25 ਫਰਵਰੀ ਨੂੰ ਅਮਰੀਕਾ ਦੀ ਵਿੱਤੀ ਖੋਜ ਕੰਪਨੀ ਹਿੰਡਨਬਰਗ (Hindenburg) ਨੇ ਜਿਵੇਂ ਹੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ ਵੱਲੋਂ ਕੀਤੇ ਜਾ ਰਹੇ ਕਥਿਤ ਘੁਟਾਲਿਆਂ ਬਾਰੇ 413 ਪੇਜ਼ਾਂ ਦੀ ਇੱਕ ਵਿਸਥਾਰਿਤ ਰਿਪੋਰਟ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ, ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ ਧੜਾਧੜ ਥੱਲੇ ਨੂੰ ਆਉਣ ਲੱਗ ਪਈ। ਕੁਝ ਹੀ ਦਿਨਾਂ ’ਚ ਗੌਤਮ ਅਡਾਨੀ ਸੰਸਾਰ ਦੇ ਦੂਸਰੇ ਅਮੀਰ ਆਦਮੀ ਦੀ ਪਦਵੀ ਤੋਂ ਡਿੱਗ ਕੇ ਦਸਵੇਂ ਸਥਾਨ ’ਤੇ ਪਹੁੰਚ ਗਏ।
ਆਖਰ ਕੌਣ ਹੈ ਇਹ ਹਿੰਡਨਬਰਗ ਕੰਪਨੀ (Hindenburg), ਜਿਸ ਦੀਆਂ ਖੋਜੀ ਰਿਪੋਰਟਾਂ ਨੂੰ ਵਿਸ਼ਵ ਪੱਧਰ ’ਤੇ ਐਨੀ ਤਵੱਜੋ ਤੇ ਵਿਸ਼ਵਾਸ਼ ਹਾਸਲ ਹੈ ਕਿ ਉਨ੍ਹਾਂ ਨੂੰ ਪੱਥਰ ’ਤੇ ਲਕੀਰ ਮੰਨ ਲਿਆ ਜਾਂਦਾ ਹੈ। ਹਿੰਡਨਬਰਗ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕੰਮ ਕਰ ਰਹੀ ਇੱਕ ਵਿੱਤੀ ਖੋਜ ਕੰਪਨੀ ਹੈ ਜੋ ਵਿਸ਼ਵ ਪੱਧਰ ਦੀਆਂ ਖਰਬਪਤੀ ਕੰਪਨੀਆਂ ਦੇ ਕਾਰ-ਵਿਹਾਰ, ਗੁਪਤ ਖਾਤੇ ਅਤੇ ਭਿ੍ਰਸ਼ਟ ਲੈਣ-ਦੇਣ ਆਦਿ ਬਾਰੇ ਬਰੀਕੀ ਤੇ ਵਿਸਥਾਰ ਨਾਲ ਖੋਜ ਪੜਤਾਲ ਕਰਕੇ ਉਨ੍ਹਾਂ ਵੱਲੋਂ ਸਰਕਾਰ, ਨਿਵੇਸ਼ਕਾਂ ਤੇ ਗ੍ਰਾਹਕਾਂ ਨਾਲ ਕੀਤੇ ਜਾ ਰਹੇ ਧੋਖੇ ਤੇ ਵਿੱਤੀ ਘਪਲਿਆਂ ਨੂੰ ਸਾਹਮਣੇ ਲਿਆਉਂਦੀ ਹੈ। ਇਸ ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਐਨੀ ਸਟੀਕਤਾ ਤੇ ਸਖਤ ਪੁਣ-ਛਾਣ ਤੋਂ ਬਾਅਦ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਅੱਜ ਤੱਕ ਕਿਸੇ ਕੰਪਨੀ ਨੇ ਇਨ੍ਹਾਂ ਦੇ ਖਿਲਾਫ ਅਦਾਲਤ ਵਿੱਚ ਜਾਣ ਦੀ ਹਿੰਮਤ ਨਹੀਂ ਕੀਤੀ, ਤੇ ਜੇ ਕਿਸੇ ਨੇ ਕੀਤੀ ਵੀ ਤਾਂ ਉਸ ਦੇ ਅਨੇਕਾਂ ਹੋਰ ਪੋਲ ਖੁੱਲ੍ਹ ਗਏ ਹਨ।
ਕੋਈ ਨਾਂਅ ਤੱਕ ਨਹੀਂ ਸੀ ਜਾਣਦਾ | Hindenburg
ਕੁਝ ਚਿਰ ਪਹਿਲਾਂ ਤੱਕ ਭਾਰਤ ’ਚ ਕੋਈ ਹਿੰਡਨਬਰਗ ਤੇ ਉਸ ਦੇ ਮਾਲਕ ਨੇਥਨ ਐਂਡਰਸਨ ਦਾ ਨਾਂਅ ਤੱਕ ਨਹੀਂ ਸੀ ਜਾਣਦਾ। ਨੇਥਨ ਐਂਡਰਸਨ ਦਾ ਜਨਮ ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਸ਼ਹਿਰ ਹਾਰਟਫੋਰਡ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਇਜ਼ਰਾਈਲ ਚਲਾ ਗਿਆ ਤੇ ਕੁਝ ਸਾਲਾਂ ਤੱਕ ਯੇਰੂਸ਼ਲਮ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਐਂਬੂਲੈਂਸ ਚਲਾਉਂਦਾ ਰਿਹਾ। ਉੱਥੋਂ ਵਾਪਸ ਆ ਕੇ ਉਸ ਨੇ ਯੂਨੀਵਰਸਿਟੀ ਆਫ ਕਨੈਕਟੀਕਟ ਤੋਂ ਇੰਟਰਨੈਸ਼ਨਲ ਬਿਜ਼ਨਸ ਵਿੱਚ ਡਿਗਰੀ ਹਾਸਲ ਕੀਤੀ ਤੇ ਇੱਕ ਵਿੱਤੀ ਖੋਜ ਕੰਪਨੀ ਫੈਕਟਸੈਟ ਵਿੱਚ ਬਤੌਰ ਡਾਟਾ ਐਨੀਲੈਸਟ ਨੌਕਰੀ ਸ਼ੁਰੂ ਕਰ ਦਿੱਤੀ।
ਇਹ ਕੰਪਨੀ ਵੀ ਛੋਟੇ ਪੱਧਰ ’ਤੇ ਵਿੱਤੀ ਘੁਟਾਲਿਆਂ ਦੀ ਖੋਜਬੀਨ ਦਾ ਕੰਮ ਕਰਦੀ ਸੀ। ਇੱਥੇ ਕੰਮ ਕਰਦੇ ਸਮੇਂ ਉਸ ਨੂੰ ਅਪਾਰ ਤਜ਼ਰਬਾ ਹਾਸਲ ਹੋਇਆ ਤੇ ਉਸ ਦਾ ਮਨ ਇਸ ਕੰਮ ਵਿੱਚ ਪੂਰੀ ਤਰ੍ਹਾਂ ਖੁਭ ਗਿਆ। ਇਸ ਕੰਪਨੀ ’ਚ ਛੇ ਸਾਲ ਕੰਮ ਕਰਨ ਤੋਂ ਬਾਅਦ ਉਸ ਨੇ 2017 ’ਚ ਆਪਣੀ ਵੱਖ ਕੰਪਨੀ ਖੋਲ੍ਹ ਲਈ ਤੇ ਜਲਦੀ ਹੀ ਅਮਰੀਕੀ ਬਿਜ਼ਨਸ ਸੰਸਾਰ ਵਿੱਚ ਇੱਕ ਵੱਡਾ ਨਾਂਅ ਬਣ ਗਿਆ। ਹੈਰਾਨੀ ਦੀ ਗੱਲ ਹੈ ਕਿ ਉਸ ਦੀ ਕੰਪਨੀ ਵਿੱਚ ਉਸ ਸਮੇਤ ਸਿਰਫ ਦਸ ਕਰਮਚਾਰੀ ਕੰਮ ਕਰਦੇ ਹਨ ਤੇ ਇਹ ਇੱਕ ਕਮਰੇ ਦੇ ਦਫਤਰ ਤੋਂ ਆਪਣਾ ਸਾਰਾ ਕੰਮ-ਕਾਜ ਚਲਾਉਂਦੀ ਹੈ।
ਹਾਈਡ੍ਰੋਜਨ ਗੈਸ ਨੂੰ ਅੱਗ ਲੱਗ ਜਾਣ ਕਾਰਨ ਹੋਇਆ ਸੀ ਤਬਾਹ
ਉਸ ਨੇ ਆਪਣੀ ਕੰਪਨੀ ਦਾ ਨਾਂਅ ਹਾਈਡ੍ਰੋਜਨ ਗੈਸ ਦੇ ਵਿਸ਼ਾਲ ਗੁਬਾਰੇ ਦੀ ਮੱਦਦ ਨਾਲ ਉੱਡਣ ਵਾਲੇ ਜਰਮਨੀ ਨਿਰਮਿਤ ਹਿੰਡਨਬਰਗ (Hindenburg) ਏਅਰਸ਼ਿਪ ਦੇ ਨਾਂਅ ’ਤੇ ਰੱਖਿਆ ਹੈ ਜੋ 6 ਮਈ 1937 ਨੂੰ ਅਮਰੀਕਾ ਦੇ ਮਾਨਚੈਸਟਰ ਸ਼ਹਿਰ (ਨਿਊ ਜਰਸੀ ਸਟੇਟ) ਦੇ ਨੇਵਲ ਏਅਰਪੋਰਟ ’ਤੇ ਉੱਤਰਦੇ ਸਮੇਂ ਹਾਈਡ੍ਰੋਜਨ ਗੈਸ ਨੂੰ ਅੱਗ ਲੱਗ ਜਾਣ ਕਾਰਨ ਤਬਾਹ ਹੋ ਗਿਆ ਸੀ। ਇਸ ਹਾਦਸੇ ਕਾਰਨ 35 ਯਾਤਰੀ ਮਾਰੇ ਗਏ ਸਨ ਤੇ 45 ਦੇ ਕਰੀਬ ਜ਼ਖਮੀ ਹੋਏ ਸਨ। ਬਾਅਦ ਵਿੱਚ ਹੋਈ ਜਾਂਚ-ਪੜਤਾਲ ਵਿੱਚ ਇਹ ਹਾਦਸਾ ਪੂਰੀ ਤਰ੍ਹਾਂ ਇਨਸਾਨੀ ਅਣਗਹਿਲੀ ਕਾਰਨ ਹੋਇਆ ਪਾਇਆ ਗਿਆ ਸੀ। ਨੇਥਨ ਦਾ ਕਹਿਣਾ ਹੈ ਕਿ ਧੋਖੇਬਾਜ਼ ਕੰਪਨੀਆਂ ਵੀ ਨਿਵੇਸ਼ਕਾਂ ਨੂੰ ਠੱਗਣ ਲਈ ਹਿੰਡਨਬਰਗ ਵਰਗੇ ਵਿਸ਼ਾਲ ਤੇ ਝੂਠੇ ਸੁਪਨੇ ਵਿਖਾਉਂਦੀਆਂ ਹਨ ਜੋ ਬਾਅਦ ਵਿੱਚ ਹਿੰਡਨਬਰਗ ਵਾਂਗ ਫਟ ਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਸਵਾਹ ਕਰ ਦਿੰਦੇ ਹਨ ਤੇ ਕੰਪਨੀਆਂ ਕਾਨੂੰਨੀ ਦਾਅ-ਪੇਚਾਂ ਦਾ ਸਹਾਰਾ ਲੈ ਕੇ ਸਾਫ ਬਚ ਨਿੱਕਲਦੀਆਂ ਹਨ।
ਹਾਈਡ੍ਰੋਜ਼ਨ ਅਤੇ ਇਲੈਕਟਿ੍ਰਕ ਫਿਊਲ ਸੈੱਲ ਦੁਆਰਾ ਚੱਲਣ ਵਾਲੀਆਂ ਜ਼ੀਰੋ ਪ੍ਰਦੂਸ਼ਣ ਗੱਡੀਆਂ
ਹਿੰਡਨਬਰਗ ਕੰਪਨੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਧੀਰਜ ਵਾਲਾ ਤੇ ਅਤਿ ਆਧੁਨਿਕ ਹੈ। ਜਿਸ ਸ਼ੱਕੀ ਕੰਪਨੀ ਦੀ ਉਸ ਨੇ ਜਾਂਚ ਕਰਨੀ ਹੋਵੇ, ਉਸ ਨੂੰ ਪਤਾ ਲੱਗੇ ਬਗੈਰ ਬਹੁਤ ਹੀ ਗੁੱਪ-ਚੁੱਪ ਤਰੀਕੇ ਉਸ ਦੇ ਵਹੀ-ਖਾਤੇ ਅਤੇ ਕੰਮ ਕਰਨ ਦੇ ਤਰੀਕਿਆਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਕੰਮ ਵਿੱਚ ਇਸ ਦੀ ਸਭ ਤੋਂ ਵੱਧ ਮੱਦਦ ਖੋਜੀ ਪੱਤਰਕਾਰ, ਕੰਪਨੀ ਤੋਂ ਨਰਾਜ਼ ਤੇ ਬਰਤਰਫ ਕੀਤੇ ਹੋਏ ਕਰਮਚਾਰੀ ਅਤੇ ਹੋਰ ਘਰ ਦੇ ਭੇਤੀ ਕਰਦੇ ਹਨ। ਅਡਾਨੀ ਗਰੁੱਪ ਬਾਰੇ ਹਿੰਡਨਗਰਗ ਦਾ ਦਾਅਵਾ ਹੈ ਕਿ ਉਸ ਦੀ ਜਾਂਚ-ਪੜਤਾਲ ਵਾਸਤੇ ਉਸ ਨੇ ਤਿੰਨ ਸਾਲ ਖਰਚ ਕੀਤੇ ਹਨ। ਅਡਾਨੀ ਗਰੱੁਪ ਤੋਂ ਇਲਾਵਾ ਉਸ ਦੀਆਂ ਸਭ ਤੋਂ ਪ੍ਰਸਿੱਧ ਵਿੱਤੀ ਬੇਨਿਯਮੀ ਖੋਜਾਂ ਵਿੱਚ ਬਿਜਲਈ ਗੱਡੀਆਂ ਬਣਾਉਣ ਵਾਲੀ ਨਿਕੋਲਾ ਕੰਪਨੀ ਤੇ ਦਵਾਈਆਂ ਬਣਾਉਣ ਵਾਲੀ ਕਲੋਵ ਹੈਲਥ ਕੰਪਨੀ ਸ਼ਾਮਲ ਹੈ। (Hindenburg)
