ਬਜ਼ੁਰਗਾਂ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ

ਜੀਆਂ ਦੇ ਸਮੂਹ ਨੂੰ ਪਰਿਵਾਰ ਕਿਹਾ ਜਾਂਦਾ ਹੈ ਸਮਾਜ ਦੀ ਛੋਟੀ ਇਕਾਈ ਪਰਿਵਾਰ ਹੀ ਹੈ ਹਰੇਕ ਸਮਾਜਿਕ ਪ੍ਰਾਣੀ ਦਾ ਸੰਪੂਰਨ ਜੀਵਨ ਆਪਣੇ ਪਰਿਵਾਰ (ਸਮਾਜ) ਦੇ ਆਲੇ-ਦੁਆਲੇ ਘੁੰਮਦਾ ਹੈ ਆਪਣੇ ਪਰਿਵਾਰ ਦੀ ਖੁਸ਼ੀ, ਤੰਦਰੁਸਤੀ ਤੇ ਤਰੱਕੀ ਲਈ ਹਰ ਤਰ੍ਹਾਂ ਦੇ ਜੋਖ਼ਮ ਲੈਂਦਾ ਹੈ ਪਰਿਵਾਰਕ ਤਾਣਾ-ਬਾਣਾ ਮਨੁੱਖ ਨੂੰ ਸਮਝਦਾਰ ਬਣਾਉਣ ਦੇ ਨਾਲ-ਨਾਲ ਜਿੰਮੇਵਾਰ ਵੀ ਬਣਾਉਂਦਾ ਹੈ।

ਰਿਸ਼ਤਿਆਂ ਦਾ ਨਿੱਘ ਤੇ ਜਿੰਮੇਵਾਰੀਆਂ ਨਿਭਾਉਣ ਦੀ ਕਲਾ ਇਨਸਾਨ ਨੇ ਪਰਿਵਾਰ ‘ਚ ਰਹਿ ਕੇ ਸਿੱਖੀ ਹੈ ਆਦਿ ਮਾਨਵ ਤੋਂ ਮਾਨਵ ਬਣਨ ਤੱਕ ਦਾ ਸਫ਼ਰ ਪਰਿਵਾਰ ‘ਤੇ ਆ ਕੇ ਮੁੱਕਿਆ ਹੈ ਅਸੱਭਿਅਕ ਨੂੰ ਸੱਭਿਅਕ ਬਣਾਉਣਾ ਸਮਾਜ ਦੇ ਨਾਲ ਪਰਿਵਾਰ ਦੇ ਵੱਡੇ ਜੀਆਂ ਦੀ ਜਿੰਮੇਵਾਰੀ ਹੁੰਦੀ ਹੈ ਪਰਿਵਾਰ ਦੇ ਹਰ ਮੈਂਬਰ ਦਾ ਆਪਣਾ ਵਿਲੱਖਣ ਰੋਲ ਹੁੰਦਾ ਹੈ ਪਰ ਦੋ ਮੈਂਬਰਾਂ ਦੀ ਪਰਿਵਾਰ ‘ਚ ਅਹਿਮੀਅਤ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ, ਉਹ ਦੋ ਮੈਂਬਰ ਹਨ ਮਾਤਾ ਤੇ ਪਿਤਾ, ਜਿਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਘਰ ਪਰਿਵਾਰ ਅਧੂਰਾ ਹੁੰਦਾ ਹੈ।

