ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ…
ਕੁਝ ਸਾਲ ਪਹਿਲਾਂ ਮੈਂ ਬੀ. ਏ. ਦੀ ਪੜ੍ਹਾਈ ਕਰਨ ਵਾਸਤੇ ਆਪਣੇ ਵੱਡੇ¿; ਭਰਾ ਕੋਲ ਬਠਿੰਡੇ ਰਹਿਣ ਲੱਗਾ ਜੋ ਕਿ ਇੱਕ ਅਰਧ-ਸਰਕਾਰੀ ਸੰਸਥਾ ਵਿੱਚ ਤਾਇਨਾਤ ਸੀ। ਸੰਸਥਾ ਦਾ ਅਕਾਰ ਕਾਫੀ ਖੁੱਲ੍ਹਾ ਸੀ, ਮੁਲਾਜਮਾਂ ਵਾਸਤੇ ਰਹਿਣ ਦੀਆਂ ਸਹੂਲਤਾਂ ਤਹਿਤ ਸਰਕਾਰੀ ਕੁਆਟਰ ਵਿੱਚ ਅਸੀਂ ਦੋਵੇਂ ਰਲ-ਮਿਲ ਕੇ ਰਹਿੰਦੇ ਸਾਂ। ਕਲੋਨੀਆਂ ਦਾ ਸ਼ਾਂਤ ਮਾਹੌਲ ਪੜ੍ਹਨ ਵਾਸਤੇ ਕਾਫੀ ਢੁੱਕਵਾਂ ਸੀ। ਮੇਰਾ ਉੱਥੇ ਖੂਬ ਮਨ ਲੱਗਾ। ਮੈਨੂੰ ਰੋਜ਼ਾਨਾ ਕਾਲਜ ਜਾਂਦਿਆਂ ਵੇਖ ਕੇ ਵੱਡੇ ਭਰਾ ਨੇ ਵੀ ਪਦਉੱਨਤੀ ਦੀ ਲਾਲਸਾ ਨਾਲ ਆਪਣੀ ਪੜ੍ਹਾਈ ਪੂਰੀ ਕਰ ਲਈ। ਉਹ ਆਲੇ-ਦੁਆਲੇ ਅਤੇ ਡਿਊਟੀ ਸਬੰਧੀ ਸਾਰੀ ਗੱਲਬਾਤ ਮੇਰੇ ਨਾਲ ਅਕਸਰ ਸਾਂਝੀ ਕਰਦਾ ਸੀ।
ਇੱਕ ਦਿਨ ਆਪਣੇ ਵੀਰ ਦੇ ਚਿਹਰੇ ’ਤੇ ਪਸਰੀ ਅਥਾਹ ਖੁਸ਼ੀ ਵੇਖਦਿਆਂ ਮੈਂ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਉਸ ਨੇ ਜੁਆਬ ਦਿੰਦਿਆਂ ਕਿਹਾ, ‘‘ਨਿੱਕਿਆ, ਹੁਣ ਮੇਰੀ ਤਰੱਕੀ ਲਗਭਗ ਤੈਅ ਆ, ਕਿਉਕਿ ਸਾਡੀ ਦਫਤਰ ਵਿੱਚ ਖਾਲੀ ਪਈ ਰਿਜ਼ਰਵ ਕੈਟਾਗਿਰੀ ਦੀ ਅਸਾਮੀ ਜੇ ਤਰੱਕੀ ਰਾਹੀਂ ਭਰੀ ਜਾਂਦੀ ਹੈ ਤਾਂ ਵੀ ਸੀਨੀਅਰ ਤੇ ਇਕਲੌਤਾ ਐੱਸ. ਸੀ. ਮੁਲਾਜਮ ਹੋਣ ਕਰਕੇ ਮੈਂ ਯੋਗ ਬਣਦਾ ਹਾਂ, ਜੇ ਸਿੱਧੀ ਭਰਤੀ ਰਾਹੀਂ ਅਸਾਮੀ ਭਰਨਗੇ ਤਾਂ ਵੀ ਮੇਰਾ ਤਜ਼ਰਬਾ ਇਸੇ ਸੰਸਥਾ ਦਾ ਹੋਣ ਦੇ ਨਾਲ-ਨਾਲ ਮੈਂ ਸਾਰੀਆਂ ਵਿੱਦਿਅਕ¿; ਯੋਗਤਾਵਾਂ ਪੂਰੀਆਂ ਕਰਦਾ ਹਾਂ। ਸੰਸਥਾ ਨੇ ਉਸ ਅਸਾਮੀ ਵਾਸਤੇ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਪੂਰਾ ਸਾਲ ਬੀਤਣ ਦੇ ਬਾਵਜੂਦ ਕੋਈ ਇੰਟਰਵਿਊ ਨਾ ਰੱਖੀ ਗਈ ਤੇ ਨਾ ਹੀ ਉਸ ਅਸਾਮੀ ਨੂੰ ਭਰਨ ਬਾਰੇ ਕੋਈ ਲੋੜ ਮਹਿਸੂਸ ਕੀਤੀ। ਪਦਉੱਨਤੀ ਬਾਰੇ ਸੋਚਾਂ ਵਿੱਚ ਰਹਿੰਦੇ ਆਪਣੇ ਭਰਾ ਦੇ ਚਿਹਰੇ ਦੀ ਮਾਯੂਸੀ ਨੂੰ ਮੈਂ ਅਕਸਰ ਪੜ੍ਹ ਲੈਂਦਾ ਸੀ।
ਇੱਕ ਦਿਨ ਮੈਂ ਹੌਂਸਲਾ ਕਰ ਕੇ ਪੁੱਛ ਹੀ ਲਿਆ, ‘‘ਵੀਰ, ਤਰੱਕੀ ਦਾ ਕੁਝ ਬਣਦਾ-ਜੁੜਦਾ ਨ੍ਹੀਂ?’’ ਉਸ ਨੇ ਭਰੇ ਮਨ ਨਾਲ ਜੁਆਬ ਦਿੱਤਾ, ‘‘ਨਹੀਂ ਨਿੱਕੇ ਵੀਰ, ਤੂੰ ਅਜੇ ਛੋਟਾ ਹੈਂ, ਤੂੰ ਸਿਸਟਮ ਨੂੰ ਨਹੀਂ ਸਮਝਦਾ, ਬਹੁਤ ਕੁਝ ਨਜਾਇਜ ਵਾਪਰਦਾ ਇਸ ਢਾਂਚੇ ਵਿੱਚ, ਸੰਸਥਾ ਨੇ ਖਾਲੀ ਅਸਾਮੀ ਰਿਜ਼ਰਵ ਕੈਟਾਗਿਰੀ ਵਿੱਚੋਂ ਭਰਨੀ ਹੀ ਨਹੀਂ।’’
‘‘ਕਿਉ, ਕਾਨੂੰਨ ਅਨੁਸਾਰ ਰਿਜ਼ਰਵ ਪੋਸਟ ਤਾਂ ਰਿਜ਼ਰਵ ਹੀ ਹੁੰਦੀ ਆ, ਤੁਸੀਂ ਨਹੀਂ ਤਾਂ ਕੋਈ ਹੋਰ ਐੱਸ. ਸੀ. ਉਮੀਦਵਾਰ ਖਾਲ਼ੀ ਅਸਾਮੀ ’ਤੇ ਆ ਸਕਦਾ’’ ਸੁਭਾਵਿਕ ਹੀ ਮੇਰੇ ਮੂੰਹੋਂ ਇਹ ਸ਼ਬਦ ਨਿੱਕਲੇ ਤਾਂ ਵੀਰ ਹੱਸਦਿਆਂ ਬੋਲਿਆ, ‘‘ਰਾਖਵੀਂ ਅਸਾਮੀ ਨੂੰ ‘ਯੋਗ ਨਹੀਂ ਮਿਲਿਆ’ ਵਰਗੇ ਬਹਾਨਿਆਂ ਨਾਲ ਖਤਮ ਕਰਕੇ ਮੇਰੇ ਤੋਂ ਜੂਨੀਅਰ ਤੇ ਘੱਟ ਵਿੱਦਿਅਕ ਯੋਗਤਾ ਪ੍ਰਾਪਤ ਮੁਲਾਜਮ ਨੂੰ ਇਸੇ ਸੰਸਥਾ ਵਿੱਚੋਂ ਹੀ ਰੱਖਿਆ ਜਾਊ, ਭੋਲੇ ਵੀਰ।’’ ਮੈਨੂੰ ਆਪਣੇ ਭਰਾ ਦੀ ਸਿਸਟਮ ਬਾਰੇ ਕਹੀ ਗੱਲ ਦਾ ਬਹੁਤਾ ਕੁਝ ਪਤਾ ਨਾ ਲੱਗਾ।
ਗ੍ਰੈਜੂਏਸ਼ਨ ਕਰਨ ਉਪਰੰਤ ਮੈਂ ਆਪਣੇ ਮਾਤਾ-ਪਿਤਾ ਕੋਲ ਆ ਗਿਆ ਜਦਕਿ ਮੇਰਾ ਭਰਾ ਆਪਣੀ ਯੋਗਤਾ ਨਾਲ ਉਚੇਰੇ ਤਨਖਾਹ ਸਕੇਲ ’ਤੇ ਕਿਸੇ ਹੋਰ ਮਹਿਕਮੇ ਵਿੱਚ ਜਾ ਲੱਗਾ। ਵਿਆਹ ਉਪਰੰਤ ਕੁਝ ਪਰਿਵਾਰਕ ਪ੍ਰੇਸ਼ਾਨੀਆਂ ਕਾਰਨ ਸੰਖੇਪ ਬਿਮਾਰੀ ਪਿੱਛੋਂ ਉਸ ਦਾ ਦੇਹਾਂਤ ਹੋ ਗਿਆ। ਪਦਉੱਨਤੀ ਤੋਂ ਸੱਖਣੇ ਵੱਡੇੇ ਵੀਰ ਦੀ ਮੌਤ ਉਪਰੰਤ ਉਸ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਤਹਿਤ ਉਸ ਦੀ ਤਰੱਕੀ ਨਾ ਹੋਣ ਅਤੇ ਸਿਸਟਮ ਵਿੱਚ ਵਾਪਰਦੇ ਗੈਰ-ਜਮਹੂਰੀ ਵਰਤਾਰੇ ਦੀ ਗੱਲ ਮੇਰੇ ਜ਼ਿਹਨ ਵਿੱਚ ਹਮੇਸ਼ਾ ਰੜਕਦੀ ਰਹਿੰਦੀ ਸੀ।
ਮੈਂ ਰਾਖਵੀਂ ਅਸਾਮੀ ਖਤਮ ਕਰਨ ਵਾਲੀ ਗੱਲ ਨੂੰ ਜਾਣਨ ਦੀ ਚੇਸ਼ਟਾ ਨਾਲ ਸਬੰਧਤ ਸੰਸਥਾ ਦੀ ਸਾਈਟ ’ਤੇ ਉਸ ਦਫਤਰ ਦੇ ਸਟਾਫ ਦੀ ਪੂਰੀ ਡਿਟੇਲ ਵੇਖੀ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੇਰੇ ਭਰਾ ਤੋਂ ਜੂਨੀਅਰ ਮੁਲਾਜ਼ਮ ਹੀ ਸਬੰਧਿਤ ਅਸਾਮੀ ’ਤੇ ਤਾਇਨਾਤ ਨਹੀਂ ਸੀ ਸਗੋਂ ਸਾਰੀਆਂ ਹੀ ਅਸਾਮੀਆਂ ਗੈਰ-ਰਾਖਵੀਂਆਂ ਵੇਖ ਕੇ ਮੈਨੂੰ ਸਿਸਟਮ ਬਾਰੇ ਆਪਣੇ ਭਰਾ ਦੇ ਕਹੇ ਬੋਲ ਚੰਗੀ ਤਰ੍ਹਾਂ ਸਮਝ ਆਏ।
ਮੈਂ ਸਬੰਧਿਤ ਅਸਾਮੀ ਨੂੰ ਭਰਨ ਦੇ ਅਸਲ ਤੱਥਾਂ ਨੂੰ ਜਾਣਨ ਦੇ ਮਨਸੂਬੇ ਨਾਲ ਸੰਸਥਾ ਤੋਂ ਆਰ.ਟੀ.ਆਈ. ਐਕਟ ਤਹਿਤ ਉਸ ਦਫਤਰ ਦੀ ਸਥਾਪਨਾ ਵੇਲੇ ਸਰਕਾਰ ਵੱਲੋਂ ਜਾਰੀ ਕੀਤੀਆਂ ਰਾਖਵੀਆਂ ਤੇ ਗੈਰ-ਰਾਖਵੀਆਂ ਅਸਾਮੀਆਂ ਦੀ ਗਿਣਤੀ, ਉਪਲੱਬਧ ਪੋਸਟਾਂ ’ਤੇ ਕੰਮ ਕਰਦੇ ਮੁਲਜਮਾਂ ਦੀ ਡਿਟੇਲ, ਇੱਕ ਵੀ ਰਾਖਵੀਂ ਅਸਾਮੀ ਨਾ ਭਰਨ ਦੇ ਕਾਰਨ, ਸਬੰਧਤ ਅਸਾਮੀ ਸਬੰਧੀ ਰਾਖਵੀਂ ਜਾਂ ਅਣ-ਰਾਖਵੀਂ ਹੋਣ ਦੇ ਤੱਥ ਮਸਲਨ ਜੇਕਰ ਅਸਾਮੀ ਰਾਖਵੀਂ ਸੀ ਤਾਂ ਕਿਹੜੇ ਕਾਰਨਾਂ ਤਹਿਤ ਅਣਰਾਖਵੀਂ ਹੋਈ, ਵਿਭਾਗ ਤੋਂ ਲਈ ਮਨਜੂਰੀ, ਅਸਾਮੀ ਨੂੰ ਭਰਨ ਸਬੰਧੀ ਦਿੱਤੇ ਇਸ਼ਤਿਹਾਰ, ਇੰਟਰਵਿਊ ਆਦਿ ਦੀ ਪ੍ਰਕਿਰਿਆ ਤੋਂ ਇਲਾਵਾ ਫੌਤ ਹੋਏ ਵੀਰ ਦੀ ਖਾਲੀ ਹੋਈ ਰਾਖਵੀਂ ਅਸਾਮੀ ਨੂੰ ਕੈਟਾਗਿਰੀ ਵਿੱਚੋਂ ਹੀ ਨਾ ਭਰਨ ਸਬੰਧੀ ਜਾਣਕਾਰੀ ਮੰਗੀ ਤਾਂ ਕਿ ਸਿਸਟਮ ਦੀ ਪਾਰਦਰਸ਼ਿਤਾ ਸਬੰਧੀ ਮੇਰੇ ਮਨ ਦੇ ਸਾਰੇ ਸ਼ਿਕਵੇ ਦੂਰ ਹੋ ਜਾਣ।
ਪਰ ਉਸ ਸੰਸਥਾ ਨੇ ਆਰ. ਟੀ. ਆਈ. ਦੇ ਜੁਆਬ ਵਿੱਚ ਮੈਨੂੰ ਅਸਲ ਜਾਣਕਾਰੀ ਤੋਂ ਭਟਕਾਉਣ ਤੇ ਉਲਝਾਉਣ ਵਾਸਤੇ ਕਿਸੇ ਹੋਰ ਮੁਲਾਜ਼ਮ ਵੱਲੋਂ ਕੀਤੇ ਕੋਰਟ ਕੇਸ ਦੀ ਜਜਮੈਂਟ ਦਾ ਪੁਲੰਦਾ ਭੇਜ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ। ਦਰੁਸਤ ਤੇ ਪੂਰੀ ਸੂਚਨਾ ਭੇਜਣ ਦੀ ਬਜਾਇ ਜਾਣਕਾਰੀ ਨੂੰ ਅੱਧੇ-ਅਧੂਰੇ ਢੰਗ ਨਾਲ ਭੇਜਣਾ ਦਫਤਰ/ਵਿਭਾਗ/ਸੰਸਥਾ ਤੇ ਸਿਸਟਮ ਦੀਆਂ ਤਰੁੱਟੀਆਂ ਨੂੰ ਪ੍ਰਤੱਖ ਰੂਪ ਵਿੱਚ ਜ਼ਾਹਿਰ ਕਰਦਾ ਸੀ। ਹੁਣ ਮੈਨੂੰ ਮੋਏ ਭਰਾ ਦੀ ਸਿਸਟਮ ਵਾਲੀ ਗੱਲ ਸਮਝ ਆ ਗਈ। ਮੈਂ ਹੋਰ ਕਿਸੇ ਪ੍ਰਕਾਰ ਦੀ ਅਗਲੇਰੀ ਕਾਰਵਾਈ ਨਹੀਂ ਸੀ ਕਰਨਾ ਚਾਹੁੰਦਾ। ਕਿਉ ਜੋ ਅਜਿਹਾ ਵਰਤਾਰਾ ਕਿਸੇ ਇੱਕ ਸੰਸਥਾ ਜਾਂ ਵਿਭਾਗ¿; ਤੱਕ ਹੀ ਸੀਮਤ ਨਹੀਂ।
ਰਿਜ਼ਰਵ ਅਸਾਮੀਆਂ ਦੇ ਬਣੇ ਰੋਸਟਰ ਨੁਕਤਿਆਂ ਨੂੰ ਅਦਾਲਤੀ ਕੇਸਾਂ ਦੀ ਆੜ ਤਹਿਤ ਪੱਖਪਾਤੀ ਦਿ੍ਰਸ਼ਟੀਕੋਣਾਂ ਨਾਲ ਲਾਗੂ ਕਰਨਾ, ਅਸਰ-ਰਸੂਖ ਨਾਲ ਇੰਨ੍ਹਾਂ ਮੁਲਾਜਮਾਂ ਨੂੰ ਸੰਵਿਧਾਨਕ ਹੱਕਾਂ ਤੋਂ ਵਾਂਝੇ ਰੱਖਣਾ, ਸਰਕਾਰੀ ਤੰਤਰ ਵਿੱਚ ਰਾਖਵੀਆਂ ਸ਼੍ਰੇਣੀਆਂ ਦੇ ਹੱਕਾਂ ਨੂੰ ਮਹਿਫੂਜ ਰੱਖਣ ਵਾਲੇ ਕਮਿਸ਼ਨਾਂ ਦੀ ਮੱਠੀ ਕਾਰਗੁਜ਼ਾਰੀ, ਸਬੰਧਤ ਮੁਲਾਜਮਾਂ ਦੀਆਂ ਜਥੇਬੰਦੀਆਂ ਵਿੱਚ ਅਜਿਹੀਆਂ ਵਧੀਕੀਆਂ ਖਿਲਾਫ ਰੋਹ ਭਰਪੂਰ, ਪ੍ਰਚੰਡ ਸੰਘਰਸ਼ਾਂ ਤੇ ਘੋਲਾਂ ਦੀ ਗੈਰ-ਮੌਜੂਦਗੀ ਤੋਂ ਇਲਾਵਾ ਸਭ ਤੋਂ ਵਿਸ਼ੇਸ਼ ਅਤੇ ਅਹਿਮ ਗੱਲ ਸਮੇਂ ਦੀਆਂ ਸਰਕਾਰਾਂ ਦਾ ਅਜਿਹੇੇ ਮੁੱਦਿਆਂ ਪ੍ਰਤੀ ਸੰਜੀਦਾ ਨਾ ਹੋਣਾ ਹੀ ਹੈ।
ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹਾਦਤ ਦੇ ਮੁਜੱਸਮੇ ਭਗਤ ਸਿੰਘ ਨੂੰ ਆਦਰਸ਼ ਮੰਨਣ ਵਾਲੀ ਮੌਜੂਦਾ ਸਰਕਾਰ ਦਾ ਫਰਜ ਬਣਦਾ ਹੈ ਕਿ ਰਾਖਵੀਆਂ ਕੈਟਾਗਿਰੀਆਂ ਦੇ ਹੱਕਾਂ ਨੂੰ ਮਹਿਫੂਜ ਰੱਖਣ ਹਿੱਤ ਸੰਜੀਦਗੀ ਅਤੇ ਗੰਭੀਰਤਾ ਬਰਕਰਾਰ ਰੱਖੀ ਜਾਵੇ ਤਾਂ ਜੋ ਕਿ ਇੰਨ੍ਹਾਂ ਸ਼੍ਰੇਣੀਆਂ ਦੇ ਮੁਲਾਜਮਾਂ ਨੂੰ ਉਨ੍ਹਾਂ ਦੇ ਬਣਦੇ ਸੰਵਿਧਾਨਕ ਹੱਕ ਮਿਲਦੇ ਰਹਿਣ ਅਤੇ ਸਿਸਟਮ ਵਿੱਚ ਹਾਂ-ਪੱਖੀ ਸੁਧਾਰ ਹੋਵੇ।
ਮੋ. 95308-20106
ਮਾ. ਹਰਭਿੰਦਰ ਮੁੱਲਾਂਪੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