ਦਾਜ ਵਾਲੀ ਮਾਨਸਿਕਤਾ ਬਦਲਣ ਦੀ ਲੋੜ

Change, Dowry, Mindset

ਪਰਮਜੀਤ ਕੌਰ ਸਿੱਧੂ

ਬਦਲਦੇ ਸਮੇਂ ਦੇ ਨਾਲ ਕਈ ਸਮਾਜਿਕ ਕੁਰੀਤੀਆਂ ਤਾਂ ਖਤਮ ਹੋ ਗਈਆਂ, ਪਰ ਦਹੇਜ਼ ਪ੍ਰਥਾ ਸਮਾਜ ਵਿੱਚ ਜਿਉਂ ਦੀ ਤਿਉਂ ਆਪਣੇ ਪੈਰ ਜਮਾਈ ਬੈਠੀ ਹੈ ਭਾਵੇਂ ਸਮਾਜ ਦੇ ਕਈ ਸੂਝਵਾਨਾਂ ਵੱਲੋਂ ਇਸ ਨੂੰ ਖਤਮ ਕਰਨ ਦੀ ਮੰਗ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਹੈ, ਪਰ ਇਹ ਪ੍ਰਥਾ ਸਿੱਧੇ-ਅਸਿੱਧੇ ਹਾਲੇ ਵੀ ਸਮਾਜ ਅੰਦਰ ਮੌਜੂਦ ਹੈ ਅਮੀਰਾਂ ਦੀ ਦੇਣ ਇਸ ਪ੍ਰਥਾ ਦਾ ਦੁੱਖ ਸਭ ਤੋਂ ਵੱਧ ਗਰੀਬਾਂ ਨੂੰ ਭੁਗਤਣਾ ਪੈਂਦਾ ਹੈ ਅਮੀਰ ਤਾਂ ਸ਼ੌਂਕ ਅਤੇ ਸਟੇਟਸ ਲਈ ਲੱਖਾਂ ਰੁਪਏ ਵਿਆਹ ‘ਤੇ ਲਾ ਦਿੰਦਾ ਹੈ, ਪਰ ਗਰੀਬ ਨੂੰ ਤਾਂ ਪੈਸਾ-ਪੈਸਾ ਜੋੜ ਕੇ ਹੱਥ ਤੰਗ ਕਰਕੇ ਵਿਆਹ ‘ਤੇ ਲਾਉਣੇ ਪੈਂਦੇ ਹਨ ਅਤੇ ਕਈਆਂ ਉੱਪਰ ਤਾਂ ਫਿਰ ਵੀ ਕਰਜ਼ਾ ਚੜ੍ਹ ਜਾਂਦਾ ਹੈ।

ਕੁੜੀ ਨੂੰ ਉਸ ਦੇ ਵਿਆਹ ਮੌਕੇ ਉਸ ਦੇ ਮਾਪਿਆਂ ਦੁਆਰਾ ਮਹਿੰਗੇ ਤੋਹਫੇ, ਗਹਿਣੇ ਅਤੇ ਧਨ ਦੇਣ ਦਾ ਰਿਵਾਜ਼ ਜਗੀਰਦਾਰੀ ਸਮਾਜ ਦੇ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ।  ਰਾਜੇ ਅਤੇ ਵੱਡੇ ਜਗੀਰਦਾਰ ਆਪਣੀਆਂ ਕੁੜੀਆਂ ਦੇ ਵਿਆਹ ‘ਤੇ ਇੱਕ-ਦੂਜੇ ਤੋਂ ਵਧ-ਚੜ੍ਹ ਕੇ ਦਹੇਜ਼ ਦਿੰਦੇ ਸਨ। ਇਸ ਪਿੱਛੇ ਉਨ੍ਹਾਂ ਦੇ ਸਮਾਜਿਕ ਰੁਤਬੇ ਤੇ ਸ਼ਾਨੋ-ਸ਼ੌਕਤ ਦਾ ਪ੍ਰਗਟਾਵਾ ਸੀ। ਨਾ ਸਿਰਫ ਅਮੀਰ ਘਰਾਣੇ, ਸਗੋਂ ਆਮ ਲੋਕਾਂ ਵਿੱਚ ਵੀ ਇਹ ਪ੍ਰਥਾ ਉਦੋਂ ਮਸ਼ਹੂਰ ਸੀ। ਇਸ ਲਈ ਪੁਰਾਣੇ ਸਮੇਂ ਇਹ ਪ੍ਰਥਾ ਲੋਕਾਂ ਦੇ ਜੀਵਨ ਨਾਲ ਸਬੰਧਿਤ ਰਹੀ ਹੈ, ਪਰ ਅੱਜ 21ਵੀਂ ਸਦੀ ਵਿੱਚ ਵੀ ਇਹ ਰੂੜੀਵਾਦੀ ਪ੍ਰਥਾ ਲੋਕਾਂ ਦੀ ਮਾਨਸਿਕਤਾ ਅੰਦਰ ਘਰ ਬਣਾਈ ਬੈਠੀ ਹੈ।

ਇਹ ਪ੍ਰਥਾ ਪਹਿਲੇ ਸਮੇਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਰੂਪ ਧਾਰਨ ਕਰ ਗਈ ਹੈ, ਕਿਉਂਕਿ ਸਰਮਾਏਦਾਰੀ ਸਮਾਜ ਵਿੱਚ ਹਰ ਚੀਜ਼ ਮੁਨਾਫੇ ਜਾਂ ਵੱਧ ਤੋਂ ਵੱਧ ਧਨ ਇਕੱਤਰ ਕਰਨ ਦੇ ਪੱਖ ਤੋਂ ਦੇਖੀ ਜਾਂਦੀ ਹੈ ਤਾਂ ਵਿਆਹ ਪ੍ਰਣਾਲੀ ਵੀ ਧਨ ਇਕੱਠਾ ਕਰਨ ਦਾ ਅੱਜ ਸਾਧਨ ਬਣ ਗਈ ਹੈ। ਸਮਾਜ ਦਾ ਹਰ ਤਬਕਾ ਗਰੀਬ, ਅਮੀਰ ਅਤੇ ਮੱਧ-ਵਰਗ ਵਿਆਹਾਂ ‘ਤੇ ਦਹੇਜ਼ ਦਾ ਲੈਣ-ਦੇਣ ਕਰਦਾ ਹੈ। ਦਾਜ-ਦਹੇਜ਼ ਉਨ੍ਹਾਂ ਨੂੰ ਸਮਾਜਿਕ ਕੁਰੀਤੀ ਦੇ ਰੂਪ ਵਿੱਚ ਨਜ਼ਰ ਨਹੀਂ ਆਉਂਦਾ, ਸਗੋਂ ਮਹੱਤਵਪੂਰਨ ਰਸਮ ਮੰਨਿਆ ਜਾਂਦਾ ਹੈ। ਦੂਜੇ ਪਾਸੇ ਕੁੜੀ ਦੇ ਜਨਮ ਤੋਂ ਹੀ ਪਰਿਵਾਰ ਨੂੰ ਉਸ ਦੇ ਵਿਆਹ ਦਾ ਫਿਕਰ ਖਾਣ ਲੱਗ ਜਾਂਦਾ ਹੈ।  ਖੌਰੇ, ਇਸੇ ਕਾਰਨ ਹੀ ਅੱਜ ਵੀ ਕਈ ਘਰਾਂ ਵਿੱਚ ਲੜਕੀ ਪੈਦਾ ਹੋਣ ‘ਤੇ ਸੋਗ ਦਾ ਮਾਹੌਲ ਜਿਹਾ ਬਣ ਜਾਂਦਾ ਹੈ। ਤਾਜ਼ਾ ਹਲਾਤਾਂ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਵਿਆਹ ਮੌਕੇ ਮਾਪਿਆਂ ਵੱਲੋਂ ਆਪਣੀ ਲੜਕੀ ਨੂੰ ਦਾਜ ਦੇਣ ਤੋਂ ਮਗਰੋਂ ਵੀ ਲੜਕੀ ਦੇ ਸਹੁਰਿਆਂ ਵੱਲੋਂ ਉਸ ਨੂੰ ਲਗਾਤਾਰ ਹੋਰ ਦਾਜ਼ ਲਿਆਉਣ ਲਈ ਦਬਾਅ ਪਾਇਆ ਜਾਂਦਾ ਹੈ।  ਦਾਜ ਲਿਆਉਣ ਲਈ ਜਾਂ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਾਂ ਫਿਰ ਸਰੀਰਕ ਤੇ ਮਾਨਸਿਕ ਹਿੰਸਾ ਕਾਰਨ ਕਈ ਵਿਆਹੁਤਾ ਖੁਦਕੁਸ਼ੀ ਕਰ ਲੈਂਦੀਆਂ ਹਨ ਅਤੇ ਕਈਆਂ ਨੂੰ ਸਹੁਰਿਆਂ ਵੱਲੋਂ ਮਾਰ ਦਿੱਤਾ ਜਾਂਦਾ ਹੈ।

ਸਾਡੇ ਭਾਰਤ ਵਿੱਚ ਕਈ ਜ਼ੁਲਮ ਅਜਿਹੇ ਹਨ, ਜਿਨ੍ਹਾਂ ਨੂੰ ਜ਼ੁਲਮ ਮੰਨਿਆ ਹੀ ਨਹੀਂ ਜਾਂਦਾ, ਸਗੋਂ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਆਮ ਜਿਹੀ ਗੱਲ ਸਮਝੀ ਜਾਂਦੀ ਹੈ, ਜਿਵੇਂ ਲੜਕੇ ਅਤੇ ਲੜਕੀ ਵਿੱਚ ਭੇਦ-ਭਾਵ, ਔਰਤਾਂ ‘ਤੇ ਪਾਬੰਦੀਆਂ ਆਦਿ। ਇਨ੍ਹਾਂ ਵਿੱਚੋਂ ਦਹੇਜ਼ ਵੀ ਅਜਿਹੀ ਪ੍ਰਥਾ ਹੈ, ਜਿਸ ਨੂੰ ਸਮਾਜ ਨੇ ਕੋਈ ਕੁਰੀਤੀ ਜਾਂ ਔਰਤ ਵਿਰੋਧੀ ਪ੍ਰਥਾ ਮੰਨਣਾ ਸਿੱਖਿਆ ਹੀ ਨਹੀਂ। ਵੇਖਿਆ ਜਾਵੇ ਤਾਂ ਬਚਪਨ ਤੋਂ ਨਿੱਕੀ ਬਾਲੜੀ ਨੂੰ ਪਾਲਣ-ਪੋਸਣ ਸਮੇਂ ਦਹੇਜ਼ ਬਾਰੇ ਗੱਲਾਂ ਘਰਾਂ ਵਿੱਚ ਆਮ ਵਿਸ਼ੇ ਹੁੰਦੇ ਹਨ।  ਕੁੜੀਆਂ ਅਤੇ ਮੁੰਡਿਆਂ ਦੀ ਮਾਨਸਿਕਤਾ ਅਜਿਹੀ ਬਣਾਈ ਜਾਂਦੀ ਹੈ ਕਿ ਉਨ੍ਹਾਂ ਨੂੰ ਦਾਜ ਦਾ ਲੈਣ-ਦੇਣ ਕੋਈ ਓਪਰੀ ਗੱਲ ਹੀ ਨਾ ਲੱਗੇ। ਹਰ ਲੜਕੀ ਦੇ ਪਰਿਵਾਰ (ਖਾਸ ਕਰ ਮੱਧ-ਵਰਗ ਅਤੇ ਹੇਠਲੇ-ਵਰਗ) ਨੂੰ ਅੰਦਰੋਂ-ਅੰਦਰੀ ਦਹੇਜ਼ ਦੇਣ ਦੀ ਚਿੰਤਾ ਵੀ ਸਤਾਉਂਦੀ ਹੈ। ਇਸੇ ਲਈ ਕੁੜੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਅਤੇ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਪੈਦਾ ਹੁੰਦੀਆਂ ਹਨ।  ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਦਹੇਜ਼ ਵਰਗੀਆਂ ਅਲਾਮਤਾਂ ਨੂੰ ਲੋਕਾਂ ਦੀ ਮਾਨਸਿਕਤਾ ਵਿੱਚੋਂ ਕੱਢਣਾ ਕੋਈ ਜਾਦੂ ਦੀ ਛੜੀ ਘੁਮਾਉਣ ਵਾਲਾ ਕੰਮ ਨਹੀਂ, ਲੋਕਾਂ ਦੀ ਸੋਚ ਬਦਲਣ ਦੀ ਲੋੜ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here