ਅੰਗਰੇਜੀ ਦੇ ‘ਫੈਮਿਲੀ’  ਸ਼ਬਦ ਨੂੰ ਜੇ ਗੌਰ ਨਾਲ ਵਾਚਿਆ ਜਾਵੇ ਤਾਂ ਇਹ ਅਲਫ਼ਾਜ਼ ਪਰਿਵਾਰ ਦੀ ਸੰਪੂਰਨ ਪ੍ਰੀਭਾਸ਼ਾ ਬਾਖੂਬੀ ਬਿਆਨਦਾ ਹੈ ਫੈਮਿਲੀ ਸ਼ਬਦ ‘ਚ ਮੌਜੂਦ ਅੱਖਰ ਐੱਫ ਤੇ ਐੱਮ ਬਾਕੀ ਅੱਖਰਾਂ ਨੂੰ ਬੰਨ੍ਹਦੇ ਪ੍ਰਤੀਤ ਹੁੰਦੇ ਹਨ ਪਹਿਲਾ ਅੱਖਰ ਐੱਫ ਇਸ ਸ਼ਬਦ ਦਾ ਧੁਰਾ ਹੈ ਜੋ ਫਾਦਰ (ਪਿਤਾ) ਨੂੰ ਪੇਸ਼ ਕਰਦਾ ਹੈ ਇਸ ਤੋਂ ਬਾਦ ਐੱਮ ਸ਼ਬਦ ਵੀ ਉੱਭਰਦਾ ਮਾਲੂਮ ਹੁੰਦਾ ਹੈ ਜਿਸਨੂੰ ਮਦਰ (ਮਾਤਾ) ਦੇ ਰੂਪ ‘ਚ ਲਿਆ ਜਾਂਦਾ ਹੈ ਜਿਸਨੇ ਪੂਰੇ ਸ਼ਬਦ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ।

ਫਾਦਰਜ਼ ਡੇਅ (ਪਿਤਾ ਦਿਵਸ) ਮਨਾਉਣ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਸ਼ੁਰੂ ‘ਚ ਹੋਈ ਤੇ ਪਹਿਲੀ ਵਾਰ ਪੰਜ ਜੁਲਾਈ 1908 ਨੂੰ ਵੈਸਟ ਵਰਜੀਨੀਆ ‘ਚ ਮਨਾਇਆ ਗਿਆ ਗਰੇਸ ਕਲੇਟਨ ਜੋ ਐਨਾ ਜਰਵਿਸ ਤੋਂ ਬਹੁਤ ਪ੍ਰਭਾਵਿਤ ਸੀ ਐਨਾ ਜਰਵਿਸਸ਼ ਜਿਸਨੇ ਮਾਤਾ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ ਦਸੰਬਰ 1907 ‘ਚ ਇੱਕ ਦਿਲ ਕੰਬਾਊ ਘਟਨਾ ‘ਚ ਗਰੇਸ ਦੇ ਪਿਤਾ ਦੀ ਮੌਤ ਹੋ ਗਈ ਸੀ ਉਨ੍ਹਾਂ ਦੇ ਨਾਲ 250 ਆਦਮੀ ਵੀ ਆਪਣੇ ਵਿਲਕਦਿਆਂ ਬੱਚਿਆਂ ਨੂੰ ਛੱਡ ਕੇ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ।

ਗਰੇਸ ਆਪਣੇ ਮਾਰੇ ਗਏ ਪਿਤਾ ਤੇ ਲੋਕਾਂ ਦੀ ਯਾਦ ‘ਚ ਪਿਤਾ ਦਿਵਸ ਮਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ ਪਰ ਉਸ ਸਮੇਂ ਆਪਣੇ  ਇਲਾਕੇ ਤੋਂ ਬਿਨਾਂ ਹੋਰ ਲੋਕਾਂ ਨੂੰ ਇਸ ਪ੍ਰਤੀ ਉਤਸ਼ਾਹਿਤ ਨਾ ਕਰ ਸਕੀ ਉਸ ਤੋਂ ਬਾਦ 19 ਜੂਨ 1910 ਈ. ਨੂੰ ਵਾਸ਼ਿੰਗਟਨ ‘ਚ ਇਹ ਦਿਵਸ ਮਨਾਇਆ ਗਿਆ ਜਿਸਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕਾਂ ਨੇ ਮਨਾਉਣਾ ਸ਼ੁਰੂ ਕੀਤਾ ਸੰਨ 1966 ‘ਚ ਰਾਸਟਰਪਤੀ ਲਿੰਡਨ ਬੀ ਜਾਨਸਨ ਨੇ ਪਹਿਲੀ ਵਾਰ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਜ਼ ਡੇਅ ਮਨਾਉਣ ਦਾ ਫੈਸਲਾ ਕੀਤਾ ਹੁਣ ਸੰਸਾਰ ਦੇ ਵੱਖ-ਵੱਖ ਦੇਸ਼ਾਂ ਅਮਰੀਕਾ,ਇੰਗਲੈਂਡ,ਭਾਰਤ ਤੇ ਕਈ ਹੋਰ ਦੇਸ਼ਾਂ ‘ਚ ਪਿਤਾ ਦਿਵਸ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।

ਇਹ ਪਿਰਤ ਭਾਵੇਂ ਸਾਡੇ ਲਈ ਨਵੀਂ ਹੈ ਪਰ ਸਾਡੇ ਦੇਸ਼ ‘ਚ ਹਮੇਸ਼ਾ ਤੋਂ ਹੀ ਆਪਣੇ ਪੂਰਖਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਮਾਪਿਆਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਹਰ ਮਾਂ-ਬਾਪ ਆਪਣੀ ਮਿਸਾਲ ਆਪ ਹਨ ਜੋ ਆਪਣੇ ਬੱਚਿਆਂ ਨੂੰ ਜ਼ਿੰਦਗੀ ‘ਚ ਸਫ਼ਲ ਇਨਸਾਨ ਬਣਾਉਣ ਲਈ ਆਪਾ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਮਾਂ ਦੀ ਕੁਰਬਾਨੀ ਦੇ ਸੋਹਲੇ ਤਾਂ ਸਾਰੇ ਗਾਉਂਦੇ ਹਨ ਪਰ ਪਿਤਾ ਦੇ ਯੋਗਦਾਨ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਹੈ ਢਲਦੀ ਉਮਰੇ ਮਾਪਿਆਂ ਦੀ ਸੰਭਾਲ ਰੂਪੀ ਜਿੰਮੇਵਾਰੀ ਔਲਾਦ ਦੇ ਮੋਢਿਆਂ ‘ਤੇ ਹੁੰਦੀ ਹੈ ਜਿਸਨੂੰ ਨਿਭਾਇਆ ਜਾਣਾ ਲਾਜ਼ਮੀ ਹੈ ਇਨ੍ਹਾਂ ਦਿਵਸਾਂ ਦਾ ਮਹੱਤਵ ਹੀ ਇਹ ਹੈ ਕਿ ਮਾਪਿਆਂ ਵੱਲੋਂ ਮੂੰਹ ਫੇਰੀ ਬੈਠੀ ਔਲਾਦ ਨੂੰ ਉਸਦੇ ਕਰਤੱਵਾਂ ਦਾ ਗਿਆਨ ਕਰਾਇਆ ਜਾਵੇ।

ਅਜੋਕੇ ਅਗਾਂਹਵਧੂ ਯੁੱਗ ‘ਚ ਭੱਜਦੌੜ ਵਾਲੀ ਜ਼ਿੰਦਗੀ ‘ਚ ਲੋਕ ਕਿਤੇ ਨਾ ਕਿਤੇ ਆਪਣੀਆਂ ਸਾਕਾਰਤਮਕ ਪ੍ਰੰਪਰਾਵਾਂ ਤੋਂ ਮੂੰਹ ਫੇਰ ਰਹੇ ਹਨ ਸੰਯੁਕਤ ਪਰਿਵਾਰ ਟੁੱਟ ਰਹੇ ਹਨ ਕਿਸੇ ਕੋਲ ਐਨਾ ਵਕਤ ਹੀ ਨਹੀਂ ਕਿ ਉਹ ਦੂਜਿਆਂ ਦੀ ਸੁੱਖ ਸਾਂਦ ਪੁੱਛ ਸਕੇ ਇਸ ਸਮੱਸਿਆ ਨਾਲ ਬਜ਼ੁਰਗ ਅੱਜ ਜੂਝ ਰਹੇ ਹਨ ਜ਼ਿਆਦਾਤਰ ਘਰਾਂ ‘ਚ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕੀਤੀ ਜਾਂਦੀ ਉਨ੍ਹਾਂ ਦੀ ਖੁਸ਼ੀ ਗਮੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਸਮਾਜ ਦੇ ਮਜ਼ਬੂਤ ਥੰਮ ਇਨ੍ਹਾਂ ਬਜ਼ੁਰਗਾਂ ਨੇ ਸਾਰੀ ਉਮਰ ਆਪਣੀ ਔਲਾਦ ਦੇ ਨਾਂਅ ਲਾਈ ਹੁੰਦੀ ਹੈ।

ਜਦ ਉਹੀ ਔਲਾਦ ਆਪਣੇ ਪੈਰਾਂ ‘ਤੇ ਖੜ੍ਹੀ ਹੁੰਦੀ ਹੈ ਤਾਂ ਬਜ਼ੁਰਗ ਮਾਪਿਆਂ ਨੂੰ ਤ੍ਰਿਸਕਾਰਨ ਲੱਗ ਜਾਂਦੀ ਹੈ ਜਦ ਤੱਕ ਮਾਪੇ ਪੈਸੇ ਦੀ ਮਸ਼ੀਨ ਹੁੰਦੇ ਹਨ ਤਾਂ ਪੁੱਛ ਪੜਤਾਲ ਹੁੰਦੀ ਹੈ ਬਾਦ ‘ਚ ਬਿਗਾਨਿਆਂ ਵਾਲਾ ਵਰਤਾਓ ਹੋਣ ਲੱਗ ਜਾਂਦਾ ਹੈ ਇਨ੍ਹਾਂ ਬਜ਼ੁਰਗਾਂ ਨਾਲ ਮਧੂ ਮੱਖੀਆਂ ਵਾਲੀ ਕਹਾਣੀ ਵਾਪਰਦੀ ਹੈ ਕਿ ਉਹ ਸਾਰੀ ਉਮਰ ਸ਼ਹਿਦ ‘ਕੱਠਾ ਕਰਨ ‘ਚ ਲਾਉਂਦੀਆਂ ਹਨ ਅੰਤ ‘ਚ ਇਨਸਾਨ ਜਾ ਕੇ ਧੂੰਆਂ ਕਰਕੇ ਜਾਂ ਹੋਰ ਤਰੀਕਿਆਂ ਨਾਲ ਮਧੂ ਮੱਖੀਆਂ ਨੂੰ ਛੱਤੇ ਤੋਂ ਦੂਰ ਭਜਾ ਦਿੰਦਾ ਹੈ ਤੇ ਸ਼ਹਿਦ ਕੱਢ ਲੈਂਦਾ ਹੈ ਉਸੇ ਤਰ੍ਹਾਂ ਬਜ਼ੁਰਗਾਂ ਦੇ ਸਰਮਾਏ ‘ਤੇ ਕਬਜ਼ਾ ਕਰਕੇ ਔਲਾਦ ਉਨ੍ਹਾਂ ਨੂੰ ਫਿਟਕਾਰਾਂ ਸੁਣਨ ਲਈ ਮਜ਼ਬੂਰ ਕਰ ਦਿੰਦੀ ਹੈ।

ਆਖਿਰ ਅਜਿਹਾ ਕਿਉਂ ਹੁੰਦਾ ਹੈ ਜਿਨ੍ਹਾਂ ਦੀ ਖੁਸ਼ੀ ਲਈ ਮਾਪਿਆਂ ਨੇ ਦਿਨ-ਰਾਤ ਇੱਕ ਕੀਤਾ ਹੁੰਦਾ ਹੈ ਉਹੀ ਬੱਚੇ ਸਭ ਕੁਝ ਭੁੱਲ ਕੇ ਪੈਸੇ ਦੇ ਪੀਰ ਬਣ ਜਾਂਦੇ ਹਨ ਮਾਪਿਆਂ ਨੂੰ ਬਜ਼ੁਰਗ ਹੁੰਦੇ ਘਰੋਂ ਕੱਢਣਾ ਸਾਡੇ ਸਮਾਜ ਦੇ ਚੰਦ ਲੋਕਾਂ ਦੀ ਸ਼ੁਰੂ ਤੋਂ ਹੀ ਪ੍ਰਥਾ ਰਹੀ ਹੈ ਜਦ ਮਾਪੇ ਸਹਾਰਾ ਲੈਣ ਯੋਗ ਹੁੰਦੇ ਸਨ ਤਾਂ ਉਨ੍ਹਾਂ ਦੀ ਅਯੋਗ ਔਲਾਦ ਉਨ੍ਹਾਂ ਨੂੰ ਰੁਲਣ ਲਈ ਛੱਡ ਦਿੰਦੀ ਸੀ ਅਜੋਕੇ ਦੌਰ ‘ਚ ਬਿਰਧ ਆਸ਼ਰਮ ਸਮਾਜ ਦੇ ਮੱਥੇ ‘ਤੇ ਬਹੁਤ ਵੱਡੇ ਕਲੰਕ ਹਨ ਜਿੱਥੇ ਪੰਜਾਹ ਫੀਸਦੀ ਬਜ਼ੁਰਗ ਘਰੋਂ ਠੁਕਰਾਏ ਹੁੰਦੇ ਹਨ ਅਜੋਕੇ ਇਨਸਾਨ ਦੀ ਮਤਲਬਪ੍ਰਸਤੀ ਇਸ ਹੱਦ ਤੱਕ ਗਿਰ ਚੁੱਕੀ ਹੈ, ਬਿਰਧ ਮਾਪਿਆਂ ਨੂੰ ਬਿਰਧ ਆਸ਼ਰਮਾਂ ‘ਚ ਛੱਡ ਕੇ ਆਪ ਦੁਨੀਆਦਾਰੀ ‘ਚ ਮਸਤ ਹੋ ਰਿਹਾ ਹੈ ਜੋ ਆਪਣੇ ਜਨਮਦਾਤਾ ਦਾ ਨਹੀਂ ਹੋਇਆ ਉਹ ਦੇਸ਼ ਸਮਾਜ ਦਾ ਕੀ ਸੰਵਾਰੇਗਾ।

ਸੋਚਣ ਵਾਲੀ ਗੱਲ ਹੈ ਜੇ ਜਨਮ ਸਮੇਂ ਸਾਡੇ ਮਾਪੇ ਸਾਡੇ ਵਾਂਗ ਮਤਲਬੀ ਹੋ ਜਾਂਦੇ ਤਾਂ ਸਾਡਾ ਭਵਿੱਖ ਕੀ ਹੁੰਦਾ ਸ਼ਾਇਦ ਅਸੀਂ ਵੀ ਅੱਜ ਕਿਸੇ ਅਨਾਥ ਆਸ਼ਰਮ ‘ਚ ਹੋਣਾ ਸੀ,ਪਰ ਉਹ ਖੁਦਗਰਜ਼ ਨਹੀਂ ਬਣੇ, ਉਨ੍ਹਾਂ ਨੇ ਇਸਨੂੰ ਨੈਤਿਕ ਫਰਜ਼ ਸਮਝ ਕੇ ਨਿਭਾਇਆ ਫਿਰ ਅਸੀਂ ਅਨੈਤਿਕਤਾ ‘ਤੇ ਕਿਉਂ ਉੱਤਰ ਆਏ ਹਾਂ ਮੰਨਿਆ ਮਸ਼ੀਨੀ ਯੁੱਗ ‘ਚ ਮਸ਼ੀਨ ਬਣੇ ਬਿਨਾਂ ਪਾਰ ਨਹੀਂ ਪੈਂਦੀ ਪਰ ਮਾਪਿਆਂ ਲਈ ਚੰਦ ਪਲ ਕੱਢਣੇ ਇੰਨੇ ਵੀ ਜ਼ਿਆਦਾ ਔਖੇ ਨਹੀਂ ਹਨ । ਬੱਚਿਆਂ ਨਾਲ ਪਿਕਨਿਕ ‘ਤੇ ਜਾਣ ਲਈ, ਪਾਰਟੀਆਂ ਕਰਨ ਜਾਂ ਹੋਰ  ਕੰਮਾਂ ਲਈ ਤਾਂ ਸਮਾਂ ਬਹੁਤ ਹੈ ਪਰ ਮਾਪਿਆਂ ਲਈ ਵਕਤ ਦਾ ਕਾਲ ਕਿਉਂ ਸਾਨੂੰ ਅੱਜ ਇਹ ਜ਼ਰੂਰ ਦੇਖਣਾ ਹੋਵੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ ਅੱਜ ਜੇਕਰ ਅਸੀਂ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ,ਉਨ੍ਹਾਂ ਦੀ ਸੇਵਾ ਸੰਭਾਲ ਨਹੀਂ ਕਰਦੇ ਤਾਂ ਕੀ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਆਗਿਆਕਾਰ ਹੋਵੇਗੀ ਤੇ ਸਾਡੇ ਅਰਮਾਨਾਂ ‘ਤੇ ਖਰਾ ਉੱਤਰੇਗੀ?।

ਇਨ੍ਹਾਂ ਦਿਵਸਾਂ ਦੀ ਸਾਰਥਿਕਤਾ ਇਸ ਗੱਲ ‘ਚ ਹੈ ਕਿ ਔਲਾਦ ਆਪਣੇ ਮਾਪਿਆਂ ਦੀ ਦੇਣ, ਸੰਘਰਸ਼ ਤੇ ਉਨ੍ਹਾਂ ਲਈ ਕੀਤੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖੇ ਉਦੋਂ ਦਿਲ ‘ਚੋਂ ਚੀਸ ਨਿੱਕਲਦੀ ਹੈ ਜਦ ਲੋਕ ਕਹਿੰਦੇ ਹਨ ਸਾਡੇ ਬੁੜ੍ਹੇ ਨੇ ਸਾਡੇ ਲਈ ਕੀ ਕੀਤਾ ਹੈ ਜਿਨ੍ਹਾਂ ਕੁ ਉਨ੍ਹਾਂ ਨੂੰ ਗਿਆਨ ਸੀ, ਸ਼ਕਤੀ ਤੇ ਸਰਮਾਇਆ ਸੀ ਉਸ ਨਾਲ ਲਾਜ਼ਮੀ ਹੀ ਉਨ੍ਹਾਂ ਨੇ ਚੰਗੇਰਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ।

ਕਿਸੇ ਵਿਦਵਾਨ ਨੇ ਕਿਹਾ ਹੈ ਆਪਣੀ ਜ਼ਿੰਦਗੀ ‘ਚ ਦੋ ਵਿਅਕਤੀਆਂ ਨੂੰ ਕਦੇ ਨਾ ਭੁੱਲੋ, ਇੱਕ (ਪਿਤਾ) ਉਹ ਜੋ ਤੁਹਾਨੂੰ ਕਿਸੇ ਮੁਕਾਮ ‘ਤੇ ਪਹੁੰਚਾਉਣ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਰਹਿੰਦਾ ਹੈ ਦੂਜਾ ਉਹ (ਮਾਤਾ) ਜੋ ਹਰ ਦੁੱਖ ਦਰਦ ‘ਚ ਤੁਹਾਡਾ ਸਾਥ ਦਿੰਦੀ ਹੈ ਇਸ ਲਈ ਇਹ ਬੇਹੱਦ ਜ਼ਰੂਰੀ ਹੈ ਲੋਕ ਆਪਣੀ ਜਿੰਮੇਵਾਰੀ ਸਮਝਣ ਤੇ ਮਾਪਿਆਂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਕੋਸ਼ਿਸ਼ ਕਰਨ ਮਾਪੇ ਸਦਾ ਕੋਲ ਨਹੀਂ ਰਹਿੰਦੇ ਉਨ੍ਹਾਂ ਦਾ ਵਿਛੋੜਾ ਹੀ ਉਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਉਂਦਾ ਹੈ ਬਜ਼ਰਗ ਦੁਆਵਾਂ ਤੇ ਤਜ਼ਰਬੇ ਦੇ ਭੰਡਾਰ ਹੁੰਦੇ ਹਨ, ਇਸਦਾ ਲਾਹਾ ਲਿਆ ਜਾਣਾ ਚਾਹੀਦਾ ਹੈ।

ਬਜ਼ੁਰਗ ਵੀ ਸਾਰਥਿਕ ਸੋਚ ਅਪਣਾਉਣ ਜੇ ਉਨ੍ਹਾਂ ਦੀ ਸਲਾਹ ਨਹੀਂ ਪੁੱਛੀ ਜਾਂਦੀ ਤਾਂ ਆਪਣੀ ਟੰਗ ਨਾ ਅੜਾਉਣ ਚੌਧਰ ਵਾਲੀ ਬਿਰਤੀ ਉਨ੍ਹਾਂ ਨੂੰ ਵੀ ਤਿਆਗਣੀ ਚਾਹੀਦੀ ਹੈ ਤੇ ਹਰ ਹੀਲੇ ਸੰਤੁਸ਼ਟੀ ਵਾਲਾ ਜੀਵਨ ਜਿਉਣ ਦੀ ਜਾਚ ਸਿੱਖਣੀ ਪਵੇਗੀ ਸਭ ਤੋਂ ਵੱਡੀ ਗੱਲ ਦੋਵੇਂ ਪੀੜ੍ਹੀਆਂ ਆਪਸ ‘ਚ ਵਿਚਾਰਕ ਮੱਤਭੇਦ ਖਤਮ ਕਰਨ ਤੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ।