ਅਧਿਆਪਕਾਵਾਂ ਤੇ ਸਕੂਲ ਪ੍ਰਿੰਸੀਪਲ ਤੇ ਮੈਨੇਜਮੈਂਟ ਵਿਚਕਾਰ ਚੱਲ ਰਿਹਾ ਰੇੜਕਾ ਖ਼ਤਮ

ਐਸਡੀਐਮ ਬਰਨਾਲਾ ਨੇ ਜੂਸ ਪਿਲਾ ਕੇ ਟੈਂਕੀ ਤੋਂ ਹੇਠਾਂ ਉਤਾਰੀਆਂ ਅਧਿਆਪਕਾਵਾਂ

ਬਰਨਾਲਾ, (ਜਸਵੀਰ ਸਿੰਘ) ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੇ ਇਸ ਦੀਆਂ ਅਧਿਆਪਕਾਵਾਂ ਅਤੇ ਸਕੂਲ ਮੈਨੇਜਮੈਂਟ ਦਰਮਿਆਨ ਚੱਲ ਰਿਹਾ ਰੇੜਕਾ ਜਨਤਕ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਦਰਮਿਆਨ ਸੁਖਾਵੇਂ ਮਹੌਲ ਵਿੱਚ ਚੱਲੀ ਗੱਲਬਾਤ ਤੋਂ ਪਿੱਛੋਂ ਹੱਲ ਹੋ ਗਿਆ। ਅਧਿਆਪਕਾਂ ਨੂੰ ਐਸਡੀਐਮ ਬਰਨਾਲਾ ਨੇ ਜੂਸ ਪਿਆ ਕੇ ਪਾਣੀ ਵਾਲੀ ਟੈਂਕੀ ਤੋਂ ਉਤਾਰਿਆ।

ਜਾਣਕਾਰੀ ਅਨੁਸਾਰ ਸਥਾਨਕ ਇੱਕ ਨਿੱਜੀ ਸਕੂਲ ਦੀਆਂ ਅਧਿਆਪਕਾਂ ਦਾ ਸਕੂਲ ਦੇ ਪ੍ਰਿੰਸੀਪਲ ਤੇ ਮੈਨੇਜਮੈਂਟ ਨਾਲ ਰੇੜਕਾ ਚੱਲ ਰਿਹਾ ਸੀ, ਜਿਸ ਦੇ ਸਬੰਧ ‘ਚ ਅਧਿਆਪਕਾਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਸਨ। ਅਧਿਆਪਕਾਂ ਤੇ ਸਕੂਲ ਪ੍ਰਿੰਸੀਪਲ ਤੇ ਮੈਨੇਜਮੈਂਟ ਵਿਚਕਾਰ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਐਸਡੀਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੇ ਅਧਿਆਪਕਾਂ ਨੂੰ ਜੂਸ ਪਿਲਾ ਕੇ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰਿਆ ਤੇ ਸਟੇਜ ਤੋਂ ਸੰਘਰਸ਼ ਕਮੇਟੀ ਅਤੇ ਪ੍ਰਸ਼ਾਸ਼ਨ ਦਰਮਿਆਨ ਹੋਈ ਸਹਿਮਤੀ ਅਨੁਸਾਰ ਐਲਾਨ ਕੀਤਾ ਕਿ ਕਿਸੇ ਵੀ ਅਧਿਆਪਕਾ ਨੂੰ ਹਟਾਇਆ ਨਹੀਂ ਜਾਵੇਗਾ

ਸਗੋਂ ਉਨ੍ਹਾਂ ਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਵੇਗਾ, ਕਿਸੇ ਵੀ ਅਧਿਆਪਕਾ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਕੁੱਝ ਸਮਾਂ ਪਹਿਲਾਂ ਹਟਾਈਆਂ ਗਈਆਂ ਅਧਿਆਪਕਾਵਾਂ ਨੂੰ ਲਾਕਡਾਊਨ ਖੁੱਲ੍ਹਣ ਪਿੱਛੋਂ ਇੱਕ ਮਹੀਨੇ ਦੇ ਅੰਦਰ ਅੰਦਰ ਬਹਾਲ ਕਰਾ ਦਿੱਤਾ ਜਾਵੇਗਾ, ਅਧਿਆਪਕਾਵਾਂ ਦੇ ਪ੍ਰਿੰਸੀਪਲ ਦੇ ਗਲਤ ਵਰਤਾਉੁ ਸਬੰਧੀ ਲਾਏੇ ਦੋਸ਼ਾਂ ਦੀ ਪੜਤਾਲ ਤਿੰਨ ਮੈਂਬਰੀ ਕਮੇਟੀ ਕਰੇਗੀ, ਜਿਸ ਵਿੱਚ ਏਡੀਸੀ ਬਰਨਾਲਾ, ਏਐਸਪੀ ਮਹਿਲਕਲਾਂ ਪ੍ਰਿਗਿਆ ਜੈਨ ਅਤੇ ਡਿਪਟੀ ਡੀਈਓ ਐਲੀਮੈਂਟਰੀ ਵਸੁੰਦਰਾ ਨੂੰ ਸ਼ਾਮਲ ਹਨ।

ਸੰਘਰਸ਼ ਕਮੇਟੀ ਵੱਲੋਂ ਗੁਰਮੀਤ ਸੁਖਪੁਰ, ਬਲਵੰਤ ਸਿੰਘ ਉੱਪਲੀ, ਰਾਜੀਵ ਕੁਮਾਰ, ਰਜਿੰਦਰ ਪਾਲ, ਅਮਰਜੀਤ ਕੌਰ, ਖੁਸ਼ੀਆ ਸਿੰਘ, ਰਮੇਸ਼ ਹਮਦਰਦ, ਮਹਿੰਦਰਪਾਲ ਸਿੰਘ ਦਾਨਗੜ, ਚਰਨਜੀਤ ਕੌਰ, ਮਹਿੰਦਰ ਸਿੰਘ ਧਨੌਲਾ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਅਧਿਆਕਾਵਾਂ ਨੇ ਆਪਣਾ ਪੂਰਾ ਸਕੇਲ ਹਾਸਲ ਕਰਨ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ ਜਿਸ ਕਾਰਨ ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਰੰਜਿਸ਼ ਤਹਿਤ ਬੁਰਾ ਵਰਤਾਉ ਕਰਦੇ ਆ ਰਹੇ ਸਨ। ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਅਧਿਆਪਕਾਵਾਂ ਨੂੰ ਟੈਂਕੀ ‘ਤੇ ਚੜਨ ਦਾ ਕਦਮ ਮਜਬੂਰੀ ਵੱਸ ਚੁੱਕਣਾ ਪਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।