ਵੰਡ ਦਾ ਦਰਦ: 75 ਸਾਲਾਂ ਮਗਰੋਂ ਘਰ ਦੇ ਜੀਆਂ ਨੂੰ ਮਿਲੀ ਮੁਮਤਾਜ਼

muslim paivar

ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੁਮਤਾਜ਼ ਨੇ ਆਪਣੇ ਭਰਾਵਾਂ ਨੂੰ ਪਾਈ ਗਲਵੱਕੜੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਭਾਈਚਾਰਕ ਸਾਂਝ ਨੂੰ ਹੋਰ ਪਕੇਰੀ ਕਰਨ ਦਾ ਜ਼ਰੀਆ ਬਣ ਰਿਹਾ ਹੈ, ਉੱਥੇ ਹੀ ਵਿੱਛੜੇ ਹੋਏ ਰਿਸ਼ਤਿਆਂ ਨੂੰ ਵੀ ਇੱਕ ਕਰਨ ਵਿੱਚ ਸਹਾਈ ਹੋ ਰਿਹਾ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ 75 ਸਾਲਾਂ ਬਾਅਦ ਵਿੱਛੜੇ ਹੋਏ ਭੈਣ-ਭਰਾਵਾਂ ਨੂੰ ਮਿਲਾਇਆ ਹੈ। ਮੁਲਕ ਦੀ ਵੰਡ ਮੌਕੇ ਢਾਈ ਸਾਲਾਂ ਦੀ ਤੇਜ਼ ਕੌਰ, ਜੋ ਕਿ ਪਾਕਿਸਤਾਨ ਵਿੱਚ ਮੁਮਤਾਜ ਦੇ ਨਾਂਅ ਹੇਠ ਰਹਿ ਰਹੀ ਸੀ, ਦਾ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ’ਚ ਰਹਿ ਰਹੇ ਆਪਣੇ ਭਰਾਵਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੇਲ ਮਿਲਾਪ ਹੋਇਆ ਹੈ। ਉਂਜ ਇਸ ਵਿੱਛੜੇ ਪਰਿਵਾਰ ਨੂੰ ਮਿਲਾਉਣ ਵਿੱਚ ਸੋਸ਼ਲ ਮੀਡੀਆ ਦਾ ਵੀ ਅਹਿਮ ਯੋਗਦਾਨ ਰਿਹਾ ਹੈ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਵੰਡ ਤੋਂ ਪਹਿਲਾਂ ਪਿੰਡ ਸੇਖਵਾਂ ਵਿਖੇ ਪਾਲਾ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ 1947 ਦੀ ਵੰਡ ਦੌਰਾਨ ਪਾਲਾ ਸਿੰਘ ਅਤੇ ਉਸ ਦਾ ਪੁੱਤਰ ਇੱਧਰ ਭਾਰਤ ਆ ਗਿਆ, ਜਦੋਂਕਿ ਉਸ ਦੀ ਪਤਨੀ ਅਤੇ ਬੇਟੀ ਪਾਕਿਸਤਾਨ ਵਿੱਚ ਹੀ ਰੁਲ ਗਏ। ਕੁਝ ਸਮੇਂ ਬਾਅਦ ਪਾਲਾ ਸਿੰਘ ਵੱਲੋਂ ਉਨ੍ਹਾਂ ਨੂੰ ਭਾਲਣ ਦਾ ਯਤਨ ਵੀ ਕੀਤਾ ਪਰ ਪਤਾ ਲੱਗਾ ਕਿ ਉਸ ਦੀ ਪਤਨੀ ਤਾਂ ਮਰ ਗਈ ਹੈ ਅਤੇ ਧੀ ਨਾ ਮਿਲੀ। ਇੱਧਰ ਅੰਮਿ੍ਰਤਸਰ ਵਿਖੇ ਉਸਦੇ ਨਾਲ ਆਇਆ ਪੁੱਤਰ ਵੀ ਖੂਹ ਵਿੱਚ ਡਿੱਗ ਕੇ ਮਰ ਗਿਆ।

ਢਾਈ ਸਾਲ ਦੀ ਤੇਜ ਕੌਰ ਨੂੰ ਮੁਸਲਿਮ ਪਰਿਵਾਰ ਨੇ ਪਾਲਿਆ

ਇਸ ਤੋਂ ਬਾਅਦ ਪਾਲਾ ਸਿੰਘ ਵੱਲੋਂ ਆਪਣੀ ਪਤਨੀ ਦੀ ਭੈਣ ਨਾਲ ਵਿਆਹ ਕਰਵਾ ਲਿਆ ਅਤੇ ਉੁਸ ਦੇ ਪੁੱਤਰ ਗੁਰਮੁੱਖ ਸਿੰਘ , ਬਲਦੇਵ ਸਿੰਘ, ਰਘਬੀਰ ਸਿੰਘ ਅਤੇ ਇੱਕ ਲੜਕੀ ਪੈਦਾ ਹੋਈ। ਇੱਥੇ ਸ਼ੁਤਰਾਣਾ ਵਿਖੇ ਰਹਿ ਰਹੇ ਗੁਰਮੁੱਖ ਸਿੰਘ ਨੇ ਦੱਸਿਆ ਉਸ ਸਮੇਂ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਜਲੰਧਰ ਦੇ ਕੋਲ ਪਿੰਡ ਜੰਡੂ ਸਿੰਘ ਵਾਲਾ ਵਿਖੇ ਜ਼ਮੀਨ ਅਲਾਟ ਕਰ ਦਿੱਤੀ। ਇਸ ਤੋਂ ਬਾਅਦ 1957 ਵਿੱਚ ਉਹ ਜ਼ਮੀਨ ਵੇਚ ਕੇ ਇੱਥੇ ਸ਼ੁਤਰਾਣਾ ਵਿਖੇ ਰਹਿਣ ਲੱਗ ਪਏ।

ਗੁਰਮੁੱਖ ਸਿੰਘ ਨੇ ਦੱਸਿਆ ਕਿ ਉਸ ਦੇ ਪੋਤੇ ਵੱਲੋਂ ਸਾਡਾ ਪਿਛਲਾ ਪਿੰਡ ਸੇਖਵਾਂ ਜੋ ਕਿ ਪਾਕਿਸਤਾਨ ’ਚ ਸੀ, ਬਾਰੇ ਪੁੱਛਿਆ। ਉਸਦੇ ਪੋਤੇ ਨੇ ਸੋਸ਼ਲ ਮੀਡੀਆ ’ਤੇ ਪਾਕਿਸਤਾਨ ਦੇ ਪਿੰਡ ਸੇਖਵਾਂ ਬਾਰੇ ਸਰਚ ਕੀਤਾ ਅਤੇ ਇਸੇ ਦੌਰਾਨ ਉੱਥੇ ਇੱਕ ਦੁਕਾਨ ’ਤੇ ਨੰਬਰ ਲਿਖਿਆ ਹੋਇਆ ਮਿਲਿਆ। ਉਨ੍ਹਾਂ ਵੱਲੋਂ ਜਦੋਂ ਉਕਤ ਨੰਬਰ ’ਤੇ ਗੱਲਬਾਤ ਕੀਤੀ ਅਤੇ ਆਪਣੇ ਬਾਰੇ ਦੱਸਿਆ ਤਾਂ ਉਸ ਵਿਅਕਤੀ ਨੇ ਕਿਹਾ ਕਿ ਉਹ ਪਾਲਾ ਸਿੰਘ ਨੂੰ ਜਾਣਦਾ ਸੀ। ਉਸਨੇ ਦੱਸਿਆ ਕਿ ਉਸ ਦੀ ਪਤਨੀ ਦੀ ਤਾਂ ਮੌਤ ਹੋ ਗਈ ਸੀ ਪਰ ਉਸ ਦੀ ਬੇਟੀ ਨੂੰ ਉਹ ਜਾਣਦਾ ਹੈ। ਉਸ ਨੂੰ ਇੱਕ ਮੁਸਲਮਾਨ ਪਰਿਵਾਰ ਨੇ ਪਾਲਿਆ ਹੈ, ਜਿਸ ਦੇ ਪਹਿਲਾਂ ਹੀ ਛੇ ਧੀਆਂ ਸਨ। ਉਸ ਦਾ ਨਾਂਅ ਉਨ੍ਹਾਂ ਮੁਮਤਾਜ ਰੱਖਿਆ ਹੋਇਆ ਹੈ ਅਤੇ ਉਹ ਵਿਆਹੀ ਹੋਈ ਹੈ।

ਗੁਰਮੁੱਖ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਸਾਡੀ ਭੈਣ ਕੋਲ ਪੁੱਜਿਆ, ਜਿਹੜੇ ਪਿੰਡ ਉਹ ਵਿਆਹੀ ਹੋਈ ਸੀ। ਉਸ ਨੇ ਸਾਡੇ ਨਾਲ ਗੱਲਬਾਤ ਕਰਵਾਈ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਰੋਜਾਨਾ ਹੀ ਵੀਡੀਓ ਕਾਲ ’ਤੇ ਗੱਲਬਾਤ ਹੋਣ ਲੱਗੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੀ ਉਨ੍ਹਾਂ ਦੇ ਪਰਿਵਾਰ ਦੇ 17 ਜੀਅ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਉੱਥੇ ਉਨ੍ਹਾਂ ਦੀ ਭੈਣ ਤੇਜ ਕੌਰ, ਜਿਸਦਾ ਕਿ ਹੁਣ ਨਾਂਅ ਮੁਮਤਾਜ ਹੈ, ਨੂੰ 75 ਸਾਲਾਂ ਬਾਅਦ ਮਿਲਕੇ ਆਏ ਹਨ। ਇਸ ਦੌਰਾਨ ਉਨ੍ਹਾਂ ਦੀ ਭੈਣ ਖੁਸ਼ੀ ਵਿੱਚ ਭੁੱਬਾਂ ਮਾਰ ਕੇ ਰੋਈ ਅਤੇ ਉਸਦੇ ਬੱਚੇ ਅਤੇ ਸਾਡੇ ਬੱਚੇ ਵੀ ਇੱਕ-ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਨ੍ਹਾਂ ਨੇ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕੀਤੇ ਅਤੇ ਉੱਥੇ ਹੀ ਆਪਣੀ ਵਿੱਛੜੀ ਭੈਣ ਨਾਲ ਵੀ ਮਿਲੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