ਪੁਲਿਸ ਵੱਲੋਂ ਸਕੂਲ ’ਚ ਧਮਕੀ ਭਰੇ ਪੱਤਰ ਤੇ ਡੁਪਲੀਕੇਟ ਬੰਬਾਂ ਨੂੰ ਸੁੱਟਣ ਵਾਲਾ ਵਿਅਕਤੀ ਕਾਬੂ

Patiala-News
ਪਟਿਆਲਾ : ਕਾਬੂ ਕੀਤੇ ਵਿਅਕਤੀ ਸਬੰਧੀ ਜਾਣਕਾਰੀ ਦਿੰਦੀ ਹੋਈ ਪੁਲਿਸ ਪਾਰਟੀ।

ਲਗਾਤਾਰ ਸੁੱਟ ਰਿਹਾ ਸੀ ਸਕੂਲ ਸਮੇਤ ਆਸ-ਪਾਸ ਦੀਆਂ ਬਰਾਚਾਂ ਵਿੱਚ ਧਮਕੀ ਭਰੇ ਪੱਤਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। (Patiala News) ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਸਕੂਲ ਵਿੱਚ ਧਮਕੀ ਭਰੇ ਪੱਤਰ ਸੁੱਟ ਕੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੰਦਾ ਸੀ ਅਤੇ ਖਾਲਿਸਤਾਨ ਦਾ ਪ੍ਰਚਾਰ ਕਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ 18 ਅਗਸਤ 2023 ਨੂੰ ਥਾਣਾ ਤਿ੍ਰਪੜੀ ਪਟਿਆਲਾ ਅਧੀਨ ਪੈਂਦੇ ਮਾਈਲਸਟੋਨ ਸਮਾਰਟ ਸਕੂਲ ਵਿਚ ਅਣਪਛਾਤੇ ਵਿਅਕਤੀ ਵੱਲੋਂ ਭੇਜਿਆ ਗਿਆ ਧਮਕੀ ਭਰਿਆ ਪੱਤਰ ਮਿਲਿਆ,

ਜਿਸ ਵਿਚ ਉਸ ਵੱਲੋਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਅਤੇ ਨਾਲ ਹੀ ਇੱਕ ਡੁਪਲੀਕੇਟ ਡੰਮੀ ਬੰਬ ਸਕੂਲ ਦੇ ਗਰਾਊਡ ਵਿਚ ਰੱਖਿਆ ਗਿਆ ਜਿਸ ਸਬੰਧੀ ਇਤਲਾਹ ਮਿਲਣ ਤੇ ਕਪਤਾਨ ਪੁਲਿਸ ਸਿਟੀ ਮੁਹੰਮਦ ਸਰਫਰਾਜ ਆਲਮ, ਉਪ ਕਪਤਾਨ ਪੁਲਿਸ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਅਤੇ ਮੁੱਖ ਅਫਸਰ ਥਾਣਾ ਤਿ੍ਰਪੜੀ ਪਟਿਆਲਾ ਇੰਸ: ਪ੍ਰਦੀਪ ਸਿੰਘ ਬਾਜਵਾ ਸਮੇਤ ਪੁਲਿਸ ਪਾਰਟੀ ਅਤੇ ਐਟੀ ਸਾਬੋਟੇਜ਼ ਟੀਮ ਨੇ ਪਹੁੰਚ ਕੇ ਪੜਤਾਲ ਕੀਤੀ। (Patiala News)