ਨਿਕੋਲਾ ਕੰਪਨੀ ਦਾਅਵਾ ਕਰਦੀ ਸੀ ਕਿ ਉਹ ਹਾਈਡ੍ਰੋਜ਼ਨ ਅਤੇ ਇਲੈਕਟਿ੍ਰਕ ਫਿਊਲ ਸੈੱਲ ਦੁਆਰਾ ਚੱਲਣ ਵਾਲੀਆਂ ਜ਼ੀਰੋ ਪ੍ਰਦੂਸ਼ਣ ਗੱਡੀਆਂ ਤਿਆਰ ਕਰਦੀ ਹੈ। ਉਸ ਬਾਰੇ ਡੂੰਘਾਈ ਨਾਲ ਜਾਂਚ-ਪੜਤਾਲ ਕਰ ਕੇ ਹਿੰਡਨਬਰਗ ਨੇ ਸਤੰਬਰ 2020 ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਕਿ ਨਿਕੋਲਾ ਕੰਪਨੀ ਇੱਕ ਬਹੁਤ ਵੱਡੇ ਫਰਾਡ ਤੋਂ ਇਲਾਵਾ ਕੁਝ ਨਹੀਂ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਿਕੋਲਾ ਕੰਪਨੀ ਲਗਾਤਾਰ ਨਿਵੇਸ਼ਕਾਂ ਤੇ ਸ਼ੇਅਰ ਹੋਲਡਰਾਂ ਨੂੰ ਧੋਖਾ ਦੇ ਰਹੀ ਹੈ ਜਿਸ ਵਿੱਚ ਉਸ ਦਾ ਚੇਅਰਮੈਨ ਟਰੈਵਰ ਮਿਲਟਨ ਪੂਰੀ ਤਰ੍ਹਾਂ ਸ਼ਾਮਲ ਹੈ। ਇਸ ਰਿਪੋਰਟ ਦੇ ਪ੍ਰਕਾਸ਼ਿਤ ਹੁੰਦੇ ਸਾਰ ਨਿਕੋਲਾ ਦੇ ਸ਼ੇਅਰ 40% ਤੱਕ ਡਿੱਗ ਪਏ ਤੇ ਉਸ ਦੇ ਖਿਲਾਫ ਅਮਰੀਕੀ ਨਿਆਂ ਵਿਭਾਗ ਦੀ ਜਾਂਚ-ਪੜਤਾਲ ਖੱੁਲ੍ਹ ਗਈ। ਪਹਿਲਾਂ ਤਾਂ ਚੇਅਰਮੈਨ ਨੇ ਕਾਫੀ ਰੌਲਾ ਗੌਲਾ ਪਾਇਆ ਪਰ ਬਾਅਦ ਵਿੱਚ ਉਸ ਨੇ ਆਪਣਾ ਗੁਨਾਹ ਮੰਨ ਲਿਆ ਤੇ ਚੇਅਰਮੈਨ ਦੀ ਪਦਵੀ ਤੋਂ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ : ਰੌਸ਼ਨੀ ਪ੍ਰਦੂਸ਼ਣ ਖੋਹ ਰਿਹੈ ਕੁਦਰਤੀ ਰਾਤ ਦਾ ਨਜ਼ਾਰਾ
ਫਰਵਰੀ 2021 ਵਿੱਚ ਹਿੰਡਨਬਰਗ ਨੇ ਹੈਲਥਕੇਅਰ ਕੰਪਨੀ ਕਲੋਵਰ ਹੈਲਥ ਦੇ ਖਿਲਾਫ ਰਿਪੋਰਟ ਜਾਰੀ ਕੀਤੀ ਸੀ ਕਿ ਉਸ ਨੇ ਆਪਣੇ ਨਿਵੇਸ਼ਕਾਂ ਤੋਂ ਇਹ ਗੱਲ ਲੁਕਾ ਕੇ ਧੋਖਾ ਦਿੱਤਾ ਹੈ ਕਿ ਉਸ ਦੇ ਖਿਲਾਫ ਅਮਰੀਕਾ ਦੇ ਵਣਜ ਵਿਭਾਗ ਵੱਲੋਂ ਵਿੱਤੀ ਬੇਨਿਯਮੀਆਂ ਦੀ ਜਾਂਚ-ਪੜਤਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਇਸ ਕੰਪਨੀ ਦੀਆਂ ਹੋਰ ਵੀ ਅਨੇਕਾਂ ਗੜਬੜੀਆਂ ਨੂੰ ਸਾਹਮਣੇ ਲਿਆਂਦਾ ਜਿਸ ਕਾਰਨ ਇਹ ਕੰਪਨੀ ਵੀ ਰਾਤੋ-ਰਾਤ ਬਰਬਾਦੀ ਦੇ ਕੰਢੇ ਪਹੁੰਚ ਗਈ। ਇਸ ਤੋਂ ਇਲਾਵਾ ਉਹ ਡਰਾਫਕਿੰਗ, ਆਰਮਟ ਟੈਕਨਾਲੋਜੀ, ਮੁੱਲਾਨ, ਚੀਨੀ ਕੰਪਨੀ ਬਲਾਕਚੇਨ ਤੇ ਕਿ੍ਰਪਟੋ ਕਰੰਸੀ ਐਸ. ਓ. ਐਸ. ਆਦਿ ਦੇ ਖਿਲਾਫ ਜਾਂਚ-ਪੜਤਾਲ ਕਰ ਚੁੱਕੀ ਹੈ ਜੋ ਹਰ ਵਾਰ ਸਹੀ ਪਾਈ ਗਈ।
ਹਿੰਡਨਬਰਗ ਇਹ ਕੰਮ ਕੋਈ ਸਮਾਜ ਸੇਵਾ ਲਈ ਜਾਂ ਮੁਫਤ ਵਿੱਚ ਨਹੀਂ ਕਰਦਾ।
ਜਦੋਂ ਉਹ ਕਿਸੇ ਕੰਪਨੀ ਦੀਆਂ ਵਿੱਤੀ ਗੜਬੜੀਆਂ ਸਾਹਮਣੇ ਲਿਆਉਂਦਾ ਹੈ ਤਾਂ ਇੱਕ ਜਾਸੂਸੀ ਕੰਪਨੀ ਵਜੋਂ ਕੰਮ ਕਰਦਾ ਹੈ। ਕਈ ਵਾਰ ਨਿਵੇਸ਼ਕ ਉਸ ਨੂੰ ਇਹ ਕੰਮ ਕਰਨ ਲਈ ਕਹਿੰਦੇ ਹਨ ਤਾਂ ਜੋ ਉਹ ਕਿਸੇ ਖਾਸ ਕੰਪਨੀ ਵਿੱਚ ਪੈਸਾ ਲਾਉਣ ਜਾਂ ਨਾ। ਇਸ ਕੰਮ ਦੀ ਉਹ ਮੋਟੀ ਫੀਸ ਵਸੂਲਦਾ ਹੈ। ਇਸ ਤੋਂ ਇਲਾਵਾ ਕਿਸੇ ਕੰਪਨੀ ਦੀ ਗੜਬੜੀ ਸਾਹਮਣੇ ਲਿਆਉਣ ’ਤੇ ਉਸ ਨੂੰ ਅਮਰੀਕੀ ਵਿੱਤ ਵਿਭਾਗ ਵੱਲੋਂ ਮੋਟੀ ਰਾਸ਼ੀ ਕਮਿਸ਼ਨ ਦੇ ਤੌਰ ’ਤੇ ਮਿਲਦੀ ਹੈ। ਅਡਾਨੀ ਤੋਂ ਇਲਾਵਾ ਹਿੰਡਨਬਰਗ ਦੀ ਜਾਂਚ-ਪੜਤਾਲ ਕਾਰਨ ਵਿੰਨਜ਼ ਫਾਈਨਾਂਸ, ਜੀਨੀਅਸ ਬਰਾਂਡ, ਚਾਈਨਾ ਮੈਟਲ ਕੰਪਨੀ, ਪਰੀਡਿਕਟਵ ਟੈਕਨਾਲੋਜੀ ਕੰਪਨੀ ਅਤੇ ਐਚ ਐਫ ਫੂਡ ਨੂੰ ਵੀ ਸ਼ੇਅਰ ਡਿੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਸੀ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ
ਮੋ. 95011-00062