ਜਗਰਾਓਂ (ਜਸਵੰਤ ਰਾਏ)। ਦੋ ਦਿਨ ਪਹਿਲਾਂ ਸਥਾਨਕ ਸ਼ਹਿਰ ’ਚ ਫਲ ਵਿਕਰੇਤਾ ਇੱਕ ਵਿਅਕਤੀ ਪਤਨੀ ਵੱਲੋਂ ਗਲਾ ਘੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ’ਚ ਪੁਲਿਸ ਵੱਲੋਂ ਪਤਨੀ ਅਤੇ ਉਸਦੇ ਭਤੀਜੇ ਅਤੇ ਭਤੀੇਜੇ ਦੇ ਦੋਸਤ ਨੂੰ ਗਿ੍ਰਫ਼ਤਾਰ ਕੀਤਾ ਹੈ। ਜਿੰਨਾਂ ਨੇ ਰਲਕੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਸਥਾਨਕ ਪੁਲਿਸ ਲਾਈਨ ਵਿਖੇ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦਿਹਾਤੀ ਦੇ ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਫਲਾਂ ਦਾ ਕੰਮ ਕਰਨ ਵਾਲਾ ਪ੍ਰਕਾਸ਼ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਆਪਣੀ ਪਤਨੀ ਅਤੇ ਨਾਬਾਲਗ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਤੋਂ ਤੰਗ ਆ ਕੇ ਉਸ ਦੀ ਪਤਨੀ ਗੁਰਮੀਤ ਕੌਰ ਨੇ ਆਪਣੇ ਭਤੀਜੇ ਗਗਨਦੀਪ ਅਤੇ ਉਸ ਦੇ ਦੋਸਤ ਰਾਮਦਾਸ ਸਿੰਘ ਨਾਲ ਮਿਲ ਕੇ ਪ੍ਰਕਾਸ ਸਿੰਘ ਨੂੰ ਕਤਲ ਕਰਨ ਦੀ ਯੋਜਨਾ ਬਣਾਈ।
ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਰਮੀਤ ਕੋਰ ਨੇ ਆਪਣੇ ਭਤੀਜੇ ਅਤੇ ਉਸ ਦੇ ਦੋਸਤ ਨੂੰ ਸ਼ਾਮ ਨੂੰ ਹੀ ਜਗਰਾਓਂ ਬੁਲਾਇਆ ਅਤੇ ਸਾਰੀ ਵਿਉਂਤ ਦੱਸੀ। ਪਰਕਾਸ਼ ਨਾਲ ਬੈਠ ਕੇ ਤਿੰਨਾਂ ਨੇ ਖੁੱਲੇਆਮ ਸ਼ਰਾਬ ਪੀਤੀ ਅਤੇ ਬਾਅਦ ਵਿਚ ਪ੍ਰਕਾਸ਼ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਅਨੂਸਾਰ ਗੁਰਮੀਤ ਦਾ 5 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਪਰ ਉਹ ਪਹਿਲੇ ਦਿਨ ਹੀ ਟੁੱਟ ਗਈ ਅਤੇ ਪੁਲਿਸ ਨੂੰ ਆਪਣੀ ਯੋਜਨਾ ਬਾਰੇ ਦੱਸ ਦਿੱਤਾ। ਜਿਸ ਕਾਰਨ ਪੁਲਿਸ ਨੇ ਗਗਨਦੀਪ ਸਿੰਘ ਉਰਫ਼ ਗੁਰਪ੍ਰੀਤ ਸਿੰਘ ਉਰਫ਼ ਗਾਂਧੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰੋਸ਼ੀਆਣਾ ਥਾਣਾ ਮਲੋਦ ਜ਼ਿਲਾ ਲੁਧਿਆਣਾ ਉਸ ਦਾ ਸਾਥੀ ਦੋਸਤ ਰਾਮਦਾਸ ਜੋ ਕਿ ਇਸੇ ਦੇ ਪਿੰਡ ਦਾ ਹੀ ਵਸਨੀਕ ਹੈ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਲੜਕੇ ਆਪਣੇ ਪਿੰਡ ਤੋਂ ਮੋਟਰਸਾਈਕਲ ’ਤੇ ਜਗਰਾਓਂ ਆਏ ਸਨ, ਅਜੇ ਤੱਕ ਮੋਟਰਸਾਈਕਲ ਬਰਾਮਦ ਨਹੀਂ ਹੋਇਆ।
ਕੀਤੇ ’ਤੇ ਪਛਤਾਵਾ ਨਹੀਂ, ਬਸ ਬੱਚੀ ਦੀ ਚਿੰਤਾ ਹੈ
ਪੱਤਰਕਾਰਾਂ ਅੱਗੇ ਗੁਰਮੀਤ ਕੌਰ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ ਉਸ ਨੂੰ ਸਿਰਫ਼ ਅਪਣੀ ਨਾਬਾਲਗ ਬੱਚੀ ਦੇ ਭਵਿੱਖ ਦੀ ਚਿੰਤਾ ਹੈ। ਉਹ ਆਪਣੇ ਘਰਵਾਲੇ ਤੋਂ ਅੰਤਾਂ ਦੀ ਦੁਖੀ ਸੀ ਜੋ ਅਕਸਰ ਹੀ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਦਕਿ ਉਹ ਲੋਕਾਂ ਦੇ ਘਰਾਂ ’ਚ ਸਫ਼ਾਈ ਆਦਿ ਕਰਦੀ ਸੀ। ਗੁਰਮੀਤ ਕੋਰ ਨੇ ਅੱਗੇ ਦੱਸਿਆ ਕਿ ਪ੍ਰਕਾਸ ਉਨਾਂ ਨੂੰ ਅੱਧੀ ਰਾਤ ਨੂੰ ਘਰੋਂ ਬਾਹਰ ਕੱਢ ਦਿੰਦਾ ਸੀ। ਗੁਰਮੀਤ ਕੌਰ ਨੇ ਕਿਹਾ ਕਿ ਅੱਜ ਜਿਹੜਾ ਸਮਾਜ ਉਸਨੂੰ ਕਸੂਰਵਾਰ ਦੱਸ ਰਿਹਾ ਹੈ ਉਹ ਉਦੋਂ ਉਨਾਂ ਦੀ ਮੱਦਦ ਲਈ ਕਿਉਂ ਨਹੀਂ ਆਇਆ ਜਦੋਂ ਉਸਦਾ ਘਰਵਾਲਾ ਉਨਾਂ ਨੂੰ ਤੰਗ ਕਰਦਾ ਸੀ।