ਸਭ ਤੋਂ ਵੱਧ ਦਲਿਤਾਂ ਨੂੰ ਬਣਾਇਆ ਜਾ ਰਿਹੈ ਸ਼ਿਕਾਰ, ਬਰਦਾਸ਼ਤ ਤੋਂ ਬਾਹਰ : ਕਥੇਰੀਆ
- ਪੰਜਾਬ ਦੇ ਦੌਰੇ ‘ਤੇ ਆਏ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ, ਪੁਲਿਸ ਅਧਿਕਾਰੀ ਨਹੀਂ ਲਾ ਰਹੇ ਹਨ ਐਸ.ਸੀ. ਐਸ.ਟੀ ਐਕਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਰਕਾਰ ਤੋਂ ਕਾਫ਼ੀ ਜਿਆਦਾ ਨਰਾਜ ਹੋ ਗਿਆ ਹੈ, ਦੋਸ਼ ਲਾਇਆ ਹੈ ਕਿ ਪੰਜਾਬ ਵਿੱਚ ਦਲਿਤਾਂ ਨੂੰ ਮਾਨ ਸਨਮਾਨ ਨਾਲ ਸਹੂਲਤਾਂ ਦੇਣ ਦੀ ਥਾਂ ‘ਤੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਜਿੱਥੇ ਦਲਿਤਾਂ ਵੱਲੋਂ ਦਿੱਤੀ ਜਾਣ ਵਾਲੀ ਸ਼ਿਕਾਇਤ ‘ਤੇ ਪੁਲਿਸ ਐਸ.ਸੀ. ਐਸ.ਟੀ. ਐਕਟ ਨਹੀਂ ਲਗਾ ਰਹੀਂ ਹੈ, ਉਥੇ ਹੀ ਦੋਸ਼ੀਆਂ ਨੂੰ ਬਚਾਉਣ ਲਈ ਚਾਰਜ਼ਸੀਟ ਹੀ ਅਦਾਲਤ ਵਿੱਚ ਦਾਖ਼ਲ ਨਹੀਂ ਕੀਤੀ ਜਾ ਰਹੀ ਹੈ। ਕਈ ਮਾਮਲੇ ਵਿੱਚ ਤਾਂ ਪੰਜਾਬ ਪੁਲਿਸ ਨੇ ਦੋਸ਼ੀਆਂ ਨਾਲ ਸਮਝੌਤਾ ਕਰਨ ਲਈ ਦਲਿਤਾਂ ‘ਤੇ ਦਬਾਓ ਤੱਕ ਪਾਇਆ ਹੈ।
ਪੰਜਾਬ ਦੇ ਦੌਰੇ ‘ਤੇ ਪੂਰਾ ਕੇਂਦਰੀ ਐਸ.ਸੀ. ਕਮਿਸ਼ਨ ਆਇਆ ਹੋਇਆ ਹੈ ਅਤੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੋਸ਼ ਕੇਂਦਰੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਰਾਮ ਸ਼ੰਕਰ ਕਥੇਰੀਆ ਨੇ ਲਾਏ ਹਨ। ਚੇਅਰਮੈਨ ਰਾਮ ਸ਼ੰਕਰ ਕਥੇਰੀਆ ਨੇ ਕਿਹਾ ਕਿ ਦੇਸ਼ ਵਿੱਚ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਅਤੇ ਦਲਿਤਾਂ ਨੂੰ ਨਿਯਮਾਂ ਅਨੁਸਾਰ ਸਹੂਲਤਾ ਦਿਵਾਉਣ ਲਈ ਕਮਿਸ਼ਨ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਪਰ ਪੰਜਾਬ ਵਰਗੇ ਸੂਬੇ ਵਿੱਚ ਆ ਕੇ ਮਹਿਸੂਸ ਹੋਇਆ ਹੈ ਕਿ ਦਲਿਤਾਂ ‘ਤੇ ਅੱਜ ਵੀ ਜਿਸ ਤਰੀਕੇ ਨਾਲ ਅੱਤਿਆਚਾਰ ਹੋ ਰਿਹਾ ਹੈ, ਉਸ ਨੂੰ ਰੋਕਣ ਦੀ ਜ਼ਰੂਰਤ ਹੈ।
ਦਲਿਤਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ‘ਤੇ ਪੁਲਿਸ ਲੱਗੀ ਹੋਈ ਐ ਸਮਝੌਤੇ ਕਰਵਾਉਣ
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਦਲਿਤ ਲੜਕੀਆਂ ਨਾਲ ਸ਼ਰੇਆਮ ਬਲਤਕਾਰ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਪੁਲਿਸ ਤੇਜੀ ਕਰਨ ਦੀ ਥਾਂ ‘ਤੇ ਦੇਰੀ ਕਰਨ ਵਿੱਚ ਲਗੀ ਹੋਈ ਹੈ। ਜਿਸ ਦਾ ਫਾਇਦਾ ਸਿੱਧੇ ਤੌਰ ‘ਤੇ ਦੋਸ਼ੀਆ ਨੂੰ ਮਿਲ ਰਿਹਾ ਹੈ ਅਤੇ ਦਲਿਤਾਂ ਨੂੰ ਇਨਸਾਫ਼ ਲਈ ਭਟਕਣਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਦਲਿਤਾਂ ਲਈ ਦਿੱਤੇ ਜਾਣ ਵਾਲੇ ਪੈਸੇ ਨੂੰ ਵੀ ਸਰਕਾਰ ਖ਼ਰਚ ਨਹੀਂ ਰਹੀਂ ਹੈ, ਜਦੋਂ ਕਿ ਜਿਹੜਾ ਬਜਟ ਖ਼ੁਦ ਸੂਬਾ ਸਰਕਾਰ ਨੇ ਰੱਖਣਾ ਸੀ, ਉਸ ਦਾ ਨਾਮੋਨਿਸ਼ਾਨ ਹੀ ਨਹੀਂ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਸਕੀਮਾਂ ਦੀ ਰਿਪੋਰਟ ਬਦ ਤੋਂ ਬਦਤਰ ਹੈ, ਜਿਸ ਤੋਂ ਕਮਿਸ਼ਨ ਖ਼ੁਸ ਨਹੀਂ ਹੈ।
ਉਨਾਂ ਕਿਹਾ ਕਿ ਪੰਜਾਬ ਵਿੱਚ ਦਲਿਤ ਅਤਿਆਚਾਰ ਹੋਣ ‘ਤੇ ਜਦੋਂ ਸਿਕਾਇਤ ਦਰਜ਼ ਕਰਵਾਉਂਦੇ ਹਨ ਤਾਂ ਪੁਲਿਸ ਐਸ.ਸੀ. ਐਸ ਟੀ ਐਕਟ ਹੀ ਨਹੀਂ ਲਗਾ ਰਹੀਂ ਹੈ, ਜਿਸ ਨਾਲ ਦਲਿਤਾਂ ਨੂੰ ਇਨਸਾਫ਼ ਦੇ ਨਾਲ ਹੀ ਮੁਆਵਜਾ ਤੱਕ ਨਹੀਂ ਮਿਲ ਪਾ ਰਿਹਾ ਹੈ। ਇਥੇ ਹੀ ਜਿਆਦਾਤਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਅਦਾਲਤਾਂ ਵਿੱਚ ਜਿਥੇ ਚਲਾਨ ਹੀ ਪੇਸ਼ ਨਹੀਂ ਕੀਤਾ ਹੈ
ਰਾਮ ਸ਼ੰਕਰ ਕਥੇਰੀਆ ਨੇ ਕਿਹਾ ਕਿ ਪੰਜਾਬ ਮੁੱਖ ਸਕੱਤਰ ਅਤੇ ਸੀਨੀਅਰ ਪੁਲਿਸ ਅਧਿਕਾਰੀਆ ਨਾਲ ਮੀਟਿੰਗ ਕਰਦੇ ਹੋਏ ਉਨਾਂ ਨੇ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਸੈਕਸ਼ਨ 4 ਦੇ ਤਹਿਤ ਜਿਨਾਂ ਪੁਲਿਸ ਅਧਿਕਾਰੀਆਂ ਨੇ ਚਲਾਨ ਪੇਸ਼ ਕਰਨ ਵਿੱਚ ਦੇਰੀ ਕਰਨ ਜਾਂ ਫਿਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਦੇ ਨਾਲ ਹੀ ਐਸ.ਸੀ. ਐਸ.ਟੀ. ਐਕਟ ਜਾਣਬੁੱਝ ਕੇ ਨਹੀਂ ਲਗਾਇਆ ਹੈ, ਉਨਾਂ ਖ਼ਿਲਾਫ਼ 2 ਮਹੀਨੇ ਵਿੱਚ ਕਾਰਵਾਈ ਕਰਦੇ ਹੋਏ ਰਿਪੋਰਟ ਸੌਪੀ ਜਾਵੇ, ਨਹੀਂ ਤਾਂ ਸੀਨੀਅਰ ਅਧਿਕਾਰੀਆ ਖ਼ਿਲਾਫ਼ ਕਾਰਵਾਈ ਕਰਨ ਲਈ ਉਹ ਰਾਸ਼ਟਰਪਤੀ ਨੂੰ ਸਿਕਾਇਤ ਕਰ ਦੇਣਗੇ। ਚੇਅਰਮੈਨ ਰਾਮ ਸ਼ੰਕਰ ਕਥੇਰੀਆ ਦੇ ਨਾਲ ਹੀ ਉੱਪ ਚੇਅਰਮੈਨ ਏ.ਐਲ. ਮੁਰਗਮ, ਅਤੇ 3 ਹੋਰ ਮੈਂਬਰ ਆਏ ਹੋਏ ਸਨ।
ਅਮਰਿੰਦਰ ਨੇ ਕਰਵਾਇਆ ਇੰਤਜ਼ਾਰ ਤਾਂ ਗੁੱਸੇ ‘ਚ ਕਮਿਸ਼ਨ
ਕੇਂਦਰੀ ਐਸ.ਸੀ. ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸ਼ਾਮ 5 ਵਜੇ ਮੀਟਿੰਗ ਕਰਨੀ ਸੀ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਜਿਉਂ ਹੀ ਉਹ 4:50 ‘ਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਤੁਰੇ ਤਾਂ ਉਨ੍ਹਾਂ ਨੂੰ ਇੱਕ ਅਧਿਕਾਰੀ ਰਾਹੀਂ ਸੂਚਿਤ ਕੀਤਾ ਗਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਲਈ 15 ਮਿੰਟ ਇੰਤਜ਼ਾਰ ਕਰਨਾ ਪਏਗਾ ਅਤੇ ਰਿਹਾਇਸ਼ ‘ਤੇ ਹੁਣ 5:15 ਤੱਕ ਹੀ ਜਾ ਸਕਦੇ ਹਨ, ਇਸ ਲਈ ਪੰਜਾਬ ਭਵਨ ਵਿਖੇ ਹੀ ਇੰਤਜ਼ਾਰ ਕਰਨ।
ਇਹ ਸੁਣ ਕੇ ਚੇਅਰਮੈਨ ਰਾਮ ਸ਼ੰਕਰ ਕਥੇਰੀਆ ਗੁੱਸੇ ਵਿੱਚ ਆ ਗਏ ਅਤੇ ਕਿਹਾ ਕਿ ਜੇਕਰ ਜਾਣਕਾਰੀ ਦੇਣੀ ਸੀ ਤਾਂ ਪਹਿਲਾਂ ਦੇਣੀ ਚਾਹੀਦੀ ਸੀ, ਉਹ ਜਲਦੀ ਵਿਚ ਪ੍ਰੈਸ ਕਾਨਫਰੰਸ ਵੀ ਖ਼ਤਮ ਕਰ ਚੁੱਕੇ ਹਨ ਪਰ ਬਾਅਦ ਵਿੱਚ ਠੰਢਾ ਹੁੰਦੇ ਹੋਏ ਕਿਹਾ ਕਿ ਹੁਣ ਕਰ ਵੀ ਕੀ ਸਕਦੇ ਹਾਂ? ਜਿਸ ਤੋਂ ਬਾਅਦ ਉਹ ਲਾਬੀ ਵਿੱਚ ਸੋਫੇ ‘ਤੇ ਬੈਠਦੇ ਹੋਏ ਆਪਣੇ ਮੈਂਬਰਾਂ ਸਣੇ ਪੰਜਾਬ ਸਰਕਾਰ ਨੂੰ ਹੀ ਕੋਸਦੇ ਰਹੇ।