NOTA: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਨੋਟਾ ਨੇ ਹਰਾਇਆ ਸਰਪੰਚ

Nota
ਪਟਿਆਲਾ : ਪਿੰਡ ਬਿਸਨਗੜ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਜਿੱਤੇ ਹੋਏ ਪੰਚਾਂ ਨਾਲ।

ਨੋਟਾ ਨੂੰ 115 ਵੋਟਾਂ ਪਈਆਂ, ਸਰਪੰਚੀ ਦੇ ਉਮੀਦਵਾਰ ਨੂੰ 105 ਵੋਟਾਂ

NOTA: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਸਨਗੜ੍ਹ ਦੇ ਵਸਨੀਕਾਂ ਵੱਲੋਂ ਨਵਾਂ ਇਤਿਹਾਸ ਸਿਰਜ਼ਿਆ ਗਿਆ ਹੈ। ਬਿਸਨਗੜ੍ਹ ਦੇ ਲੋਕਾਂ ਨੇ ਨੋਟਾ ਨੂੰ ਜਿਤਾਇਆ ਹੈ, ਜਦਕਿ ਸਰਪੰਚੀ ਦੇ ਉਮੀਦਵਾਰ ਨੂੰ ਇਸ ਤੋਂ ਘੱਟ ਵੋਟਾਂ ਪਈਆਂ ਹਨ। ਨੋਟਾ ਨੂੰ ਵੱਧ ਵੋਟਾਂ ਪੈਣ ਕਾਰਨ ਇਹ ਪਿੰਡ ਪੰਜਾਬ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਧਰ ਪਿੰਡ ਦੇ ਲੋਕਾਂ ਦੀ ਮੰਗ ਹੈ ਇੱਥੇ ਦੁਬਾਰਾ ਵੋਟਿੰਗ ਕਰਵਾਈ ਜਾਵੇ ਕਿਉਂਕਿ ਸਰਪੰਚ ਨੋਟਾ ਤੋਂ ਹਾਰ ਗਿਆ ਹੈ।

ਇਹ ਵੀ ਪੜ੍ਹੋ: Supreme Court: ਵਧਦੇ ਹਵਾ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ, ਹਰਿਆਣਾ-ਪੰਜਾਬ ਦੇ ਮੁੱਖ ਸਕੱਤਰ ਤਲਬ

ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਬਲਾਕ ਭੁੱਨਰਹੇੜੀ ਦਾ ਪਿੰਡ ਬਿਸਨਗੜ੍ਹ ਜੋ ਜਨਰਲ ਮਹਿਲਾਵਾਂ ਲਈ ਰਾਖਵਾਂ ਸੀ। ਇਸ ਪਿੰਡ ਅੰਦਰ 330 ਦੇ ਲਗਭਗ ਵੋਟਾਂ ਹਨ। ਬੀਤੇ ਕੱਲ੍ਹ ਹੋਈ ਚੋਣ ਦੌਰਾਨ 230 ਦੇ ਲਗਭਗ ਵੋਟਾਂ ਪੋਲ ਹੋਈਆਂ ਹਨ। ਇਸ ਪਿੰਡ ’ਚ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਸਰਪੰਚੀ ਦੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਦੇਰ ਰਾਤ ਆਏ ਚੋਣ ਨਤੀਜ਼ਿਆਂ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੇ ਲੋਕਾਂ ਵੱਲੋਂ 115 ਵੋਟਾਂ ਨੋਟਾ ਨੂੰ ਪਾਈਆਂ ਜਦਕਿ ਸਰਪੰਚੀ ਦੇ ਉਮੀਦਵਾਰ ਮਨਦੀਪ ਕੌਰ ਨੂੰ 105 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਮਨਜੀਤ ਕੌਰ ਨੂੰ 3 ਵੋਟਾਂ ਹਾਸਲ ਹੋਈਆਂ। ਇਸ ਪਿੰਡ ਦੇ ਲੋਕਾਂ ਵੱਲੋਂ ਨੋਟਾ ਨੂੰ ਵੋਟਾਂ ਪਾ ਕੇ ਆਪਣਾ ਗੁੱਸਾ ਕੱਢਿਆ ਗਿਆ ਹੈ।

ਬਿਸ਼ਨਗੜ੍ਹ ਦੇ ਲੋਕਾਂ ਨੇ ਸਰਕਾਰੀ ਧੱਕੇ ਦਾ ਜਵਾਬ ਨੋਟਾ ਨਾਲ ਦਿੱਤਾ: ਅਮਰਜੀਤ ਸਿੰਘ

ਪਿੰਡ ਬਿਸ਼ਨਗੜ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੋਸ਼ ਲਾਇਆ ਕਿ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਰਪੰਚੀ ਦੇ ਉਮੀਦਵਾਰ ਉਸ ਦੀ ਨੂੰਹ ਸੁਮਨਜੀਤ ਕੌਰ ਅਤੇ ਪੁੱਤਰੀ ਸੁੰਦਰਜੀਤ ਕੌਰ ਸਮੇਤ ਰਿੰਪੀ ਪਤਨੀ ਅਵਤਾਰ ਸਿੰਘ ਦੇ ਧੱਕੇ ਨਾਲ ਕਾਗਜ਼ ਰੱਦ ਕਰਵਾ ਦਿੱਤੇ ਸਨ। ਇਸ ਦੇ ਰੋਸ ਵਜੋਂ ਹੀ ਪਿੰਡ ਬਿਸਨਗੜ ਦੇ ਲੋਕਾਂ ਨੇ ਸਰਕਾਰੀ ਜਬਰ ਦਾ ਜਵਾਬ ਨੋਟਾ ਨਾਲ ਦਿੱਤਾ ਹੈ। NOTA

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਅੰਦਰ ਪਰਚੇ ਛਪਵਾ ਦੇ ਲੋਕਾਂ ਨੂੰ ਨੋਟਾ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ ਗਿਆ, ਕਿਉਂਕਿ ਇਹ ਉਮੀਦਵਾਰ ਉਨ੍ਹਾਂ ਨੂੰ ਪ੍ਰਵਾਨ ਨਹੀਂ ਸਨ। ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੰਚ ਰਾਜਵੀਰ ਸਿੰਘ ਅਤੇ ਅਵਤਾਰ ਸਿੰਘ ਸਰਬਸੰਮਤੀ ਨਾਲ ਚੁਣੇ ਗਏ ਜਦਕਿ ਸਖਤ ਮੁਕਾਬਲੇ ਦੌਰਾਨ ਰਵੀ ਸਿੰਘ ਨੇ ਸੱਤਾਧਾਰੀ ਪੰਚ ਕਮਲੇਸ਼ ਕੌਰ ਨੂੰ ਹਰਾਇਆ। ਉਨ੍ਹਾਂ ਕਿਹਾ ਕਿ ਸਾਡੇ ਤਿੰਨ ਸਰਪੰਚੀ ਦੇ ਉਮੀਦਵਾਰਾਂ ਤੇ ਸਾਮਲਾਤ ਜਮੀਨ ਦਾ ਨਾਜਾਇਜ਼ ਕਬਜਾ ਦੱਸ ਕੇ ਝੂਠਾ ਦੋਸ ਲਗਾ ਕੇ ਕਾਗਜ਼ ਰੱਦ ਕਰਵਾ ਦਿੱਤੇ ਸਨ, ਜਦਕਿ ਸੁਮਨਜੀਤ ਕੌਰ, ਸੁੰਦਰਜੀਤ ਕੌਰ ਤੇ ਰਿੰਪੀ ਕੋਲ ਕੋਈ ਵੀ ਨਾਜਾਇਜ਼ ਕਬਜ਼ਾ ਨਹੀ ਹੈ। ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ ਅਤੇ ਐੱਸ.ਡੀ.ਐੱਮ. ਨੂੰ ਅਪੀਲ ਕੀਤੀ ਹੈ ਕਿ ਪਿੰਡ ਬਿਸਨਗੜ ਵਿਖੇ ਦੁਬਾਰਾ ਪੰਚਾਇਤੀ ਦੀ ਚੋਣ ਕਰਵਾਈ ਜਾਵੇ।

ਮਨਦੀਪ ਕੌਰ ਨੂੰ ਸਰਟੀਫਿਕੇਟ ਦਿੱਤਾ: ਆਰਓ

ਇਸ ਸਬੰਧੀ ਜਦੋਂ ਰਿਟਰਨਿੰਗ ਅਫ਼ਸਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦੀ ਪੁਸਟੀ ਕਰਦਿਆਂ ਆਖਿਆ ਕਿ ਇੱਥੇ ਨੋਟਾਂ ਨੂੰ ਵੱਧ ਵੋਟਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਬੰਧਿਤ ਐਸਡੀਐਮ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਗਾਈਡਲਾਇਨ ਅਨੁਸਾਰ ਪੰਚਾਇਤੀ ਵੋਟਾਂ ਵਿੱਚ ਵੱਧ ਵੋਟਾਂ ਵਾਲਾ ਉਮੀਦਵਾਰ ਸਰਪੰਚ ਹੁੰਦਾ ਹੈ। ਇਸ ਲਈ ਉਨ੍ਹਾਂ ਵੱਲੋਂ ਮਨਦੀਪ ਕੌਰ ਨੂੰ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਅੰਦਰ ਨੋਟਾਂ ਨੂੰ ਵੱਧ ਵੋਟਾਂ ਪੈਣ ਦਾ ਜਿਕਰ ਨਹੀਂ ਹੈ। NOTA ਇਸ ਮਾਮਲੇ ਸਬੰਧੀ ਜਦੋਂ ਪਟਿਆਲਾ ਦੀ ਐਸਡੀਐਮ ਮਨਜੀਤ ਕੌਰ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।