਈ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਅਮਨਦੀਪ ਸਿੰਘ ਨੇ ਦੱਸਿਆ ਕਿ ਵੀਰਪਾਲ ਕੌਰ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਜਦੋਂ ਕਿ ਇੱਕ ਪੁਲਿਸ ਅਧਿਕਾਰੀ ਨੇ ਬੱਚੇ ਦੀ ਮਾਂ ਦੀ ਹਾਲੇ ਗ੍ਰਿਫਤਾਰੀ ਨਾ ਹੋਣ ਦੀ ਗੱਲ ਕਹੀ ਹੈ। ਇਸ ਮਾਮਲੇ ’ਚ ਪੁਲਿਸ ਵੱਲੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ, ਪੜਤਾਲ ਉਪਰੰਤ ਮੁਕੰਮਲ ਵੇਰਵੇ ਸਾਂਝੇ ਕੀਤੇ ਜਾ ਸਕਣਗੇ।
Also Read : ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕਿਸਾਨਾਂ ਲਈ ਖਾਸ ਸੁਝਾਅ, ਜਾਣੋ