ਬੇਤੁਕੇ ਬਿਆਨਾਂ ਤੋਂ ਬਚਣ ਦੀ ਜ਼ਰੂਰਤ

Avoid Absurd Statements Sachkahoon

ਬੇਤੁਕੇ ਬਿਆਨਾਂ ਤੋਂ ਬਚਣ ਦੀ ਜ਼ਰੂਰਤ

ਸਮੇਂ ਦੀ ਜਿੰਨੀ ਬੇਕਦਰੀ ਭਾਰਤੀ ਕਰਦੇ ਹਨ ਓਨੀ ਸ਼ਾਇਦ ਹੀ ਕੋਈ ਅਗੇ ਵਧ ਰਿਹਾ ਮੁਲਕ ਕਰਦਾ ਹੋਵੇ ਇਹੀ ਕਾਰਨ ਹੈ ਕਿ ਅਸੀਂ ਬਹੁਤ ਪਿੱਛੇ ਹਾਂ ਤਿੰਨ ਮਹੀਨਿਆਂ ਦਾ ਕੰਮ ਸਾਲ ’ਚ ਹੁੰਦਾ ਹੈ ਤੇ ਬੇਤੁਕੀਆਂ ਗੱਲਾਂ ਕਾਰਨ ਲੋਕ ਬਿਨਾ ਵਜ੍ਹਾ ਗੁੰਮਰਾਹ ਹੁੰਦੇ ਹਨ ਤੇ ਆਪਣਾ ਨੁਕਸਾਨ ਵੀ ਕਰਵਾ ਲੈਂਦੇ ਹਨ । ਇਸ ਨਾਲ ਸਰਕਾਰਾਂ ਦਾ ਧਿਆਨ ਵੀ ਵੰਡਿਆ ਜਾਂਦਾ ਹੈ । ਤਾਜ਼ਾ ਮਾਮਲਾ ਯੋਗ ਮਾਹਿਰ ਰਾਮਦੇਵ ਦਾ ਹੈ ਜਿਸ ਨੇ ਐਲੋਪੈਥੀ ਬਾਰੇ ਕਾਫ਼ੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਅਖੀਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਿਰੋਧ ਤੇ ਕੇਂਦਰੀ ਸਿਹਤ ਮੰਤਰੀ ਦੀ ਪ੍ਰਤੀਕਿਰਿਆ ਤੋਂ ਬਾਅਦ ਉਸ ਨੇ ਆਪਣਾ ਬਿਆਨ ਵਾਪਸ ਲੈ ਲਿਆ।

ਦਰਅਸਲ ਇਹ ਸਮਾਂ ਅਜਿਹੀਆਂ ਟਿੱਪਣੀਆਂ ਲਈ ਬਿਲਕੁਲ ਨਹੀਂ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ’ਚ ਕਰੋੜਾਂ ਲੋਕਾਂ ਦਾ ਇਲਾਜ ਅੰਗਰੇਜ਼ੀ ਦਵਾਈਆਂ ਨਾਲ ਹੋ ਰਿਹਾ ਹੈ ਐਲੋਪੈਥੀ ਦੇ ਤਹਿਤ ਆਕਸੀਜਨ, ਵੈਂਟੀਲੇਟਰ ਤੇ ਦਵਾਈਆਂ ਨਾਲ ਕਰੋੜਾਂ ਮਰੀਜ਼ਾਂ ਦੀ ਜ਼ਿੰਦਗੀ ਬਚੀ ਹੈ ਆਯੁਰਵੈਦ ਦਾ ਆਪਣਾ ਮਹੱਤਵ ਹੈ ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਆਯੁਰਵੈਦਿਕ ਕਾੜ੍ਹੇ, ਪ੍ਰਾਣਾਯਾਮ ਤੇ ਮੈਡੀਟੇਸ਼ਨ ਨੇ ਮਰੀਜ਼ਾਂ ਨੂੰ ਹਿੰਮਤ ਹੌਂਸਲਾ ਦਿੱਤਾ ਹੈ ਪਰ ਦੋ ਇਲਾਜ ਪ੍ਰਣਾਲੀਆਂ ਨੂੰ ਇੱਕ-ਦੂਜੇ ਦੇ ਵਿਰੋਧ ’ਚ ਖੜ੍ਹਾ ਕਰਨਾ ਹੀ ਭਾਰਤੀ ਦਰਸ਼ਨ, ਵਿਚਾਰਧਾਰਾ, ਇਤਿਹਾਸ ਤੇ ਸਿਧਾਂਤ ਦੇ ਹੀ ਉਲਟ ਹੈ । ਕਿਸੇ ਵੀ ਇਲਾਜ ਪ੍ਰਣਾਲੀ ਦਾ ਆਪਣਾ ਮਹੱਤਵ ਹੈ ਇਲਾਜ ਸ਼ਬਦ ਆਪਣੇ-ਆਪ ’ਚ ਮਨੁੱਖੀ ਜ਼ਿੰਦਗੀ ਦੇ ਬਚਾਅ ਨਾਲ ਜੁੜਿਆ ਹੈ ਕੋਈ ਵੀ ਦਵਾਈ ਕਿਸੇ ਰੋਗੀ ਨੂੰ ਮਾਰਨ ਲਈ ਨਹੀਂ ਤਿਆਰ ਕੀਤੀ ਜਾਂਦੀ ਸਗੋਂ ਹਰ ਦਵਾਈ ਦਾ ਮਕਸਦ ਮਰੀਜ਼ ਦੀ ਜਾਨ ਬਚਾਉਣਾ ਹੁੰਦਾ ਹੈ।  ਅਜਿਹੇ ਹਾਲਾਤਾਂ ’ਚ ਇਲਾਜ ਪ੍ਰਣਾਲੀਆਂ ਬਾਰੇ ਗੈਰ-ਵਿਗਿਆਨਕ, ਅਸੰਤੁਲਿਤ ਤੇ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ ਮਰੀਜ਼ਾਂ ਦਾ ਹੌਂਸਲਾ ਤੋੜਨ ਵਾਲੀਆਂ ਹਨ ਹੌਂਸਲਾ ਤੇ ਆਤਮਬਲ ਮਰੀਜ਼ ਦੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ।

ਜੇਕਰ ਇਹ ਕਹੀਏ ਕਿ 50 ਫੀਸਦ ਤੋਂ ਵੱਧ ਰੋਲ ਹੌਂਸਲੇ ਤੇ ਆਤਮਬਲ ਦਾ ਹੁੰਦਾ ਹੈ ਤਾਂ ਗਲਤ ਨਹੀਂ ਹੋਵੇਗਾ ਇਹ ਵੀ ਦੱਸਣਯੋਗ ਹੈ?ਕਿ ਪਹਿਲਾਂ ਹੀ ਅਫਵਾਹਾਂ ਕਰਕੇ ਲੋਕ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਹਸਪਤਾਲ ’ਚ ਕਰਵਾਉਣ ਤੋਂ ਝਿਜਕਦੇ ਸਨ । ਆਮ ਤੌਰ ’ਤੇ ਪਿੰਡਾਂ ਦੇ ਲੋਕ ਕਹਿ ਦਿੰਦੇ ਸਨ ਕਿ ਕੋਰੋਨਾ ਮਰੀਜ਼ ਹਸਪਤਾਲ ਜਾਏਗਾ ਤਾਂ ਮਰ ਕੇ ਹੀ ਆਏਗਾ ਅਜਿਹੇ ਮਾਹੌਲ ’ਚ ਐਲੋਪੈਥੀ ਵਿਰੋਧੀ ਟਿੱਪਣੀ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾਉਂਦੀਆਂ ਹਨ ਜਦੋਂਕਿ ਸੱਚਾਈ ਇਹ ਹੈ ਕਿ ਕਰੋੜਾਂ ਲੋਕ ਹਸਪਤਾਲਾਂ ’ਚੋਂ ਠੀਕ ਹੋ ਕੇ ਆਏ ਹਨ। ਇਸ ਲਈ ਜ਼ਰੂਰੀ ਹੈ?ਕਿ ਜਦੋਂ ਮਨੁੱਖੀ ਜ਼ਿੰਦਗੀਆਂ ਦਾ ਮਸਲਾ ਹੋਵੇ ਤਾਂ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ ਤੇ ਬੇਬੁਨਿਆਦ ਟਿੱਪਣੀਆਂ ਤੋਂ ਪਰਹੇਜ਼ ਕੀਤਾ ਜਾਏ ਇਹ ਦੇਸ਼ ਤੇ ਜਨਤਾ ਦੇ ਹਿੱਤ ’ਚ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।