ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਲਈ ਵਰਦਾਨ : ਸਿੱਖਿਆ ਸਕੱਤਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਧੁਨਿਕ ਤਕਨਾਲੋਜ਼ੀ ਦੀ ਸੁਚੱਜੀ ਵਰਤੋਂ ਕਰਦਿਆਂ ਨਿਵੇਕਲੇ ਉਪਰਾਲੇ ਨਿਰੰਤਰ ਜਾਰੀ ਹਨ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਦੇ ਪਾਠਕ੍ਰਮ ਨੂੰ ਇੱਕ ਪਲੇਟਫਾਰਮ ‘ਤੇ ਉਪਲਬਧ ਕਰਵਾਉਣ ਦੇ ਮਨਸੂਬੇ ਨਾਲ ‘ਪੰਜਾਬ ਐਜੂਕੇਅਰ ਐਪ’ ਤਿਆਰ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਸਿੱਖਿਆ ਸਬੰਧੀ ਇਹ ਐਪ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਹੋਰਨਾਂ ਸੂਬਿਆਂ ‘ਚ ਵੀ ਹਰਮਨ ਪਿਆਰੀ ਹੋ ਗਈ ਹੈ। ਜਿਸ ਦਾ ਪ੍ਰਤੱਖ ਪ੍ਰਮਾਣ ਇਸ ਐਪ ਦੀ ਵਰਤੋਂ ਸਬੰਧੀ ਅੰਕੜਿਆਂ ਤੋਂ ਮਿਲਦਾ ਹੈ।
ਇਸ ਐਪ ਦੇ ਪੇਜ਼ ਨੂੰ 4.80 ਕਰੋੜ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ ਅਤੇ ਐਪ ਨੂੰ 5 ਵਿੱਚੋਂ 4.7 ਰੇਟਿੰਗ ਪ੍ਰਾਪਤ ਕੀਤੀ ਹੈ। ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ‘ਪੰਜਾਬ ਐਜੂਕੇਅਰ ਐਪ’ ਇੱਕ ‘ਆਨ-ਲਾਈਨ ਬਸਤਾ’ ਹੈ। ਇਸ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੀ ਸਿੱਖਣ-ਸਿਖਾਉਣ ਸਮੱਗਰੀ, ਅਧਿਆਪਕਾਂ ਦੇ ਵੀਡੀਓ ਲੈਕਚਰ, ਈ-ਕੰਟੈਂਟ ਅਤੇ ਈ-ਪੁਸਤਕਾਂ, ਵਰਕਸ਼ੀਟਾਂ, ਕੁਇਜ਼, ਆਦਿ ਮਿਆਰੀ ਰੂਪ ‘ਚ ਉਪਲਬਧ ਹਨ। ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਤਿਆਰ ਉਕਤ ਸਹਾਇਕ ਸਮੱਗਰੀ ਨਾਲ ਵਿਦਿਆਰਥੀ ਆਪਣੀ ਜਮਾਤ ਦੇ ਵੱਖ-ਵੱਖ ਵਿਸ਼ਿਆਂ ਦੇ ਵਿਸ਼ਾ ਵਸਤੂ ਨੂੰ ਅਸਾਨੀ ਨਾਲ ਆਨਲਈਨ ਪੜ੍ਹ/ਸਿੱਖ ਰਹੇ ਹਨ। ਇਸ ਐਪ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪਾਠਾਂ ਦੀ ਦੁਹਰਾਈ ਕਰਨਾ ਬਹੁਤ ਅਸਾਨ ਹੋ ਗਿਆ ਹੈ।
