ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਹੋ ਨਵ-ਜਨਮੀ ਧੀ ਦਾ ਨਾਂਅ ਰੱਖਿਆ ਗੁਰਮੁਖੀ ਕੌਰ

International Mother Language Day
ਬਰੇਟਾ: ਜਸਪ੍ਰੀਤ ਸਿੰਘ ਅਤੇ ਜਸਵੀਰ ਕੌਰ ਆਪਣੀ ਬੇਟੀ ਗੁਰਮੁਖੀ ਨਾਲ। ਤਸਵੀਰ: ਸੱਚ ਕਹੂੰ ਨਿਊਜ਼

(ਕ੍ਰਿਸ਼ਨ ਭੋਲਾ) ਬਰੇਟਾ। ਪਿੰਡ ਬੁਢਲਾਡਾ ਦੇ ਵਸਨੀਕ ਜਸਪ੍ਰੀਤ ਸਿੰਘ ਨੇ ਅਨੋਖੇ ਢੰਗ ਨਾਲ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਹੋ ਕੇ ਆਪਣੇ ਘਰ ਨਵ-ਜਨਮੀ ਧੀ ਦਾ ਨਾਮ ਗੁਰਮੁਖੀ ਕੌਰ ਰੱਖਿਆ ਹੈ। ਇੱਥੇ ਦੱਸਣਯੋਗ ਹੈ ਕਿ ਜਸਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਵੀਰ ਕੌਰ ਸਿੱਖਿਆ ਵਿਭਾਗ ਪੰਜਾਬ ਵਿਚ ਕ੍ਰਮਵਾਰ ਕਲਰਕ ਅਤੇ ਅੰਗਰੇਜ਼ੀ ਮਿਸਟਰੈਸ ਦੇ ਤੌਰ ’ਤੇ ਕੰਮ ਕਰਦੇ ਹਨ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਸਾਡੀ ਮਾਤ-ਭਾਸ਼ਾ ਹੀ ਨਹੀਂ ਸਗੋਂ ਸਾਡਾ ਉਹ ਮਾਣ ਹੈ ਜਿਸ ਨਾਲ ਸਾਨੂੰ ਦੁਨੀਆਂ ਵਿਚ ਵੱਖਰੀ ਪਛਾਣ ਹਾਸਲ ਹੋਈ ਹੈ। ਹਰ ਵਿਅਕਤੀ ਨੂੰ ਇੱਕ ਤੋਂ ਵਧੇਰੇ ਭਾਸ਼ਾਵਾਂ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ ਪਰ ਆਪਣੀ ਮਾਤ-ਭਾਸ਼ਾ ਦਾ ਵਡਮੁੱਲਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ।

ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਦਿਨ ਸਾਡੇ ਘਰ ਨਵ-ਜਨਮੀ ਧੀ ਪ੍ਰਤੀ ਖਿਆਲ ਆਇਆ ਕਿ ਧੀ ਰਾਣੀ ਦਾ ਨਾਂਅ ਪੰਜਾਬੀ ਭਾਸ਼ਾ ਨੂੰ ਅੰਕਿਤ ਕਰਦੀ ਲਿਪੀ ਗੁਰਮੁਖੀ ਦੇ ਸੰਬੰਧ ਵਿਚ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰਮੁਖੀ ਲਿਪੀ ਨੂੰ ਗੁਰੂਆਂ ਦੀ ਬਖਸ਼ਿਸ਼ ਹੈ ਜੋ ਰਹਿੰਦੀ ਦੁਨੀਆਂ ਤੱਕ ਬਰਕਰਾਰ ਰਹੇਗੀ। ਪੰਜਾਬੀ ਭਾਸ਼ਾ ਪ੍ਰਤੀ ਮੇਰੇ ਪੂਰੇ ਪਰਿਵਾਰ ਦੀ ਭਾਵਨਾ ਸਮਰਪਣ ਵਾਲੀ ਹੈ। ਇਸੇ ਪ੍ਰਸੰਗ ’ਚ ਜੁੜਦੇ ਹੋਏ ਪੂਰੇ ਪਰਿਵਾਰ ਨੇ ਨਵ-ਜਨਮੀ ਧੀ ਦਾ ਨਾਂਅ ਗੁਰਮੁਖੀ ਕੌਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਪਰਿਵਾਰਕ ਮੈਂਬਰ ਮਹਿੰਦਰ ਸਿੰਘ, ਬਲਜਿੰਦਰ ਕੌਰ, ਬੂਟਾ ਸਿੰਘ ਮਿਸਤਰੀ, ਜਰਨੈਲ ਕੌਰ, ਮਾਸਟਰ ਚਰਨਜੀਤ ਸਿੰਘ, ਰਾਜਵੀਰ ਕੌਰ, ਮਾਸਟਰ ਅਮਨਦੀਪ ਸਿੰਘ, ਮਨਪ੍ਰੀਤ ਕੌਰ, ਮਾਸਟਰ ਗੁਰਪ੍ਰੀਤ ਸਿੰਘ, ਲਵਲੀ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