(ਮਨੋਜ) ਮਲੋਟ। ਪਿੰਡ ਔਲਖ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਵਿਵਾਦ ਵਿੱਚ ਗੋਲੀ ਲੱਗਣ ਨਾਲ ਜਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਦੋਨਾਂ ਕਥਿਤ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਮਲੋਟ ਅਵਤਾਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਔਲਖ ਨੇ ਮਨੀਸ਼ ਕੁਮਾਰ ਅਤੇ ਉਸਦੇ ਭਰਾ ਹਰੀਸ਼ ਕੁਮਾਰ ਤੋਂ ਰੇਤੇ ਦੇ 18 ਹਜਾਰ ਰੁਪਏ ਦੇ ਕਰੀਬ ਬਕਾਇਆ ਪੈਸੇ ਲੈਣੇ ਸਨ। (Malout News)
ਇਹ ਵੀ ਪੜ੍ਹੋ: NRIs : ਮੁੱਖ ਮੰਤਰੀ ਨੇ ਵਿਸ਼ਵ ਭਰ ’ਚ ਵੱਸਦੇ ਪਰਵਾਸੀ ਪੰਜਾਬੀਆਂ ਨੂੰ ਕਰ ਦਿੱਤਾ ਖੁਸ਼, ਕੀਤੇ ਕਈ ਐਲਾਨ
ਜਦ ਉਹ ਦੁਕਾਨ ’ਤੇ ਪੈਸੇ ਲੈਣ ਗਿਆ ਤਾਂ ਉਥੇ ਹੋਏ ਝਗੜੇ ਦੌਰਾਨ ਮਨੀਸ਼ ਕੁਮਾਰ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਉਨਾਂ ਦੱਸਿਆ ਕਿ ਸਦਰ ਮਲੋਟ ਪੁਲਿਸ ਨੇ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਮਨੀਸ਼ ਕੁਮਾਰ ਅਤੇ ਹਰੀਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਲੋਟ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਜਖ਼ਮੀ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਕਤਲ ਦੀ ਧਾਰਾ ਜੋੜ ਦਿੱਤੀ ਹੈ ਅਤੇ ਦੋਵਾਂ ਕਥਿਤ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।