ਪੰਜਾਬ ਐਜੂਕੇਅਰ ਐਪ ਨੂੰ ਤਿਆਰ ਕਰਨ ਵਾਲੀ ਅਧਿਆਪਕਾਂ ਦੀ ਟੀਮ ‘ਚ ਸ਼ਾਮਲ ਦੀਪਕ ਕੁਮਾਰ ਨੇ ਦੱਸਿਆ ਕਿ ਹੁਣ ਤੱਕ 4022261 ਦੇ ਕਰੀਬ ਯੂਜ਼ਰ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ। 19106461 ਦੇ ਕਰੀਬ ਐਪ ਦੇ ਵਿਊ ਹੋ ਚੁੱਕੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਤੋ ਇਲਾਵਾ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ, ਆਦਿ ਰਾਜਾਂ ਵਿੱਚ ਵੀ ਪੰਜਾਬ ਦੇ ਸਿੱਖਿਆ ਵਿਭਾਗ ਦੀ ਐਪ ਨੂੰ ਡਾਊਨਲੋਡ ਕੀਤਾ ਗਿਆ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 2.67 ਲੱਖ, ਰਾਜਸਥਾਨ ਵਿੱਚ 2.05 ਲੱਖ, ਉੱਤਰ ਪਰਦੇਸ਼ ਵਿੱਚ 2.11 ਲੱਖ ਹਰਿਆਣਾ ਵਿੱਚ 1.74 ਲੱਖ, ਹਿਮਾਚਲ ਪ੍ਰਦੇਸ਼ ਵਿੱਚ 1.18 ਲੱਖ, ਦਿੱਲੀ ਵਿੱਚ 26 ਹਜ਼ਾਰ, ਉੱਤਰਾਖੰਡ ਵਿੱਚ 19 ਹਜ਼ਾਰ ਅਤੇ ਜੰਮੂ ਅਤੇ ਕਸ਼ਮੀਰ ਵਿੱਚ 12 ਹਜ਼ਾਰ ਲੋਕਾਂ ਨੇ ਐਪ ਨੂੰ ਦੇਖਿਆ ਹੈ ਪੰਜਾਬ ਅੇਜੂਕੇਅਰ ਐਪ ਨੂੰ 2700 ਦੇ ਕਰੀਬ ਰਿਵਿਊ ਮਿਲ ਚੁੱਕੇ ਹਨ?
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਇੱਕ ਤਾਕਤਵਰ ਕੜੀ ਦਾ ਕੰਮ ਕਰ ਰਹੀ ਹੈ। ਇਸ ਵਿੱਚ ਅਧਿਆਪਕਾਂ ਦੁਆਰਾ ਕੀਤੇ ਗਏ ਸਿੱਖਿਆ ਸਬੰਧੀ ਕਾਰਜਾਂ ਲਈ ਅਧਿਆਪਕ ਸਟੇਸ਼ਨ, ਵਿਦਿਆਰਥੀਆਂ ਦੀਆਂ ਕਿਰਿਆਵਾਂ ਦਾ ਕੋਨਾ, ਪੰਜਾਬ ਅਤੇ ਅੰਗਰੇਜ਼ੀ ਦੇ ਅੱਜ ਦੇ ਸ਼ਬਦ, ਆਮ ਗਿਆਨ ਲਈ ਉਡਾਣ ਜਿਹੇ ਆਕਰਸ਼ਕ ਫੀਚਰ ਉਪਲਬਧ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਪਰਸਪਰ ਸਬੰਧ ਬਣਿਆ ਰਹਿੰਦਾ ਹੈ।
ਪੰਜਾਬ ਐਜੂਕੇਅਰ ਐਪ ਦੀ ਘੱਟ ਸਮੇਂ ਵਿੱਚ ਅਪਾਰ ਸਲਤਾ ਲਈ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਦਿਆ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਮਰਪਿਤ ਅਤੇ ਮਿਹਨਤੀ ਅਧਿਆਪਕਾਂ ਨੇ ਵਿਲੱਖਣ ਕਾਰਜ ਕਰਦਿਆ ਕੋਵਿਡ-19 ਮਹਾਮਾਰੀ ਨੂੰ ਹਰਾਉਦਿਆ ਪੰਜਾਬ ਐਜੂਕੇਅਰ ਐਪ ਲਈ ਵਿਸ਼ੇਸ਼ ਅਤੇ ਮਹੱਤਵਪੂਰਨ ਉਪਰਾਲੇ ਕੀਤੇ ਹਨ। ਇਸ ਨਾਲ ਅਧਿਆਪਕਾ ਵੱਲੋ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਬੋਝ ਨਾ ਮੰਨਦਿਆ ਮਨੋਰੰਜਕ ਬਣਾ ਕੇ ਸਫਲਤਾਪੂਰਵਕ ਪੇਸ਼ ਕੀਤਾ ਗਿਆ ਹੈ। ਜਿਸ ਨੂੰ ਪੰਜਾਬ ਹੀ ਨਹੀ ਹੋਰ ਪ੍ਰਦੇਸ਼ਾਂ ਦੇ ਸਿੱਖਿਆ ਸਾਸ਼ਤਰੀਆਂ ਨੇ ਵੀ ਸਰਾਹਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.