Punjab School Teacher: ਦਿਵਿਆਂਗਤਾ ਨੂੰ ਹਰਾਉਣ ਵਾਲਾ ਤੇ ਜ਼ਿੰਦਾਦਿਲੀ ਦੀ ਮਿਸਾਲ ਹੈ ਸਟੇਟ ਐਵਾਰਡੀ ਗੁਰਮੀਤ ਸਿੰਘ ਨਿਰਮਾਣ
Punjab School Teacher: ਭਾਦਸੋਂ (ਸੁਸ਼ੀਲ ਕੁਮਾਰ)। ਦਿਲ ’ਚ ਕੁਝ ਕਰਨ ਦਾ ਜਜ਼ਬਾ ਹੋਵੇ, ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਅੜਿੱਕਾ, ਕੋਈ ਵੀ ਘਾਟ ਚਾਹੇ ਉਹ ਦਿਵਿਆਂਗਤਾ ਹੀ ਕਿਉਂ ਨਾ ਹੋਵੇ, ਤੁਹਾਨੂੰ ਮੰਜ਼ਿਲ ਤੱਕ ਅੱਪੜਨ ਤੋਂ ਨਹੀਂ ਰੋਕ ਸਕਦੀ ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ। ਸਕੂਲਾਂ ਦਾ ਨਕਸ਼ਾ ਬਦਲਣ ਵਾਲੇ ਤੇ ਜਿੰਦਾਦਿਲੀ ਦੀ ਮਿਸਾਲ ਸਟੇਟ ਐਵਾਰਡੀ ਅਧਿਆਪਕ ਗੁਰਮੀਤ ਸਿੰਘ ਨਿਰਮਾਣ ਨੇ ਗੁਰਮੀਤ ਸਿੰਘ ਜਿਹੜੇ ਵੀ ਸਕੂਲ ’ਚ ਜਾਂਦਾ ਹੈ ਉਸ ਸਕੂਲ ਦੀ ਦਿੱਖ ਹੀ ਬਦਲ ਦਿੰਦਾ ਹੈ, ਚਾਹੇ ਉਹ ਪੜ੍ਹਾਈ ਪੱਖੋਂ ਹੋਵੇ, ਖੇਡਾਂ ਪੱਖੋਂ ਹੋਵੇ, ਸੱਭਿਆਚਾਰਕ ਗਤੀਵਿਧੀਆਂ ਪੱਖੋ ਹੋਵੇ ਜਾਂ ਫਿਰ ਇਮਾਰਤ ਪੱਖੋ।
ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਅਧਿਆਪਕ ਗੁਰਮੀਤ ਸਿੰਘ ਆਪਣੀ ਸਰੀਰਕ ਦਿਵਿਆਂਗਤਾ ਨੂੰ ਕਦੇ ਵੀ ਆਪਣੇ ਹਾਵੀ ਨਾ ਹੋਣ ਦਿੱਤਾ ਤੇ ਹੌਂਸਲੇ ਤੇ ਦ੍ਰਿੜ੍ਹਤਾ ਨਾਲ ਪੜ੍ਹਾਈ ਪੂਰੀ ਕਰਕੇ ਅਪਰੈਲ 2002 ਵਿੱਚ ਅਧਿਆਪਨ ਕਿੱਤੇ ਦਾ ਸਫ਼ਰ ਸ਼ੁਰੂ ਕੀਤਾ। ਅਧਿਆਪਕ ਗੁਰਮੀਤ ਸਿੰਘ ਨੇ ਸੱਚ ਕਹੂੰ ਦੇ ਇਸ ਪ੍ਰਤੀਨਿਧੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਨਿਯੁਕਤੀ ਸਰਕਾਰੀ ਪ੍ਰਾਇਮਰੀ ਸਕੂਲ ਕਕਰਾਲਾ ਭਾਈਕਾ, ਬਲਾਕ ਸਮਾਣਾ ਤੋਂ ਬਾਅਦ ਸਰਕਾਰੀ ਐਲੀਮੈਂਟਰੀ ਸਕੂਲ ਲੋਟ ਦੀ ਬਦਲੀ ਹੋਈ, ਜਿੱਥੇ ਟੋਭੇ ਦਾ ਪਾਣੀ ਪੈਂਦਾ ਸੀ ਤੇ ਸਕੂਲ ਘੱਟ ਛੱਪੜ ਜ਼ਿਆਦਾ ਦਿਖਾਈ ਦਿੰਦਾ ਸੀ ਤੇ ਬਿਲਡਿੰਗ ਵੀ ਡਿਗੂੰ-ਡਿਗੂੰ ਕਰ ਰਹੀ ਸੀ। Punjab School Teacher
Read Also : Punjab News: ਕਿਸਾਨਾਂ ਤੇ ਨੌਜਵਾਨਾਂ ਲਈ ਖੁਸ਼ਖਬਰੀ, ਪੰਜਾਬ ’ਚ ਸ਼ੁਰੂ ਹੋ ਰਿਹੈ ਵੱਡਾ ਪ੍ਰੋਜੈਕਟ
ਉਨ੍ਹਾਂ ਸਕੂਲ ਦੀ ਨੁਹਾਰ ਬਦਲਣ ਦੀ ਧਾਰੀ ਅਤੇ ਸਿੱਖਿਆ ਵਿਭਾਗ, ਪੰਚਾਇਤ ਤੇ ਆਪਣੀ ਮਿਹਨਤ ਤੇ ਹੌਂਸਲੇ ਨਾਲ ਡਿਗੂੰ-ਡਿਗੂੰ ਕਰਦੀ ਸਕੂਲ ਦੀ ਬਿਲਡਿੰਗ ਨੂੰ ਨਵੀਂ ਬਿਲਡਿੰਗ ’ਚ ਬਦਲ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਹਰ ਸਕੂਲ ’ਚ ਬੱਚਿਆਂ ਦੇ ਦਾਖਲੇ ਵਧਾ ਕੇ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਂ ਨੂੰ ਉਪਲੱਬਧ ਕਰਵਾਉਂਦਾ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਚਿੱਤਰਕਾਰੀ, ਗੀਤ ਮੁਕਾਬਲੇ, ਵਜੀਫ਼ਾ ਪ੍ਰੀਖਿਆ, ਸੁੰਦਰ ਲਿਖਾਈ, ਨਵੋਦਿਆ ਮੁਕਾਬਲੇ, ਸ਼ਬਦ ਗਾਇਨ ਤੇ ਹੋਰ ਗਤੀਵਿਧੀਆਂ ’ਚ ਬੱਚਿਆਂ ਨੂੰ ਚੇਟਕ ਲਾ ਰਿਹਾ ਹੈ ਤੇ ਇਸ ਦੇ ਨਤੀਜੇ ਵੀ ਸਾਹਮਣੇ ਆਏ ਹਨ।
Punjab School Teacher
ਉਨ੍ਹਾਂ ਦੱਸਿਆ ਕਿ ਲੋਟ ਪਿੰਡ ਤੋਂ ਬਾਅਦ ਸਾਲ 2016 ਵਿੱਚ ਬਤੌਰ ਹੈੱਡ ਟੀਚਰ ਤਰੱਕੀ ਵਜੋਂ ਉਹਨਾਂ ਦੀ ਨਿਯੁਕਤੀ ਸਰਕਾਰੀ ਐਲੀਮੈਂਟਰੀ ਸਕੂਲ ਧਨੌਰੀ ਵਿਖੇ ਹੋਈ ਤੇ ਇੱਥੇ ਵੀ ਸਕੂਲ ਦੀ ਛੱਤ ਗਾਰਡਰ ਬਾਲਿਆਂ ਵਾਲੀ ਸੀ ਤੇ ਇੱਥੇ ਵੀ ਪੰਚਾਇਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੰਕਰੀਟ ਵਾਲੀ ਛੱਤ ਤੇ ਨਵੇਂ ਕਮਰਿਆਂ ਦੀ ਉਸਾਰੀ ਕਰਵਾਈ ਗਈ। ਇਸ ਤੋਂ ਬਾਦ ਪਿੰਡ ਲਚਕਾਣੀ ਦੇ ਸਕੂਲ ਵਿੱਚ ਕਮਰਾ ਬਣਵਾਇਆ ਗਿਆ। ਮੌਜੂਦਾ ਸਮੇਂ ਉਹ ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ ਵਿਖੇ ਆਪਣੀ ਡਿਊਟੀ ਨਿਭਾ ਰਿਹਾ ਹੈ। ਇਹ ਸਕੂਲ ਪੂਰੀ ਤਰ੍ਹਾਂ ਏਅਰਕੰਡੀਸ਼ਨਰ ਹੈ। ਇਸ ਸਕੂਲ ਦੀ ਬਿਲਡਿੰਗ ਅਤੇ ਕਮਰਿਆਂ ’ਚ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਲਿਖਾਈ ਗਈ ਸਮੱਗਰੀ ਬੱਚਿਆਂ ਨੂੰ ਆਪਣੇ-ਆਪ ਹੀ ਸਿੱਖਿਆ ਦੇ ਮੰਦਰ ਨਾਲ ਜੋੜਨ ਦਾ ਕੰਮ ਕਰ ਰਹੀ ਹੈ।
ਹਰ ਖੇਤਰ ’ਚ ਐਵਾਰਡ ਕੀਤੇ ਹਾਸਲ
ਅਧਿਆਪਕ ਗੁਰਮੀਤ ਸਿੰਘ ਨੂੰ ਉਨ੍ਹਾਂ ਦੀ ਹਰ ਖੇਤਰ ਵਿੱਚ ਵਿਲੱਖਣ ਕਾਰਗੁਜ਼ਾਰੀ ਸਦਕਾ ਸਟੇਟ ਐਵਾਰਡ, ਜ਼ਿਲ੍ਹਾ ਪੱਧਰ ’ਤੇ ਐਵਾਰਡ, ਸਮਾਰਟ ਸਕੂਲ ਐਵਾਰਡ, ਸਮਰ ਕੈਂਪ ’ਤੇ ਐਵਾਰਡ ਅਤੇ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਐਵਾਰਡ ਹਾਸਲ ਹੋ ਚੁੱਕੇ ਹਨ ਅਤੇ ਅਨੇਕਾਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋ ਚੁੱਕੇ ਹਨ। ਸਾਲ 2022 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਕੀਤੇ ਕਾਰਜਾਂ ਨੂੰ ਦੇਖਦਿਆਂ ਸਟੇਟ ਐਵਾਰਡ ਨਾਲ ਨਿਵਾਜ਼ਿਆ ਗਿਆ। ਇਸੇ ਤਰ੍ਹਾਂ ਹੀ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਇੱਕ ਚੈਰੀਟੇਬਲ ਟਰੱਸਟ ਵੱਲੋਂ ਐਕਸੀਲੈਂਸ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਕਦੇ ਆਪਣੇ-ਆਪ ਨੂੰ ਦਿਵਿਆਂਗ ਸਮਝਿਆ ਹੀ ਨਹੀਂ
ਹੈੱਡ ਟੀਚਰ ਗੁਰਮੀਤ ਸਿੰਘ ਨਿਰਮਾਣ ਨੇ ਕਿਹਾ ਕਿ ਉਸ ਨੇ ਕਦੇ ਵੀ ਆਪਣੇ-ਆਪ ਨੂੰ ਦਿਵਿਆਂਗ ਸਮਝਿਆ ਹੀ ਨਹੀਂ ਅਤੇ ਨਾ ਹੀ ਕਿਸੇ ਨਾਲ ਕੋਈ ਸ਼ਿਕਵਾ ਕੀਤਾ ਹੈ। ਉਸ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਕਿਸੇ ਸਰੀਰਕ ਕਮਜ਼ੋਰੀ, ਭਾਵੇਂ ਉਹ ਕਿੱਡੀ ਵੀ ਵੱਡੀ ਕਿਉਂ ਨਾ ਹੋਵੇ, ਕਾਰਨ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਆਪਣੀ ਮਿਹਨਤ, ਲਗਨ , ਦ੍ਰਿੜ ਤੇ ਨੇਕ ਇਰਾਦੇ ਨਾਲ ਅੱਗੇ ਵਧੇ ਤਾਂ ਮੰਜ਼ਿਲ ਖੁਦ ਤੁਹਾਡੇ ਕਦਮਾਂ ’ਚ ਆ ਕੇ ਖੜ੍ਹੇਗੀ । ਤੁਹਾਡੀ ਵੀ ਸਥਾਪਤ ਲੋਕਾਂ ਵਿੱਚ ਪਛਾਣ ਹੋਵੇਗੀ।