ਇਹ ਵੀ ਪੜ੍ਹੋ: ਮੁਹੰਮਦ ਉਵੈਸ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਲ 

ਦੌਰਾਨੇ ਪੜਤਾਲ ਮੁੱਖ ਅਫਸਰ ਥਾਣਾ ਤਿ੍ਰਪੜੀ ਪਟਿਆਲਾ ਅਤੇ ਉਨ੍ਹਾਂ ਦੀ ਟੀਮ ਵਲੋਂ ਸਕੂਲ ਦੀ ਨਿਗਰਾਨੀ ਅਤੇ ਸੀਸੀਟੀਵੀ ਕੈਮਰਿਆਂ ਰਾਂਹੀਂ ਸਕੂਲ ਦੇ ਆਸ-ਪਾਸ ਦੀਆਂ ਗਤੀਵਿਧੀਆ ਨੂੰ ਵਾਚਣਾ ਸੁਰੂ ਕੀਤਾ ਗਿਆ ਜੋ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਨਾ-ਮਾਲੂਮ ਵਿਅਕਤੀ ਵੱਲੋਂ ਬਹੁਤ ਹੀ ਸ਼ਾਤਰਾਨਾ ਤਰੀਕੇ ਨਾਲ ਵਾਰ ਵਾਰ ਅਜਿਹੇ ਧਮਕੀ ਭਰੇ ਪੱਤਰ ਸਕੂਲ ਵਿੱਚ ਅਤੇ ਸਕੂਲ ਦੇ ਆਸ-ਪਾਸ ਦੀਆਂ ਬ੍ਰਾਂਚਾਂ ਵਿਚ ਸੁੱਟੇ ਜਾਣੇ ਸ਼ੁਰੂ ਕੀਤੇ ਗਏ ਜਿਨਾਂ ਵਿਚ ਖਾਲਿਸਤਾਨੀ ਪ੍ਰਚਾਰ ਕੀਤਾ ਗਿਆ ਅਤੇ ਸਕੂਲ ਨੂੰ ਅਤੇ ਸਕੂਲ ਦੇ ਅਧਿਆਪਕਾਂ ਨੂੰ ਜਾਨੀ ਨੁਕਸਾਨ ਪਹੁਚਾਉਣ ਦੀਆ ਧਮਕੀਆ ਦਿੱਤੀਆ ਜਾਣ ਲੱਗੀਆ,

ਜਿਸ ਕਾਰਨ ਸਕੂਲ ਵਿਚ ਪੜਨ ਵਾਲੇ ਬੱਚਿਆਂ, ਮਾਪਿਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਿਸ ’ਤੇ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਤਿ੍ਰਪੜੀ ਪਟਿਆਲਾ ਇੰਸ: ਪ੍ਰਦੀਪ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਟੀਮ ਵਲੋਂ 8 ਦਸੰਬਰ ਨੂੰ ਬੜੀ ਹੀ ਮਿਹਨਤ ਅਤੇ ਤਕਨੀਕੀ ਢੰਗ ਨਾਲ ਪੜਤਾਲ ਕਰਦੇ ਹੋਏ ਉਪਰੋਕਤ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਜਗਮੀਤ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ 64-ਏ ਆਨੰਦ ਨਗਰ ਐਕਸਟੈਨਸ਼ਨ ਪਟਿਆਲਾ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ । (Patiala News)

Patiala-News
ਪਟਿਆਲਾ : ਕਾਬੂ ਕੀਤੇ ਵਿਅਕਤੀ ਸਬੰਧੀ ਜਾਣਕਾਰੀ ਦਿੰਦੀ ਹੋਈ ਪੁਲਿਸ ਪਾਰਟੀ।

2 ਡੁਪਲੀਕੇਟ ਡੰਮੀ ਬੰਬ ਅਤੇ 4 ਧਮਕੀ ਭਰੇ ਪੱਤਰ ਪੁਲਿਸ ਵੱਲੋਂ ਬਰਾਮਦ (Patiala News)

ਉਕਤ ਮੁਲਜ਼ਮ ਨੇ ਦੌਰਾਨੇ ਮੁੱਢਲੀ ਪੁੱਛਗਿੱਛ ਸਮੂਹ ਵਾਰਦਾਤਾਂ ਵਿਚ ਆਪਣਾ ਹੱਥ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਉਸ ਵੱਲੋਂ ਆਪਣੀ ਨਿਸ਼ਾਨਦੇਹੀ ’ਤੇ ਸਕੂਲ ਵਿਚ ਸੁੱਟਣ ਲਈ ਤਿਆਰ ਕੀਤੇ ਗਏ 2 ਡੁਪਲੀਕੇਟ ਡੰਮੀ ਬੰਬ ਅਤੇ 4 ਧਮਕੀ ਭਰੇ ਪੱਤਰ ਪੁਲਿਸ ਨੂੰ ਬ੍ਰਾਮਦ ਕਰਵਾਏ ਗਏ ਹਨ ਜਿਸ ਵਿਚ ਉਸ ਵੱਲੋਂ ਖਾਲਿਸਤਾਨੀ ਪ੍ਰਾਪੇਗੰਡੇ ਦਾ ਖੁੱਲ੍ਹ ਕੇ ਸਹਾਰਾ ਲਿਆ ਗਿਆ । ਮੁਲਜ਼ਮ ਦਾ ਮੋਬਾਇਲ ਫੋਨ ਕਬਜੇ ਵਿਚ ਲਿਆ ਗਿਆ ਹੈ ਜਿਸ ਨੂੰ ਫੋਰਾਂਸਿਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਮੁਲਜ਼ਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਦੇ ਹੋਰ ਸਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ।