ਚਰਨਜੀਤ ਸਿੰਘ ਚੰਨੀ ‘ਤੇ ਲਗਾਇਆ ਸੁਖਪਾਲ ਖਹਿਰਾ ਨੇ ਨਜਾਇਜ਼ ਮਾਈਨਿੰਗ ਦਾ ਦੋਸ਼ | Black Business Of Sand
- ਰਾਣਾ ਗੁਰਜੀਤ ਸਿੰਘ ਪਹਿਲਾਂ ਚੜ੍ਹ ਚੁੱਕੈ ਰੇਤ ਦੇ ਚੱਕਰ ‘ਚ ਭੇਂਟ, ਹੁਣ ਚੰਨੀ ਦਾ ਆਇਆ ਨਾਂਅ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਚਮਕੀਲੀ (Black Business Of Sand) ਰੇਤ ਦੇ ਚੱਕਰ ਵਿੱਚ ਕਾਲੇ ਕਾਰਨਾਮੇ ਕਰਨ ਵਾਲਿਆਂ ਦੀ ਲਿਸਟ ਵਿੱਚ ਹੁਣ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਵੀ ਆ ਗਿਆ ਹੈ, ਚਰਨਜੀਤ ਸਿੰਘ ਚੰਨੀ ਦੂਜੇ ਕੈਬਨਿਟ ਮੰਤਰੀ ਹਨ, ਜਿਨ੍ਹਾਂ ‘ਤੇ ਇਸ ਕਾਲੇ ਕਾਰੋਬਾਰ ਰਾਹੀਂ ਕਰੋੜਾਂ ਰੁਪਏ ਕਮਾਈ ਕਰਨ ਦਾ ਦੋਸ਼ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਦੋਸ਼ ਲੱਗਣ ਤੋਂ ਬਾਅਦ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਆਪਣਾ ਅਸਤੀਫ਼ਾ ਤੱਕ ਦੇਣਾ ਪਿਆ ਸੀ।
ਚਰਨਜੀਤ ਸਿੰਘ ਚੰਨੀ ‘ਤੇ ਰੇਤ ਦਾ ਕਾਲਾ ਕਾਰੋਬਾਰ ਦਾ ਦੋਸ਼ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਖੇ ਲਗਾਇਆ ਹੈ। ਖਹਿਰਾ ਨੇ ਕਿਹਾ ਕਿ ਚਰਨਜੀਤ ਸਿੰਘ ਆਪਣੇ ਭਤੀਜੇ ਅਤੇ ਇੱਕ ਹੋਰ ਸਾਥੀ ਰਾਹੀਂ ਇਸ ਕਾਲੇ ਕਾਰੋਬਾਰ ਨੂੰ ਕਰਨ ਵਿੱਚ ਲੱਗਿਆ ਹੋਇਆ ਹੈ। ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਗਾਉਂਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਸਥਿਤ ਮਲਿਕਪੁਰ ਖਦਾਨ ਲੁਧਿਆਣਾ ਦੇ ਕੁਦਰਤਦੀਪ ਸਿੰਘ ਨੂੰ ਅਲਾਟ ਹੋਈ ਹੈ।
ਕੁਦਰਤਦੀਪ ਸਿੰਘ ਦੇ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਦੇ ਨਾਲ ਨਜ਼ਦੀਕੀ ਸਬੰਧ ਹੀ ਨਹੀਂ ਸਗੋਂ ਦੋਵੇਂ ਬਿਜ਼ਨਸ ਪਾਰਟਨਰ ਵੀ ਹਨ। ਉਨ੍ਹਾਂ ਦੱਸਿਆ ਕਿ ਚੰਨੀ ਦੇ ਭਤੀਜੇ ਹਨੀ ਨੇ ਰੇਤ ਮਾਈਨਿੰਗ ਲਈ ਪੰਜਾਬ ਰੀਏਲ ਸਟੋਰ ਨਾਂਅ ਦੀ ਕੰਪਨੀ ਖੋਲ੍ਹ ਰੱਖੀ ਹੈ ਜਿਸ ਤੋਂ ਸਾਫ਼ ਹੈ ਕਿ ਰੇਤ ਦੀ ਖਦਾਨ ਹਾਸਲ ਕਰਨ ਲਈ ਕਾਲਾ ਪੈਸਾ ਇਸ ਕੰਪਨੀ ਰਾਹੀਂ ਖ਼ਰਚ ਕੀਤਾ ਗਿਆ ਹੈ। ਖਹਿਰਾ ਨੇ ਦੋਸ਼ ਲਗਾਇਆ ਕਿ ਕਾਗਜ਼ਾਂ ਵਿੱਚ ਇਹ ਕੰਪਨੀ ਬਹੁਤ ਹੀ ਜ਼ਿਆਦਾ ਛੋਟੀ ਹੈ ਅਤੇ ਇਹ ਕਰੋੜਾਂ ਰੁਪਏ ਦੀ ਰੇਤ ਮਾਈਨਿੰਗ ਦਾ ਲਾਇਸੰਸ ਲੈਣ ਦੀ ਹੈਸੀਅਤ ਹੀ ਨਹੀਂ ਰੱਖਦੀ ਹੈ। ਖਹਿਰਾ ਨੇ ਇਸ ਸਬੰਧੀ ਕੁਝ ਫੋਟੋਆਂ ਵੀ ਜਨਤਕ ਕੀਤੀਆਂ ਹਨ, ਜਿਨ੍ਹਾਂ ਵਿੱਚ ਕੁਦਰਤਦੀਪ ਸਿੰਘ ਅਤੇ ਹਨੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ।
ਸਾਬਤ ਕਰਨ ਜਾਂ ਕਾਨੂੰਨੀ ਕਾਰਵਾਈ ਤਿਆਰ ਰਹਿਣ ਖਹਿਰਾ : ਚੰਨੀ | Black Business Of Sand
ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਸੁਖਪਾਲ ਖਹਿਰਾ ਦੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਜਾਂ ਫਿਰ ਉਨ੍ਹਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਕਿਸੇ ਵੀ ਤਰ੍ਹਾਂ ਦਾ ਰੇਤ ਦਾ ਕੰਮ ਨਹੀਂ ਕਰਦਾ ਅਤੇ ਨਾ ਹੀ ਕਿਸੇ ਸਾਥੀ ਨਾਲ ਲੈਣ-ਦੇਣ ਹੈ। ਉਨ੍ਹਾਂ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੇਰੇ ਜਾਂ ਫਿਰ ਮੇਰੇ ਪਰਿਵਾਰਕ ਮੈਂਬਰ ਦਾ ਰੇਤ ਮਾਫੀਆ ਨਾਲ ਜੁੜੇ ਹੋਏ ਦਾ ਸਬੂਤ ਖਹਿਰਾ ਦੇਣ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਖਹਿਰਾ ਵੱਲੋਂ ਜਨਤਕ ਕੀਤੀਆਂ ਗਈਆਂ ਫੋਟੋਆਂ ਬਾਰੇ ਚਰਨਜੀਤ ਚੰਨੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫੋਟੋ ਧਰਨੇ ਪ੍ਰਦਰਸ਼ਨ ਜਾਂ ਫਿਰ ਰੈਲੀ ਦਰਮਿਆਨ ਹਰ ਕੋਈ ਖਿਚਵਾ ਲੈਂਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਹ ਉਨ੍ਹਾਂ ਦਾ ਸਾਥੀ ਜਾਂ ਫਿਰ ਕਾਰੋਬਾਰ ਵਿੱਚ ਹਿੱਸੇਦਾਰ ਹੈ।